ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਮੁਹਿੰਮ ਦਾ ਪੋਸਟਰ ਜਾਰੀ
Posted on:- 23-03-2019
13 ਅਪ੍ਰੈਲ ਅੰਮ੍ਰਿਤਸਰ ਪੁੱਜਣ ਦਾ ਸੁਨੇਹਾ
ਬਰਨਾਲਾ : ਜਲ੍ਹਿਆਂਵਾਲਾ ਸ਼ਤਾਬਦੀ ਸਮਾਗਮ ਮੁਹਿੰਮ ਕਮੇਟੀ,ਪੰਜਾਬ ਵੱਲੋਂ 13 ਅਪ੍ਰੈਲ ਅੰਮ੍ਰਿਤਸਰ ਪੁੱਜਣ ਦਾ ਸੁਨੇਹਾ ਦਿੰਦਾ , ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਸਮੁੱਚੇ ਪੰਜਾਬ ਦੇ ਕੋਨੇ-ਕੋਨੇ ਵਿੱਚ ਲਗਾਇਆ ਜਾਣ ਵਾਲਾ ਰੰਗਦਾਰ ਵੱਡ ਅਕਾਰੀ ਪੋਸਟਰ ਜਾਰੀ ਕੀਤਾ ਗਿਆ । ਇਸ ਸਮੇਂ ਸ਼ਤਾਬਦੀ ਕਮੇਟੀ ਮੈਂਬਰਾਂ ਅਮੋਲਕ ਸਿੰਘ,ਗੁਰਮੀਤ ਸੁਖਪੁਰ,ਲਛਮਣ ਸੇਵੇਵਾਲਾ,ਪ੍ਰਿਤਪਾਲ ਬਠਿੰਡਾ ਅਤੇ ਰਜਿੰਦਰ ਭਦੌੜ ਨੇ ਕਿਹਾ ਕਿ ਅਜਾਦੀ ਸੰਗਰਾਮ ਦੀ ਲਟ-ਲਟ ਕਰਕੇ ਬਲ ਰਹੀ ਸੂਹੀ ਚਿਣਗ ਨੂੰ ਡੱਕਣ ਦੇ ਮਨਸੂਬੇ ਪਾਲਦਿਆਂ ਬਰਤਾਨਵੀ ਹਕੂਮਤ ਨੇ ''ਰੋਲਟ ਐਕਟ'' ਵਰਗੇ ਕਾਲੇ ਕਾਨੂੰਨ ਪਾਸ ਕੀਤੇ ਸਨ। ਇਨ੍ਹਾਂ ਕਾਲੇ ਕਾਨੂੰਨਾਂ ਦਾ ਬਹੁਤ ਸਾਰੇ ਥਾਵਾਂ ਉੱਪਰ ਤਿੱਖਾ ਵਿਰੋਧ ਹੋਇਆ ਸੀ। ਅੰਮ੍ਰਿਤਸਰ ਵਿਖੇ ੧੩ ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇਸ ਰੋਲਟ ਐਕਟ ਦਾ ਵਿਰੋਧ ਕਰਨ ਵਾਲੇ ਨਿਹੱਕੇ ਭਾਰਤੀ ਲੋਕਾਂ ਨੂੰ ਸਾਮਰਾਜੀ ਬਰਤਾਨਵੀ ਹਾਕਮਾਂ ਨੇ ਨੀਤੀ ਤਹਿਤ ਗੋਲੀਆਂ ਨਾਲ ਭੁੰਨ ਸੁੱਟਿਆ ਸੀ।
