ਮਈ ਦਿਵਸ ਦੀ ਛੁੱਟੀ ਬੰਦ ਕਰਨਾ ਮਜ਼ਦੂਰ ਵਿਰੋਧੀ ਨੀਤੀ ਦਾ ਸਿੱਟਾ : ਕੰਵਲਜੀਤ ਖੰਨਾ
Posted on:- 29-04-2019
ਚੰਡੀਗੜ੍ਹ : ਇਨਕਲਾਬੀ ਕੇਂਦਰ,ਪੰਜਾਬ ਨੇ ਮਜ਼ਦੂਰ ਦਿਵਸ ਦੀ ਛੁੱਟੀ ਬੰਦ ਕਰਨ ਦੀ ਸਖਤ ਨਿਖੇਧੀ ਕਰਦਿਆਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਹ ਛੁੱਟੀ ਬਹਾਲ ਕੀਤੀ ਜਾਵੇ। ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਜਨਰਲ ਸਕੱਤਰ ਕੰਵਲਜੀਤ ਖੰਨਾ,ਸੂਬਾ ਆਗੂਆਂ ਮੁਖਤਿਆਰ ਪੂਹਲਾ ਅਤੇ ਜਗਜੀਤ ਸਿੰਘ ਲਹਿਰ ਮੁਹੱਬਤ ਨੇ ਕਿਹਾ ਕਿ ਮਈ ਦਿਵਸ਼ ਮਜ਼ਦੂਰਾਂ ਦੇ ਜਾਨ ਹੂਲਵੇਂ ਸੰਘਰਸ਼ਾਂ ਦੀ ਜੂਝਾਰੂ ਗਾਥਾ ਹੈ। ਇਹ ਇੱਕ ਛੁੱਟੀ ਬੰਦ ਕਰਨ ਦਾ ਹੀ ਮਸਲਾ ਨਹੀਂ ਹੈ। ਅਸਲ ਮਾਅਨੇ ਹੋਰ ਕਿਤੇ ਵਧੇਰੇ ਅਰਥ ਭਰਪੂਰ ਹਨ ਜਿਸ ਨਾਲ ਮਜ਼ਦੂਰ ਜਮਾਤ ਵੱਲੋਂ ਵਧੀਆ,ਅਰਥ ਭਰਪੂਰ ਮਨੁੱਖੀ ਜ਼ਿੰਦਗੀ ਜਿਉਣ, ਵਹਿਸ਼ੀਆਨਾ ਲੁੱਟ ਖਿਲਾਫ ਜੂਝਕੇ ਹਾਸਲ ਕੀਤੇ ਹੱਕਾਂ ਦਾ ਇਤਿਹਾਸ ਹੈ ਕਿ ਕਿਵੇਂ ਜਦ ਮਾਲਕ ਮਜ਼ਦੂਰਾਂ ਨੂੰ ਉਨਾਂ ਦੇ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਤੋਂ ਵੀ ਅੱਗੇ ਮਨੁੱਖ ਹੀ ਨਹੀਂ ਸਮਝਦੇ ਸਨ। ਪਸ਼ੂਆਂ ਵਰਗਾ ਵਰਤਾਉ ਕੀਤਾ ਜਾਂਦਾ ਸੀ। ਮਜ਼ਦੂਰ ਜਮਾਤ ਅੰਦਰ ਆਈ ਸੋਝੀ ਨੇ ਚੇਤੰਨ ਫੈਸਲਾ ਕਰਕੇ ਸੰਘਰਸ਼ ਦਾ ਪੈਗਾਮ ਸ਼ੁਰੂ ਕੀਤਾ ਸੀ। ਇਹ ਕੋਈ ਸਹਿਜ ਵਰਤਾਰਾ ਨਹੀਂ ਸੀ ਸਗੋਂ ਮਜ਼ਦੂਰ ਜਮਾਤ ਮਹਾਨ ਰਹਿਬਰ ਏਂਗਲਜ ਅਤੇ ਮਾਰਕਸ ਵੱਲੋਂ ਵੱਡੀ ਘਾਲਣਾ ਤੋਂ ਬਾਅਦ ੧੮੪੮ ਵਿੱਚ ਲਿਆਦੇ ਕਮਿਊਨਿਸਟ ਮੈਨੀਫੈਸਟੋ ਤੋਂ ਬਾਅਦ ਹਾਸਲ ਹੋਈ ਮਜ਼ਦੂਰ ਜਮਾਤ ਦੀ ਸੋਝੀ ਦਾ ਸਿੱਟਾ ਸੀ। ਜਿਸ ਕਮਿਊਨਿਸਟ ਮੈਨੀਫੈਸਟੋ ਨੇ ਹੀ ਮਜ਼ਦੂਰ ਮਾਲਕ ਦੇ ਰਿਸ਼ਤੇ ਦੀ ਸਹੀ ਵਿਗਿਆਨਕ ਢੰਗ ਨਾਲ ਵਿਆਖਿਆ ਕਰਦਿਆਂ ਦੱਸਿਆ ਸੀ ਕਿ ਸੰਸਾਰ ਦੋ ਜਮਾਤਾਂ (ਮਾਲਕ-ਮਜ਼ਦੂਰ) ਵਿੱਚ ਵੰਡਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਸਿਧਾਂਤ ਨੇ ਹੀ ਸਿੱਧ ਕੀਤਾ ਸੀ ਕਿ ਮਾਲਕ ਮਜ਼ਦੂਰ ਜਮਾਤ ਦੀ ਕਿਰਤ ਸ਼ਕਤੀ ਦੀ ਵਾਫਰ ਕਦਰ ਨੂੰ ਲੁੱਟਦੇ ਚੂੰਡਦੇ ਮਾਲੋ ਮਾਲ ਹੁੰਦੇ ਹਨ ਅਤੇ ਮਜ਼ਦੂਰ ਜਮਾਤ ਪਸ਼ੂਆਂ ਨਾਲੋਂ ਵੀ ਭੈੜੀ ਹਾਲਤ ਵਿੱਚ ਜਿਉਣ ਲਈ ਮਜਬੂਰ ਹੁੰਦੇ ਹਨ। ਮਾਲਕ ਜਮਾਤ ਆਪਣੀ ਇਸ ਲੁੱਟ ਨੂੰ ਕਾਇਮ ਰੱਖਣ ਮਜ਼ਦੂਰ ਸੰਘਰਸ਼ਾਂ ਨੂੰ ਡੰਡੇ ਦੇ ਜੋਰ ਦਬਾਉਣ ਲਈ ਰਾਜਕੀ ਮਸ਼ੀਨਰੀ ਦੀ ਬੇਦਰੇਗ ਵਰਤੋਂ ਕਰਦੀ ਹੈ। ਬਿਹਤਰ ਜ਼ਿੰਦਗੀ ਜਿਉਣ ਦੀਆਂ ਹਾਲਤਾਂ ੮ ਘੰਟੇ ਦੀ ਦਿਹਾੜੀ ਲਈ ਸ਼ੁਰੂ ਹੋਏ ਥਾਂ-ਥਾਂ ਸੰਘਰਸ਼ ਦੀ ਕੜੀ ਵਜੋਂ ੧ ਮਈ ਅਤੇ ੩ ਮਈ ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਮਜ਼ਦੂਰਾਂ ਦੇ ਡੁੱਲੀ ਰੱਤ ਤੋਂ ਬਾਅਦ ਮਾਲਕਾਂ ਮਜ਼ਦੂਰਾਂ ਦੇ ਹੱਕ ਨੂੰ ਤਸਲੀਮ ਕਰਨਾ ਪਿਆ ਸੀ। ੧੮੮੯-੯੦ ਵਿੱਚ ਬਹੁਤ ਸਾਰੇ ਮੁਲਕਾਂ ਨੇ ਮਜ਼ਦੂਰ ਜਮਾਤ ਦੇ ਮਈ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ ਸੀ।
ਇਸ ਇਸ ਹਾਸਲ ਵਿਗਿਆਨਕ ਸੋਝੀ ਤੋਂ ਸੇਧ ਹਾਸਲ ਕਰਕੇ ਵਿੱਢੇ ਜਾਨ ਹੂਲਵੇਂ ਸੁਚੇਤ ਚੇਤੰਨ ਸੰਘਰਸ਼ਾਂ ਦੀ ਬਦੌਲਤ ਹੀ ਹਜਾਰਾਂ ਸ਼ਹਾਦਤਾਂ ਦੇਕੇ ਆਪਣੇ ਬਹੁਤ ਸਾਰੇ ਹੱਕ ਹਾਸਲ ਕੀਤੇ ਸਨ। ਅੱਜ ਹਾਕਮ ਅਸਲ ਮਾਅਨਿਆਂ ਵਿੱਚ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਤਹਿਤ ਮਜ਼ਦੂਰ ਜਮਾਤ ਨੂੰ ਹਾਸਲ ਹੱਕਾਂ ਤੋਂ ਵਾਂਝਿਆਂ ਕਰਨ ਦੀ ਵੱਡੀ ਸਾਜਿਸ਼ ਤਹਿਤ ਇਹ ਸਾਰਾ ਕੁੱਝ ਕਰ ਰਹੇ ਹਨ। ਕਿਉਂਕਿ ਹਾਕਮ ਚਾਹੁੰਦੇ ਹਨ ਕਿ ਮਜ਼ਦੂਰ ਜਮਾਤ ਇਕੱਠੇ ਹੋਕੇ ਆਪਣੇ ਸੰਘਰਸ਼ਮਈ ਇਤਿਹਾਸ ਦੀ ਚਰਚਾ ਨਾਂ ਕਰੇ। ਹਾਕਮ ਤਾਂ ਫਿਰ ਉਹੀ ਪੁਰਾਣੀ ਤਿੱਖੀ ਰੱਤ ਨਿਚੋੜ ਮਜ਼ਦੂਰ ਵਿਰੋਧੀ ਨੀਤੀ ਨੂੰ ਲਾਗੂ ਕਰਨ ਲਈ ਤਹੂ ਹਨ। ਪਰ ਹਾਕਮਾਂ ਦਾ ਇਹ ਵਹਿਮ ਹੈ ਕਿ ਛੁੱਟੀ ਬੰਦ ਕਰਨ ਨਾਲ ਮਜ਼ਦੂਰਾਂ ਦੇ ਸ਼ੰਘਰਸ਼ ਰੁਕ ਜਾਣਗੇ ਹਕੀਕਤ ਇਹ ਹੈ ਕਿ ਮਜ਼ਦੂਰ ਜਮਾਤ ਦੇ ਹੱਕੀ ਸੰਘਰਸ਼ ਹੋਰ ਵੱਧ ਵਿਸ਼ਾਲ ਅਤੇ ਤਿੱਖ ਅਖਤਿਆਰ ਕਰਨਗੇ।
ਇਨਕਲਾਬੀ ਕੇਂਦਰ ਪੰਜਾਬ ਮਜ਼ਦੂਰਾਂ-ਮੁਲਾਜਮਾਂ ਸਮੇਤ ਸੱਭੇ ਹੋਰ ਮਿਹਨਤਕਸ਼ ਤਬਕਿਆਂ ਨੂੰ ਜੋਰਦਾਰ ਸੱਦਾ ਦਿੰਦਾ ਹੈ ਕਿ ਪਹਿਲੀ ਮਈ ਦੇ ਇਤਿਹਾਸਕ ਕੌਮਾਂਤਰੀ ਮਜ਼ਦੂਰ ਦਿਹਾੜੇ ਦੀ ਬੰਦ ਕੀਤੀ ਛੁੱਟੀ ਬਹਾਲ ਕਰਨ ਦੀ ਜੋਰਦਾਰ ਮੰਗ ਕਰਨ ਅਤੇ ਆਪਣੇ ਤਬਕਾਤੀ ਸੰਘਰਸ਼ਾਂ ਦੀ ਧਾਰ ਨੂੰ ਤੇਜ ਕਰਦਿਆਂ ਇਸ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਖਿਲਾਫ ਚੱਲ ਰਹੇ ਜਮਾਤੀ ਸੰਘਰਸ਼ ਦਾ ਹਿੱਸਾ ਬਣਾਉਂਦੇ ਹੋਏ ਅੱਗੇ ਵਧਣ।-ਕੰਵਲਜੀਤ ਖੰਨਾ
-ਨਰਾਇਣ ਦੱਤ