ਬਰਾਬਰੀ ਦੇ ਸਮਾਜ ਦੀ ਉਸਾਰੀ ਲਈ ਸ਼ੋਸ਼ਤ ਵਰਗ ਨੂੰ ਇਕਜੁੱਟ ਹੋਣ ਦੀ ਲੋੜ : ਆਰਫ਼ਾ ਖ਼ਾਨਮ
Posted on:- 17-02-2019
ਔਰਤਾਂ ਦੇ ਗੰਭੀਰ ਮੁੱਦੇ ਹੋ ਰਹੇ ਹਨ ਮੀਡੀਆ ਦੀ ਕਾਰਪੋਰੇਟ ਸੋਚ ਦਾ ਸ਼ਿਕਾਰ :ਨੇਹਾ ਦੀਕਸ਼ਤ
ਸੂਹੀ ਸਵੇਰ ਮੀਡੀਆ ਨੇ ਕਰਵਾਇਆ ਸਲਾਨਾ ਸਮਾਗਮ
ਲੁਧਿਆਣਾ : ਸੂਹੀ ਸਵੇਰ ਮੀਡੀਆ ਵੱਲੋਂ ਆਪਣੇ ਪੁਨਰ ਆਗਮਨ ਦੀ 7ਵੀਂ ਵਰ੍ਹੇਗੰਢ 'ਤੇ ਪੰਜਾਬੀ ਭਵਨ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ 'ਦ ਵਾਇਰ' ਦੀ ਸੀਨੀਅਰ ਸੰਪਾਦਕ ਆਰਫ਼ਾ ਖ਼ਾਨਮ ਸ਼ੇਰਵਾਨੀ ਅਤੇ ਸੁਤੰਤਰ ਖੋਜੀ ਪੱਤਰਕਾਰ ਨੇਹਾ ਦੀਕਸ਼ਤ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕਰਕੇ 'ਧਾਰਮਿਕ ਮੂਲਵਾਦ, ਔਰਤ ਅਤੇ ਮੀਡੀਆ' ਵਿਸ਼ੇ ਉੱਤੇ ਵਿਸ਼ੇਸ਼ ਲੈਕਚਰ ਦਿੱਤਾ।ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਰਫ਼ਾ ਖ਼ਾਨਮ ਸ਼ੇਰਵਾਨੀ ਨੇ ਕਿਹਾ ਕਿ ਔਰਤਾਂ ਲਈ ਬਰਾਬਰੀ ਦਾ ਅਧਿਕਾਰ, ਸੁਰੱਖਿਆ, ਰੋਜ਼ਗਾਰ ਆਦਿ ਦੇ ਮੁੱਦੇ ਲਵ ਜਿਹਾਦ ਦੀ ਰਾਜਨੀਤੀ, ਗਾਂ ਦੀ ਰਾਜਨੀਤੀ ਅਤੇ ਰਾਸ਼ਟਰਵਾਦ ਦੀ ਰਾਜਨੀਤੀ ਵਿੱਚ ਅੱਖੋਂ ਪਰੋਖੇ ਕੀਤੇ ਜਾ ਰਹੇ ਹਨ। ਇਸ ਰਾਜਨੀਤੀ ਤਹਿਤ ਔਰਤ ਦੇ ਅਸਲ ਅਧਿਕਾਰਾਂ ਦੀ ਲੜਾਈ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਜ਼ਿਆਦਾ ਪਿੱਛੇ ਚਲੀ ਗਈ ਹੈ।ਆਰਫਾ ਨੇ ਕਿਹਾ ਕਿ ਔਰਤਾਂ ਅਤੇ ਘੱਟ ਗਿਣਤੀ ਦੇ ਅਧਿਕਾਰਾਂ ਦੀ ਬਰਾਬਰੀ ਲਈ ਲਾਜ਼ਮੀ ਹੈ ਕਿ ਸ਼ਾਸ਼ਤ ਵਰਗ ਦੀ ਰਾਜਨੀਤੀ ਨੂੰ ਹਰਾਇਆ ਜਾਵੇ।ਇਸ ਲਈ ਲਾਜ਼ਮੀ ਹੈ ਕਿ ਸ਼ੋਸ਼ਤ ਵਰਗ ਇੱਕਜੁੱਟ ਹੋ ਜਾਣ ਕਿਉਂਕਿ ਜੇ ਸ਼ੋਸ਼ਤ ਵਰਗ ਇੱਕ ਹੋ ਗਿਆ ਤਾਂ ਬਰਾਬਰੀ ਦਾ ਸਮਾਜ ਹੌਂਦ ਵਿੱਚ ਆਵੇਗਾ। ਇਸ ਮੌਕੇ ਪੱਤਰਕਾਰ ਨੇਹਾ ਦੀਕਸ਼ਤ ਨੇ ਕਿਹਾ ਕਿ ਜ਼ਮੀਨੀ ਪੱਧਰ ਉੱਤੇ ਜੋ ਔਰਤਾਂ ਦੇ ਗੰਭੀਰ ਮੁੱਦੇ ਹਨ ਉਹ ਕਾਰਪੋਰੇਟ ਸੋਚ ਦਾ ਸ਼ਿਕਾਰ ਹੋਣ ਕਾਰਨ ਮੁੱਖ ਧਾਰਾ ਦੇ ਮੀਡੀਆ ਵਿੱਚ ਨਹੀਂ ਆ ਰਹੇ। ਨੇਹਾ ਨੇ ਕਿਹਾ ਕਿ ਬੇਸ਼ੱਕ ਮੀਡੀਆ ਵਿੱਚ ਔਰਤਾਂ ਦੀ ਕਾਫੀ ਗਿਣਤੀ ਹੈ ਪਰ ਹਾਲੇ ਵੀ ਜੋ ਫੈਸਲਾ ਲੈਣ ਦਾ ਅਧਿਕਾਰ ਹੈ ਉਹ ਸਿਰਫ ਮਰਦਾਂ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੀ ਕਾਰਪੋਰੇਟ ਸੋਚ ਨੂੰ ਤੋੜਨ ਲਈ ਜ਼ਮੀਨੀ ਪੱਧਰ ਉੱਤੇ ਕੰਮ ਕਰ ਰਹੇ ਸੰਗਠਨਾਂ ਨਾਲ ਜੁੜਨਾਂ ਪਵੇਗਾ ਤਾਂ ਜੋ ਜਿਹੜੇ ਘੱਟ ਗਿਣਤੀ ਦੇ ਲੋਕ ਹਨ ਉਨ੍ਹਾਂ ਨੂੰ ਵੀ ਆਪਣੀ ਗੱਲ ਦੂਜੇ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲ ਸਕੇ।
ਸਮਾਗਮ ਦੌਰਾਨ ਪਹੁੰਚੀਆਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਕਿਹਾ ਕਿ ਸੂਹੀ ਸਵੇਰ ਮੀਡੀਆ ਲੋਕਧਾਰਾ ਦਾ ਮੀਡੀਆ ਹੈ, ਜੋ ਲੋਕਾਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਅਦਾਰੇ ਦੀਆਂ ਵੈੱਬਸਾਈਟਸ ਉੱਤੇ ਲੋਕ ਵਿਰੋਧੀ ਤਾਕਤਾਂ ਹਮਲਾ ਕਰਦੀਆਂ ਰਹੀਆਂ ਹਨ ਪਰ ਅਦਾਰਾ ਬਿਨਾਂ ਕਿਸੇ ਖੌਫ਼ ਦੇ ਮੁੜ ਤੋਂ ਆਪਣੇ ਪੈਰਾਂ ਉੱਤੇ ਖੜਾ ਹੋ ਕੇ ਪਿਛਲੇ 9 ਸਾਲਾਂ ਤੋਂ ਕਾਰਜਸ਼ੀਲ ਹੈ।ਉਨ੍ਹਾਂ ਦੱਸਿਆ ਕਿ ਅਦਾਰੇ ਵੱਲੋਂ ਸੂਹੀ ਸਵੇਰ ਯੂ ਟਿਊਬ ਚੈਨਲ ਵੀ ਸ਼ੁਰੂ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਅਦਾਰੇ ਵੱਲੋਂ ਇਸ ਸਾਲ ਦਾ ਸੂਹੀ ਸਵੇਰ ਮੀਡੀਆ ਐਵਾਰਡ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਅਤੇ ਜਨ ਸੰਘਰਸ਼ ਮੰਚ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿੱਥੇ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਕਿਰਨਜੀਤ ਕੌਰ ਨੂੰ ਇਨਸਾਫ ਦਿਵਾਉਣ ਅਤੇ ਇਸ ਲਹਿਰ ਨੂੰ ਲੋਕ-ਲਹਿਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਉੱਥੇ ਜਨ ਸੰਘਰਸ਼ ਮੰਚ ਹਰਿਆਣਾ ਔਰਤਾਂ, ਦਲਿਤਾਂ, ਘੱਟ ਗਿਣਤੀਆਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਜਥੇਬੰਦੀ ਹੈ। ਇਸ ਦੌਰਾਨ ਜਨਸੰਘਰਸ਼ ਮੰਚ ਤੋਂ ਸੁਦੇਸ਼ ਕੁਮਾਰੀ , ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਦੇ ਕਨਵੀਨਰ ਗੁਰਵਿੰਦਰ ਸਿੰਘ, ਪ੍ਰੋ. ਜਗਮੋਹਨ ਸਿੰਘ, ਸੀਨੀਅਰ ਪੱਤਰਕਾਰ ਰਾਜੀਵ ਖੰਨਾ ਅਤੇ ਲੋਕ ਕਾਫਲਾ ਦੇ ਸੰਪਾਦਕ ਬੂਟਾ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਡਾ. ਸੁਰਜੀਤ ਪਾਤਰ, ਨਰਾਇਣ ਦੱਤ, ਕਵਿਤਾ ਵਿਦਰੋਹੀ, ਲਹਿਣਾ ਸਿੰਘ, ਸੁਰੇਸ਼ ਕੁਮਾਰ, ਕੰਵਲਜੀਤ ਖੰਨਾ, ਕਾਮਰੇਡ ਸੁਰਿੰਦਰ, ਰਾਜਵਿੰਦਰ ਮੀਰ, ਨੀਤੂ ਅਰੋੜਾ, ਅਰਸ਼ ਬਿੰਦੂ, ਪ੍ਰੋ. ਬਲਦੀਪ, ਏ.ਕੇ ਮਲੇਰੀ, ਸੁਖਵਿੰਦਰ ਲੀਲ ਆਦਿ ਤੋਂ ਬਿਨਾਂ ਤਮਾਮ ਲੋਕ ਪੱਖੀ ਸੰਗਠਨਾਂ ਦੇ ਆਗੂ ਹਾਜ਼ਰ ਸਨ।