ਅੱਜ ਵੀ 1947 ਦੀ ਸਤਾ ਬਦਲੀ ਤੋਂ ਬਾਅਦ ਕਾਲੇ ਹਾਕਮਾਂ ਦੀ ਕਿਰਤੀ-ਕਿਸਾਨਾਂ ਸਮੇਤ ਸੱਭੇ ਮਿਹਨਤਕਸ਼ ਤਬਕਿਆਂ ਨੂੰ ਲੁੱਟਣ ਅਤੇ ਕੁੱਟਣ ਦੀ ਨੀਤੀ'ਚ ਕੋਈ ਤਬਦੀਲੀ ਨਹੀਂ ਆਈ ਸਗੋਂ ਇੱਕ ਰੋਲਟ ਐਕਟ ਦੀ ਥਾਂ ਯੂ.ਏ.ਪੀ.ਏ, ਅਫਸਪਾ, ਟਾਡਾ,ਪੋਟਾ,ਧਾਰਾ 295-ਏ ਵਰਗੇ ਅਨੇਕਾਂ ਕਾਲੇ ਕਾਨੂੰਨਾਂ ਰਾਹੀਂ ਹੱਕੀ ਸੰਗਰਾਮਾਂ ਦੇ ਗਲ ਅੰਗੂਠਾ ਦਿੱਤਾ ਜਾ ਰਿਹਾ ਹੈ। ਇਸ ਲਈ ਅਜੋਕੀ ਹਾਲਤ ਵਿੱਚ ਸਭਨਾਂ ਧਰਮਾਂ-ਫਿਰਕਿਆਂ ਦੀ ਸਾਂਝ ਵਾਲਾ ਕਿਰਤੀ-ਕਿਸਾਨਾਂ ਏਕਾ ਮਜਬੂਤ ਕਰਦੇ ਹੋਏ,ਕੌਮੀ ਸ਼ਹੀਦਾਂ ਦੇ ਇਨਕਲਾਬ-ਜਿੰਦਾਬਾਦ ਅਤੇ ਸਾਮਰਾਜ-ਮੁਰਦਾਬਦ ਦੇ ਨਾਹਰੇ ਨੂੰ ਬੁਲੰਦ ਕਰਦਿਆਂ,ਸਾਮਰਾਜ ਅਤੇ ਉਸ ਦੇ ਦਲਾਲ ਭਾਰਤੀ ਹਾਕਮਾਂ ਖਿਲ਼ਾਫ ਜੰਗ ਤੇਜ ਕਰਨ ਦਾ ਐਲਾਨ ਕਰਦੇ ਹੋਏ 13 ਅਪ੍ਰੈਲ 2019 ਜਲਿਆਂਵਾਲਾ ਬਾਗ ਦੀ ਧਰਤੀ ਅੰਮ੍ਰਿਤਸਰ ਵੱਲ ਹਜ਼ਾਰਾਂ ਦੀ ਤਾਦਾਦ'ਚ ਕਾਫਲੇ ਬੰਨ੍ਹਕੇ ਪੁੱਜਣ ਦਾ ਸੁਨੇਹਾ ਦਿੱਤਾ।
ਕਮੇਟੀ ਮੈਂਬਰਾਨ ਨੇ ਕਿਹਾ ਕਿ ਪੋਸਟਰ ਅਤੇ ਲੀਫਲੈਟ ਮੁਹਿੰਮ ਪੂਰੇ ਯੋਜਨਾਬੱਧ ਢੰਗ ਨਾਲ ਪੁਰੇ ਪੰਜਾਬ'ਚ ਸ਼ਤਾਬਦੀ ਮੁਹਿੰਮ ਕਮੇਟੀ ਦੀ ਅਗਵਾਈ'ਚ ਚਲਾਈ ਜਾਵੇਗੀ। ਇਸ ਸਮੇਂ ਨਰਾਇਣ ਦੱਤ,ਡਾ ਰਜਿੰਦਰਪਾਲ,ਦਰਸ਼ਨ ਉੱਗੋਕੇ,ਗੁਰਦੇਵ ਮਾਂਗੇਵਾਲ,ਬਲਵੰਤ ਉੱਪਲੀ,ਸੁਖਵਿੰਦਰ ਸਿੰਘ,ਮੈਡਮ ਅਮਰਜੀਤ ਕੌਰ, ਪ੍ਰੇਮਪਾਲ ਕੌਰ ਅਤੇ ਹਰਚਰਨ ਚਹਿਲ ਆਦਿ ਵੀ ਹਾਜ਼ਰ ਸਨ।
-ਨਰਾਇਣ ਦੱਤ