ਐਨਡੀਟੀਵੀ ਦੇ ਹੱਕ `ਚ ਪੰਜਾਬ `ਚੋਂ ਵੀ ਆਵਾਜ਼ ਹੋਈ ਬੁਲੰਦ
Posted on:- 04-11-2016
-ਸੂਹੀ ਸਵੇਰ ਬਿਊਰੋ
ਮੋਦੀ ਹਕੂਮਤ ਵੱਲੋਂ ਪ੍ਰਸਿੱਧ ਖ਼ਬਰੀ ਚੈਨਲ `ਐਨਡੀਟੀਵੀ ਇੰਡੀਆ` ਇੱਕ ਦਿਨ ਲਈ ਆੱਫ ਏਅਰ ਕਰਨ ਖਿਲਾਫ਼ ਆਵਾਜ਼ ਹੋਣੀ ਸ਼ੁਰੂ ਹੋ ਗਈ ਹੈ । ਪੰਜਾਬ ਦਾ ਲੇਖਕ, ਪੱਤਰਕਾਰ ਤੇ ਬੁਧੀਜੀਵੀ ਵਰਗ ਜਿਥੇ ਇਸਨੂੰ ਵਿਚਾਰਾਂ ਦੀ ਆਜ਼ਾਦੀ `ਤੇ ਵੱਡਾ ਹਮਲਾ ਆਖ ਰਿਹਾ ਹੈ , ਉਥੇ ਆਮ ਲੋਕ ਵੀ ਸੋਸ਼ਲ ਮੀਡੀਆ ਰਾਹੀਂ ਆਪਣਾ ਰੋਸ ਪ੍ਰਗਟ ਕਰਦੇ ਹੋਏ ਇਸ ਫੈਸਲੇ ਨੂੰ ਨਾਦਰਸ਼ਾਹੀ ਫਰਮਾਨ ਆਖ ਰਹੇ ਨੇ । ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਬਣਾਈ ਮੰਤਰੀਆਂ ਉਤੇ ਆਧਾਰਿਤ ਕਮੇਟੀ ਨੇ ਪਠਾਨਕੋਟ ਹਮਲੇ ਦੀ ਕਵਰੇਜ ਦੌਰਾਨ ਸੰਵੇਦਨਸ਼ੀਲ ਜਾਣਕਾਰੀ ਨਸ਼ਰ ਕਰਨ ਦੇ ਦੋਸ਼ ਤਹਿਤ ਚੈਨਲ ਦਾ ਪ੍ਰਸਾਰਣ ਇਕ ਦਿਨ ਲਈ ਬੰਦ ਕਰਨ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਚੈਨਲ ਇਹਨਾਂ ਦੋਸ਼ਾਂ ਨੂੰ ਨਕਾਰਦਾ ਹੋਇਆ ਦਲੀਲ ਦਿੰਦਾ ਹੈ ਕਿ ਜੋ ਕੁਝ ਅਸੀਂ ਦਿਖਾਇਆ ਉਹ ਪਹਿਲਾਂ ਹੀ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਵਿੱਚ ਮੌਜੂਦ ਹੈ ।
`ਸੂਹੀ ਸਵੇਰ` ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ , `` ਸੰਘ ਪਰਿਵਾਰ ਦੀ ਬਗਲ ਬੱਚਾ ਸਰਕਾਰ ਬਣਨ (ਭਾਜਪਾ ਹਕੂਮਤ ) ਤੋਂ ਬਾਅਦ ਮੀਡੀਏ `ਤੇ ਦਬਾਅ ਵਧਣ ਲੱਗਾ ਏ ।ਲੋਕ ਪੱਖ ਦੀ ਜੋ ਮਾੜੀ ਜਿੰਨੀ ਸਪੇਸ ਬਚੀ ਹੋਈ ਦਿਖਦੀ ਹੈ ਉਹ ਵੀ ਸੁੰਗੜੀ ਜਾ ਰਹੀ ਹੈ । ਸਿਰਫ ਭਾਰਤ ਹੀ ਨਹੀਂ ਵਿਦੇਸ਼ਾਂ `ਚ ਐੱਨਆਰਆਈ ਮੀਡੀਏ `ਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ (ਉੱਥੇ ਬੈਠੇ ਸੰਘੀ ਟੋਲੇ ਤੇ ਸਫਾਰਤਖਾਨੇ ਰਾਹੀਂ )ਕਿ ਭਾਰਤ ਸਰਕਾਰ ਤੇ ਮੋਦੀ `ਸਾਹਿਬ` ਬਾਰੇ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਨੇ ਕਿਸ ਤਰਾਂ ਦੀਆਂ ਨਹੀਂ । ਮੀਡੀਆ ਅਦਾਰਿਆਂ ਦੇ ਐਡੀਟੋਰੀਅਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ । ਵਿਚਾਰਾਂ ਦੀ ਆਜ਼ਾਦੀ ਦੀ ਕਦਰ ਕਰਨ ਵਾਲੇ ਹਰ ਇਨਸਾਨ ਨੂੰ ਇਸ ਤਾਨਾਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਲੋੜ ਏ ``ਕੈਨੇਡਾ ਦੇ ਨਾਮਵਰ ਪੱਤਰਕਾਰ ਤੇ ਰੇਡੀਓ ਹੋਸਟ ਗੁਰਪ੍ਰੀਤ ਸਿੰਘ ਨੇ ਵੀ ਕੁਝ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ,`` ਭਾਰਤ ਵਿਚ ਇੱਕ ਫਾਸ਼ਿਸ਼ਟ ਸੁਭਾਅ ਵਾਲੀ ਸਰਕਾਰ ਸੱਤਾ `ਤੇ ਬਿਰਾਜਮਾਨ ਹੈ ਭਾਵੇਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਵੀ ਕੋਈ ਬਹੁਤੀ ਵਧੀਆ ਨਹੀਂ ਰਹੀ ਪਰ ਜਿਸ ਢੰਗ ਨਾਲ ਮੋਦੀ ਹਕੂਮਤ ਵੱਲੋਂ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ `ਤੇ ਹਮਲੇ ਹੋ ਰਹੇ ਹਨ ਇਹ ਇੱਕ ਖਾਮੋਸ਼ ਐਮਰਜੈਂਸੀ ਵੱਲ ਸੰਕੇਤ ਹੈ । ਵਿਦੇਸ਼ਾਂ `ਚ ਵੀ ਭਾਰਤੀ ਮੂਲ ਦੇ ਮੀਡੀਏ `ਤੇ ਮੋਦੀ ਸਰਕਾਰ ਦਬਾਅ ਬਣਾ ਰਹੀ ਹੈ `` ਯਾਦ ਰਹੇ ਗੁਰਪ੍ਰੀਤ ਸਿੰਘ ਨੂੰ ਮੋਦੀ ਹਕੂਮਤ ਦੀ ਤਾਨਾਹਸ਼ਾਹੀ ਕਰਕੇ 2014 `ਚ ਭਾਰਤੀ ਮੂਲ ਦੇ ਰੇਡੀਓ ਸਟੇਸ਼ਨ ਤੋਂ ਅਸਤੀਫਾ ਦੇਣਾ ਪਿਆ ਸੀ ।
ਪੰਜਾਬੀ ਦੇ ਸੁਪ੍ਰਸਿੱਧ ਕਾਲਮਨਵੀਸ ਸੁਕੀਰਤ ਅਨੁਸਾਰ , `` ਇਸ ਘਟਨਾ ਤੋਂ ਬਾਅਦ ਜੋ ਕਿਸੇ ਨੂੰ ਮਾੜਾ -ਮੋਟਾ ਸ਼ੱਕ ਸੀ ਉਹ ਵੀ ਦੂਰ ਹੋ ਜਾਵੇਗਾ ; ਭਾਰਤ `ਚ ਫਾਸ਼ੀਵਾਦੀ ਝੁਕਾਅ ਵਾਲੀ ਹਕੂਮਤ ਹੈ । ਸ਼ੱਕ ਉਦੋਂ ਤੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਚਿੰਦਬਰਮ ਵਾਲੀ ਇੰਟਰਵਿਊ ਦਾ ਪ੍ਰਸਾਰਣ ਇਸ ਚੈਨਲ ਤੋਂ ਨਹੀਂ ਹੋਇਆ ਸੀ ਕਿ ਇਹ ਚੈਨਲ `ਤੇ ਹੁਣ ਸਰਕਾਰ ਦਬਾਅ ਬਣਾ ਰਹੀ ਹੈ । ਸਰਕਾਰ ਦੀ ਇਹ ਕਾਰਵਾਈ ਰਵੀਸ਼ ਕੁਮਾਰ ਵਰਗੇ ਪੱਤਰਕਾਰਾਂ ਨੂੰ ਝੁਕਾਉਣ ਦੀ ਕੋਸ਼ਿਸ਼ ਹੈ । ਅੱਜ ਜਦੋਂ ਮੀਡੀਆ ਅਦਾਰਿਆਂ `ਤੇ ਲਗਾਤਾਰ ਸਰਕਾਰੀ ਦਬਾਅ ਵੱਧ ਰਿਹਾ ਹੈ ਤਾਂ ਪੱਤਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਵਿਚਾਰਧਾਰਕ ਮੱਤਭੇਦ ਭੁਲਾ ਕੇ ਇੱਕਜੁੱਟ ਹੋਣ ``
ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਇਸ ਕਾਰਵਾਈ ਨੂੰ ਭਾਜਪਾ ਹਕੂਮਤ ਦੇ ਹਿੰਦੂਤਵੀ ਏਜੰਡੇ ਦਾ ਹਿੱਸਾ ਮੰਨਦੇ ਹਨ । ਓਹਨਾ ਮੁਤਾਬਕ , `` ਭਾਜਪਾ ਦੇ ਹਿੰਦੂਤਵ ਏਜੰਡੇ ਦੇ ਰਾਹ `ਚ ਜੋ ