ਭਾਰਤੀ ਅਧਿਕਾਰੀਆਂ ਵਲੋਂ ਪੱਤਰਕਾਰ ਗੁਰਪ੍ਰੀਤ ਸਿੰਘ ਨੂੰ ਬੋਲਣ ਤੋਂ ਰੋਕਣ ਦੀ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਨਿਖੇਧੀ
Posted on:- 21-09-2018
ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਅਦਾਰਾ ਸਿੱਖ ਵਿਰਸਾ ਵਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਵੈਨਕੂਵਰ ਏਰੀਏ ਵਿੱਚ ਪਿਛਲੇ ਦਿਨੀਂ ਕੇਰਲਾ ਦੇ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਹੋ ਰਹੇ ਪ੍ਰੋਗਰਾਮ ਦੌਰਾਨ ਉਘੇ ਪੱਤਰਕਾਰ, ਰੇਡੀਉ ਹੋਸਟ ਤੇ ਲੇਖਕ ਗੁਰਪ੍ਰੀਤ ਸਿੰਘ ਨੂੰ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਵਲੋਂ ਚੱਲਦੇ ਪ੍ਰੋਗਰਾਮ ਵਿੱਚ ਸਟੇਜ ਤੇ ਬੋਲਣ ਤੋਂ ਰੋਕਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਜਿਸ ਕਾਰਨ ਉਨ੍ਹਾਂ ਨੂੰ ਆਪਣੇ ਸਾਥੀਆਂ ਸਮੇਤ ਪ੍ਰੋਗਰਾਮ ਵਿੱਚੋਂ ਵਾਕ ਆਊਟ ਕਰਨਾ ਪਿਆ ਸੀ।ਜਦਕਿ ਉਹ ਉਥੇ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਇਕੱਠੇ ਕੀਤੇ ਫੰਡ ਦਾ ਚੈੱਕ ਦੇਣ ਗਏ ਸਨ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੋਨਾਂ ਸੰਸਥਾਵਾਂ ਦੇ ਬੁਲਾਰਿਆਂ ਮਾਸਟਰ ਭਜਨ ਸਿੰਘ ਤੇ ਹਰਚਰਨ ਸਿੰਘ ਵਲੋਂ ਇਸ ਕਾਰਵਾਈ ਨੂੰ ਪ੍ਰੈਸ ਅਤੇ ਵਿਚਾਰਾਂ ਦੀ ਆਜ਼ਾਦੀ ਤੇ ਹਮਲਾ ਦੱਸਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਿਸੇ ਵੀ ਲੋਕਤੰਤਰੀ ਸਮਾਜ ਵਿੱਚ ਪ੍ਰਵਾਨ ਨਹੀਂ ਕੀਤੀਆਂ ਜਾ ਸਕਦੀਆਂ, ਖਾਸਕਰ ਉਦੋਂ, ਜਦੋਂ ਅਜਿਹਾ ਕਰਨ ਵਾਲਿਆਂ ਵਿੱਚ ਸਰਕਾਰੀ ਨੁਮਾਇੰਦੇ ਸ਼ਾਮਿਲ ਹੋਣ।ਉਨ੍ਹਾਂ ਅੱਗੇ ਕਿਹਾ ਕਿ ਕਨੇਡਾ ਤੇ ਇੰਡੀਆ ਦਾ ਸੰਵਿਧਾਨ ਆਪਣੇ ਨਾਗਰਿਕਾਂ ਨੂੰ ਆਪਣੇ ਵਿਚਾਰਾਂ ਨੂੰ ਅਜ਼ਾਦੀ ਨਾਲ ਪ੍ਰਗਟ ਕਰਨ ਦਾ ਪੂਰਨ ਅਧਿਕਾਰ ਦਿੰਦਾ ਹੈ ਤੇ ਇਹ ਅਧਿਕਾਰ ਲੋਕਾਂ ਨੇ ਲੰਬੇ ਸੰਘਰਸ਼ਾਂ ਤੋਂ ਬਾਅਦ ਹਾਸਿਲ ਕੀਤੇ ਹਨ।
ਉਨ੍ਹਾਂ ਮੰਗ ਕੀਤੀ ਕਿ ਭਾਰਤੀ ਸਫਾਰਤਖਾਨੇ ਦੇ ਕੌਂਸਲੇਟ ਜਨਰਲ ਨੂੰ ਆਪਣੇ ਅਧਿਕਾਰੀਆਂ ਇਸ ਗਲਤੀ ਲਈ ਮੁਆਫੀ ਮੰਗਣੀ ਚਾਹੀਦੀ ਹੈ ਤੇ ਅਜਿਹੇ ਅਧਿਕਾਰੀਆਂ ਨੂੰ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਲਈ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਲੋਕ ਪੱਖੀ, ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੀਆਂ ਸਭ ਸੰਸਥਾਵਾਂ ਨੂੰ ਪ੍ਰੈਸ ਤੇ ਵਿਚਾਰਾਂ ਦੀ ਅਜ਼ਾਦੀ ਅਤੇ ਗੁਰਪ੍ਰੀਤ ਸਿੰਘ ਨੂੰ ਇਨਸਾਫ ਦੁਆਉਣ ਲਈ ਅੱਗੇ ਆਉਣਾ ਚਾਹੀਦਾ ਹੈ।