ਸ਼ਾਹੀ ਸ਼ਹਿਰ ਪਟਿਆਲਾ ਵਿੱਚ ਗਰਜੇ ਹਜ਼ਾਰਾਂ ਕਿਸਾਨ
Posted on:- 15-05-2019
'ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਨਾਲ ਕੀਤੀਆਂ ਵਾਅਦਾ-ਖ਼ਿਲਾਫ਼ੀਆਂ ਦੇ ਵਿਰੁੱਧ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅੱਜ ਦਾਣਾ ਮੰਡੀ ਪਟਿਆਲਾ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਗਈ। ਇਸ ਵਿਸ਼ਾਲ ਰੈਲੀ ਵਿੱਚ ਸਮੁੱਚੇ ਪੰਜਾਬ ਖਾਸ ਕਰ ਮਾਲਵਾ ਬੈਲਟ ਵਿੱਚੋਂ ਹਜ਼ਾਰਾਂ ਦੀ ਤਾਦਾਦਚ ਕਿਸਾਨ ਪੂਰੇ ਜੋਸ਼-ਖਰੋਸ਼ ਨਾਲ ਮੋਦੀ ਅਤੇ ਕੈਪਟਨ ਨੂੰ ਲਲਕਾਰਦੇ ਅਕਾਸ਼ ਗੁੰਜਾਊ ਨਾਹਰੇ ਮਾਰਦੇ ਸ਼ਾਮਿਲ ਹੋਏ। ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ,ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਘੁੰਮ ਘੁੰਮ ਕੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਬਣਨ ਸਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਏਗਾ, ਕਿਸਾਨਾਂ ਨੂੰ ਫ਼ਸਲਾਂ ਦੇ ਭਾਅ 50% ਮੁਨਾਫ਼ੇ ਨਾਲ ਦੇਵੇਗਾ ਅਤੇ ਸਾਰੇ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇਗਾ,ਹਰ ਸਾਲ ਦੋ ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।
ਇਸੇ ਤਰਾਂ 2017 ਦੀਆਂ ਵਿਧਾਨ ਸਭਾਈ ਚੋਣਾਂ ਮੌਕੇ ਕੈਪਟਨ ਦੇ ਵਾਅਦਾ ਕੀਤਾ ਸੀ ਕਿ ਉਹ ਮੁੱਖ ਮੰਤਰੀ ਬਣਨ ਸਾਰ ਪੰਜਾਬ ਦੇ ਕਿਸਾਨਾਂ ਦੇ ਸਮੁੱਚੇ ਕਰਜ਼ਿਆਂ 'ਤੇ ਲੀਕ ਮਰਵਾ ਦੇਵੇਗਾ ਤੇ ਕਿਸੇ ਕਿਸਾਨ ਦੀ ਕਰਜ਼ੇ ਕਾਰਨ ਜ਼ਮੀਨ ਦੀ ਕੋਈ ਕੁਰਕੀ-ਨਿਲਾਮੀ ਨਹੀਂ ਹੋਵੇਗੀ। ਪਰ ਮੋਦੀ ਤੇ ਕੈਪਟਨ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਹਨ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਉਹ ਕੀਤੇ ਵਾਅਦਿਆਂ ਮੁਤਾਬਿਕ ਭਾਰਤ ਭਰ ਦੇ ਕਿਸਾਨਾਂ ਦੇ 17 ਲੱਖ ਕਰੋੜ ਦੇ ਸਮੁੱਚੇ ਕਰਜ਼ੇ ਉੱਤੇ ਲੀਕ ਮਾਰਨ, ਕਰਜ਼ਦਾਰਾਂ ਦੇ ਘਰ, ਜ਼ਮੀਨਾਂ ਆਦਿ ਦੀਆਂ ਕੁਰਕੀਆਂ-ਨਿਲਾਮੀਆਂ ਤੁਰੰਤ ਬੰਦ ਕੀਤੀਆਂ ਜਾਣ, ਕਿਸਾਨ ਤੋਂ ਲਏ ਚੈੱਕ ਵਾਪਸ ਕੀਤੇ ਜਾਣ, 60 ਸਾਲ ਦੀ ਉਮਰ ਤੋਂ ਬਾਅਦ ਹਰ ਕਿਸਾਨ ਨੂੰ ਚੌਥਾ ਦਰਜਾ ਕਰਮਚਾਰੀ ਦੇ ਬਰਾਬਰ ਬੁਢਾਪਾ ਪੈਨਸ਼ਨ ਦਿੱਤੀ ਜਾਵੇ ਅਤੇ ਸਵਾਮੀਨਾਥਨ ਕਮਿਸ਼ਨ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਝੋਨੇ ਦੀ ਲਵਾਈ 20 ਜੂਨ ਤੋਂ ਪਿੱਛੇ ਹਟਕੇ 13 ਜੂਨ ਤੋਂ ਕਰਨ ਦਾ ਦਿੱਤਾ ਬਿਆਨ, ਕਿਸਾਨ ਸੰਘਰਸ਼ ਦੀ ਅੰਸ਼ਿਕ ਜਿੱਤ ਹੈ ਪਰ ਇਸ ਨੂੰ ਹੋਰ ਹਫ਼ਤਾ ਪਿੱਛੇ ਕਰਕੇ 6 ਜੂਨ ਤੋਂ ਝੋਨਾ ਲਾਉਣ ਦੀ ਇਜ਼ਾਜਤ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਚੋਣਾਂ ਸਮੇਂ ਮਹਿਲਾਂ ਵਾਲਿਆਂ ਨੂੰ ਪਟਿਆਲਾ ਆਕੇ ਇਸ ਕਰਕੇ ਲਲਕਾਰਿਆ ਹੈ ਕਿ 72ਸਾਲ ਵੋਟਾਂ ਪਾਉਂਦਿਆਂ ਨੂੰ ਬੀਤ ਗਏ ਹਨ,ਪਰ ਕਿਸਾਨਾਂ ਸਿਰ ਕਰਜੇ ਕਰਜੇ ਦੀ ਪੰਡ ਦਿਨੋ-ਦਿਨ ਭਾਰੀ ਹੁੰਦੀ ਜਾ ਰਹੀ ਹੈ, ਇਕੱਲੇ ਪੰਜਾਬ ਦੇ ਕਿਸਾਨਾਂ ਸਿਰ ਹੀ ਕਰਜੇ ਦੀ ਪੰਡ ਦਾ ਅਕੜਾ 90 ਹਜਾਰ ਕਰੋੜ ਨੂੰ ਪਾਰ ਕਰ ਗਿਆ ਹੈ। ਅਜਿਹਾ ਸਾਰਾ ਕੁੱਝ ਸਮੇਂ-ਸਮੇਂ ਬਦਲ ਕੇ ਕੇਂਦਰੀ ਅਤੇ ਸੂਬਾਈ ਗੱਦੀਆਂ ਉੱਪਰ ਹੁੰਦੇ ਆ ਰਹੇ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ-ਮਜਦੂਰ ਵਿਰੋਧੀ ਨੀਤੀਆਂ ਕਾਰਨ ਵਾਪਰ ਰਿਹਾ ਹੈ। ਇਸ ਨੀਤੀ ਨੂੰ ਲਾਗੂ ਕਰਨ ਪਿੱਛੇ ਕਿਸੇ ਵੀ ਪਾਰਲੀਮਾਨੀ ਵੋਟ ਵਟੋਰੂ ਪਾਰਟੀ ਦਾ ਕੋਈ ਵਖਰੇਵਾਂ ਨਹੀਂ ਹੈ। ਜਦ ਕਿ ਖੇਤੀ ਉੱਪਰ ਅੱਜ ਵੀ ਭਾਰਤ ਦੀ 55 % ਵਸੋਂ ਨਿਰਭਰ ਕਰਦੀ ਹੈ,ਜਦ ਕਿ ਖੇਤੀ ਪੈਦਾਵਾਰ ਘਟਕੇ 17 % ਰਹਿ ਗਈ ਹੈ। ਹਰ ਘੰਟੇ ਵਿਚ ਖੇਤੀ ਧੰਦੇ ਵਿੱਚੋਂ ਇਹੀ ਨੀਤੀ 2040 ਕਿਸਾਨਾਂ ਨੂੰ ਬਾਹਰ ਧੱਕ ਰਹੀ ਹੈ। ਇਸ ਤਰਾਂ ਇਹ ਮਹਿਜ ਖੇਤੀ ਦਾ ਸੰਕਟ ਨਾਂ ਹੋਕੇ ਪੇਂਡੂ ਸੱਭਿਅਤਾ ਦਾ ਸੰਕਟ ਬਣ ਚੁੱਕਾ ਹੈ। ਇਸ ਸੰਕਟ ਨੂੰ ਕੋਈ ਵੀ ਪਾਰਟੀ ਸੰਬੋਧਤ ਨਹੀਂ ਹੈ। ਆਗੂਆਂ ਕਿਹਾ ਕਿ ਖੇਤੀ ਸੰਕਟ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਹੋਵੇਗਾ ਜਿਸ ਦਾ ਸਾਹਮਣਾ ਕਰਨ ਲਈ ਇਸ ਜਾਂ ਉਸ ਧੜੇ ਦਾ ਵੋਟ ਬੈਂਕ ਬਨਣ ਦੀ ਥਾਂ ਕਿਸਾਨਾਂ ਨੂੰ ਆਪਣੀ ਜਥੇਬੰਦਕ ਤਾਕਤ ਨੂੰ ਵਿਸ਼ਾਲ ਅਤੇ ਮਜਬੂਤ ਕਰਦਿਆਂ ਸਮੇਂ ਦੇ ਹਾਣ ਦਾ ਬਨਾਉਣ ਲਈ ਸੰਘਰਸ਼ਾਂ ਦਾ ਪਿੜ ਮੱਲਣ ਲਈ ਹੁਣੇ ਤੋਂ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਰੈਲੀ ਵਿੱਚ ਹੋਰਨਾਂ ਤੋਂ ਰਾਮ ਸਿੰਘ ਮਟੋਰੜਾ, ਬਲਵੰਤ ਸਿੰਘ ਉੱਪਲੀ,ਕੁਲਵੰਤ ਕਿਸ਼ਨਗੜ, ਸੁਖਵਿੰਦਰ ਫੂਲੇਵਾਲਾ, ਮਹਿੰਦਰ ਭੈਣੀਬਾਘਾ, ਮਹਿੰਦਰ ਦਿਆਲਪੁਰਾ, ਗੁਰਮੇਲ ਢਕਡੱਬਾ, ਕਰਮ ਬਲਿਆਲ, ਬਲਦੇਵ ਭਾਈਰੂਪਾ, ਹਰਦੀਪ ਗਾਲਿਬ, ਸੁਖਦੇਵ ਬਾਲਦਕਲਾਂ, ਬਲਦੇਵ ਬਠੋਈ, ਜਸਬੀਰ ਚਨਾਰਥਲ, ਹਰਨੇਕ ਮਹਿਮਾ, ਦਰਸ਼ਨ ਉੱਗੋਕੇ, ਮਲਕੀਤ ਈਨਾ, ਦਰਸ਼ਨ ਗਾਲਬ, ਧਰਮਪਾਲ ਫਰੀਦਕੋਟ ਅਤੇ ਬਲਦੇਵ ਫਤਹਿਗੜ ਸਾਹਿਬ ਆਦਿ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੇ ਫਰਜ ਜਗਮੋਹਣ ਸਿੰਘ ਪਟਿਆਲਾ ਨੇ ਬਾਖੂਬੀ ਨਿਭਾਏ।