ਗਰਲਜ਼ ਕਾਲਜ ਗਹਿਲ ’ਚ ਐਸ.ਸੀ ਵਿਦਿਆਰਥੀਆਂ ਤੋਂ ਫੀਸ ਵਸੂਲੀ ਵਿਵਾਦ ਬਾਰੇ ਜਮਹੂਰੀ ਅਧਿਕਾਰ ਸਭਾ ਦੀ ਰਿਪੋਰਟ
ਬਰਨਾਲਾ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ(ਬਰਨਾਲਾ) ਵੱਲੋਂ ਪੋਸਟ-ਮੈਟਰਿਕ ਸਕਾਲਰਸ਼ਿਪ ਸਕੀਮ ਲਈ ਯੋਗ ਵਿਦਿਆਰਥੀਆਂ ਤੋਂ ਦਾਖਲਾ ਦੇਣ ਸਮੇਂ ਫੀਸ ਵਸੂਲੀ ਦਾ ਮਾਮਲਾ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਹੈ । ਵਿਦਿਆਰਥੀਆਂ,ਮਾਪਿਆਂ, ਕਾਲਜ ਪ੍ਰਬੰਧਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਮਸਲੇ ਪ੍ਰਤੀ ਪਹੁੰਚ ਅਤੇ ਇਸ ਸਕੀਮ ਬਾਰੇ ਸਰਕਾਰੀ ਹਿਦਾਇਤਾਂ ਦੀ ਤਹਿ ਤੱਕ ਜਾਣ ਲਈ ਜਮਹੂਰੀ ਅਧਿਕਾਰ ਸਭਾ ਬਰਨਾਲਾ ਨੇ ਤੱਥ-ਖੋਜ ਕਮੇਟੀ ਬਣਾ ਕੇ ਸਾਰੇ ਮਸਲੇ ਦੀ ਜਾਂਚ ਕਰਕੇ ਇਕ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਜਾਰੀ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਤੇ ਸਕੱਤਰ ਸੋਹਣ ਸਿੰਘ ਮਾਝੀ ਨੇ ਦੱਸਿਆ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਆਰਥਿਕ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਭਲਾਈ ਸਕੀਮ ਦਾ ਮੰਤਵ ਗਰੀਬ ਐਸ.ਸੀ. ਵਿਦਿਆਰਥੀਆਂ ਨੂੰ ਉੱਚ ਸਿਖਿਆ ਮੁਫਤ ਹਾਸਲ ਕਰਵਾਉਣਾ ਹੈ ਪਰ ਸਰਕਾਰਾਂ ਦੀ ਸਕੀਮ ਪ੍ਰਤੀ ਗ਼ੈਰ-ਸੰਜੀਦਗੀ, ਫੰਡ ਰਲੀਜ਼ ਕਰਨ ਵਿੱਚ ਦੇਰੀ, ਸੂਬਾ ਸਰਕਾਰ ਵੱਲੋਂ ਫੰਡਾਂ ਨੂੰ ਹੋਰ ਮੰਤਵਾਂ ਲਈ ਵਰਤਣ, ਸਰਕਾਰੀ ਹਿਦਾਇਤਾਂ ਦੀ ਬਹੁ-ਅਰਥੀ ਸ਼ਬਦਾਵਲੀ, ਸਕੀਮ ਪ੍ਰਤੀ ਪੇਸ਼ੇਵਾਰਾਨਾ ਪਹੁੰਚ ਦੀ ਘਾਟ, ਪ੍ਰਸ਼ਾਸਨ ਦਾ ਸਕੀਮ ਲਾਗੂ ਕਰਵਾਉਣ ਪ੍ਰਤੀ ਉਦਾਸੀਨ ਰਵੱਈਆ ਅਤੇ ਸਿੱਖਿਆ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੇ ਮੁਕਾਬਲੇ ਆਪਣੇ ਆਰਥਿਕ ਹਿੱਤਾਂ ਨੂੰ ਪਹਿਲ ਦੇਣੀ ਆਦਿ ਅਜਿਹੇ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਇਹ ਸਕੀਮ ਆਪਣਾ ਮੰਤਵ ਹਾਸਲ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ।