ਪੰਜਾਬ ਸਰਕਾਰ ਅਧਿਆਪਕ ਵਿਰੋਧੀ ਸ਼ਰਮਨਾਕ ਫੈਸਲਾ ਵਾਪਸ ਲਵੇ :ਖੰਨਾ
Posted on:- 07-10-2018
ਬਰਨਾਲਾ: ਇਨਕਲਾਬੀ ਕੇਂਦਰ,ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਐਸ.ਐਸ.ਏ/ਰਮਸਾ ਅਧੀਨ 10-10 ਸਾਲ ਤੋਂ ਕੰਮ ਕਰਦੇ ਅਧਿਆਪਕਾਂ ਨੂੰ 15000 ਰੁ. ਤਿੰਨ ਸਾਲ ਲਈ ਤਨਖਾਹ ਦੇਕੇ ਰੈਗੂਲਰ ਕਰਨ ਦੇ ਫੈਸਲੇ ਉੱਪਰ ਸਖਤ ਟਿੱਪਣੀ ਕਰਦਿਆਂ ਅਧਿਆਪਕ ਵਿਰੋਧੀ ਇਹ ਫੈਸਲਾ ਤੁਰੰਤ ਵਾਪਸ ਲੈਕੇ ਪੂਰੇ ਤਨਖਾਹ ਸਕੇਲ ਵਿੱਚ ਰੈਗੂਲਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਸੂਬਾ ਕਮੇਟੀ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਇਨਕਲਾਬੀ ਕੇਂਦਰ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਇਹ ਅਧਿਆਪਕ ਵਿਰੋਧੀ ਫੈਸਲਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਇਸ ਫੈਸਲੇ ਦੇ ਦੂਰ ਰਸ ਸਿੱਟੇ ਨਿਕਲਣਗੇ। ਸਰਕਾਰ ਦੀ ਆਰਥਿਕ ਮੰਦੀ ਹਾਲਤ ਦਾ ਰੋਣਾ ਰੋਣ ਵਿੱਚ ਰੱਤੀ ਘਰ ਵੀ ਸੱਚਾਈ ਨਹੀਂ ਹੈ। ਪੰਜਾਬ ਸਰਕਾਰ ਦੇ ਮੱਤਰੀਆਂ/ਵਿਧਾਇਕਾਂ/ਮੁੱਖ ਮੰਤਰੀ ਲਈ ਬੇਲਗਾਮ ਫੌਜ (ਉਹ ਵੀ ਕੈਬਨਿਟ ਮੰਤਰੀਆਂ ਤੱਕ ਦੀਆਂ ਸੁੱਖ ਸਹੂਲਤਾਂ ਵਿੱਚ) ਲਈ ਸ਼ਾਹੀ ਸਹੁਲਤਾਂ ਦੇਣ ਵਾਸਤੇ ਲੋਕਾਂ ਦੇ ਟੈਕਸਾਂ ਨਾਲ ਭਰਿਆਂ ਖਜਾਨਾ ਉਬਾਲੇ ਮਾਰ ਰਿਹਾ ਹੈ। ਪਰ ਮਨੁੱਖੀ ਲੋੜ ਦੀਆਂ ਬੁਨਿਆਦੀ ਮੁੱਢਲੀਆਂ ਸਿੱਖਿਆ,ਸਿਹਤ ਸਹੂਲਤਾਂ ਤੋਂ ਹੱਥ ਪਿਛਾਂਹ ਖਿੱਚਿਆ ਜਾ ਰਿਹਾ ਹੈ।
ਜੇਕਰ ਕੇਂਦਰ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਦੇਸੀ,ਬਦੇਸ਼ੀ ਸਨਅਤੀ ਘਰਾਣਿਆਂ ਦਾ ਤਿੰਨ ਲੱਖ ਕਰੋੜ ਰੁ.ਵੱਟੇ ਖਾਤੇ ਪਾ ਦਿੱਤਾ ਹੈ ਤਾਂ ਪੰਜਾਬ ਸਰਕਾਰ ਵੀ ਸਨਅਤੀ ਘਰਾਣਿਆਂ ਉੱਪਰ ਸਵੱਲੀ ਨਜਰ ਰੱਖਣ ਪੱਖੋਂ ਪਿੱਛੇ ਨਹੀਂ ਹੈ। ਅਨੇਕਾਂ ਕਿਸਮ ਦੀਆਂ ਛੋਟਾਂ ਹਾਸਲ ਕਰਕੇ ਸਨਅਤੀ ਘਰਾਣੇ ਮਾਲੋ-ਮਾਲ ਹੋ ਰਹੇ ਹਨ। ਅਸਲ ਵਿੱਚ ਪੰਜਾਬ ਸਰਕਾਰ ਦਾ ਖਜਾਨਾ ਕਿਸਾਨਾਂ-ਮਜਦੂਰਾਂ ਨੂੰ ਮਾਮੂਲੀ ਰਿਆਇਤਾਂ ਦੇ ਵੇਲੇ,ਮੁਲਾਜਮਾਂ ਨੂੰ ਤਨਖਾਹਾਂ ਦੇ ਵੇਲੇ,ਬੁਢਾਪਾ ਪੈਨਸ਼ਨ,ਸ਼ਗਨ ਸਕੀਮ ਵੇਲੇ ਖਾਲੀ ਰਹਿੰਦਾ ਹੈ। ਖਜ਼ਾਨਾ ਦੋ ਮੂੰਹਾਂ ਹੈ ਇੱਕ ਸਨਅਤੀ ਘਰਾਣਿਆਂ ਲਈ ਜੋ ਸਦਾ ਹੌ ਚੌਪਟ ਰਹਿੰਦਾ ਹੈ,ਦੂਸਰਾ ਆਮ ਲੋਕਾਈ ਲਈ ਉਸ ਦੇ ਮੂੰਹ ਨੂੰ ਹਮੇਸ਼ਾ ਲਕਵਾ ਮਾਰਿਆਂ ਰਹਿੰਦਾ ਹੈ,ਸਰਕਾਰ ਭਾਵੇਂ ਨੀਲਿਆਂ ਦੀ ਹੋਵੇ ਜਾਂ ਚਿੱਟਿਆਂ ਦੀ ਨੀਤੀਆਂ ਪੱਖੋਂ ਸਾਰੇ ਇੱਕੋ ਥੈਲੀ ਦੇ ਚੱਟੇ-ਵੱਟੇ ਹਨ।ਪੰਜਾਬ ਸਰਕਾਰ ਜਿੱਥੇ ਘਰ-ਘਰ ਰੁਜਗਾਰ ਦੇਣ ਦੇ ਵਾਅਦੇ ਤੋਂ ਭੱਜ ਚੁੱਕੀ ਹੈ,ਉੱਥੇ ਸਾਲਾਂ ਬੱਧੀ ਰੁਜ਼ਗਾਰ ਹਾਸਲ ਕਰ ਚੁੱਕੇ ਅਧਿਆਪਕਾਂ ਨੂੰ ਘਰ ਭੇਜਣ ਲਈ ਰੱਸੇ ਪੈੜੇ ਵੱਟ ਰਹੀ ਹੈ। ਪੰਜਾਬ ਸਰਕਾਰ ਦਾ ਇਹ ਅਧਿਆਪਕ ਵਿਰੋਧੀ ਫੈਸਲਾ ਵਕਤੀ ਨਾਂ ਹੋਕੇ ਨੀਤੀਗਤ ਫੈਸਲਾ ਹੈ ਕਿਉਂਕਿ ਲੱਖਾਂ ਦੀ ਤਦਾਦ ਵਿੱਚ ਪੜ੍ਹੇ ਲਿਖੇ ਬੇਰੁਜਗਾਰ ਰੁਜ਼ਗਾਰ ਦੀ ਉਡੀਕ ਕਰਦੇ-ਕਰਦੇ ਨੌਕਰੀ ਹਾਸਲ ਕਰਨ ਦੀ ਹੱਦ ਪਾਰ ਕਰ ਰਹੇ ਹਨ ਸੰਸਾਰੀਕਰਨ,ਉਦਾਰੀਕਰਨ,ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਸਨਅਤੀ ਖੇਤਰ ਵਿੱਚ ਵੀ ਰੁਜ਼ਗਾਰ ਪੈਦਾ ਨਹੀਂ ਕਰਰਿਹਾ ਸਗੋਂ ਅਧੁਨੀਕਰਨ ਦੇ ਨਾਂ ਹੇਠ ਰੁਜਗਾਰ ਦੀ ਛਾਂਟੀ ਕੀਤੀ ਜਾ ਰਹੀ ਹੈ। ਇਨਕਲਾਬੀ ਕੇਂਦਰ ਅਧਿਆਪਕ ਵਰਗ ਦੇ ਫੈਸਲੇ ਨਾਲ ਇੱਕਮੁੱਠਤਾ ਦਾ ਇਜਹਾਰ ਕਰਦਾ ਹੈ। ਸਭਨਾਂ ਸੰਘਰਸ਼ਸ਼ੀਲ ਤਬਕਿਆਂ ਨੂੰ ਪੰਜਾਬ ਸਰਕਾਰ ਦੇ ਇਸ ਅਧਿਆਪਕ ਵਿਰੋਧੀ ਫੈਸਲੇ ਜ਼ੋਰਦਾਰ ਹਮਾਇਤ ਕਰਨ ਦੀ ਅਪੀਲ ਕਰਦਾ ਹੈ।-ਕੰਵਲਜੀਤ ਖੰਨਾ
ਸੰਪਰਕ: 94170-67344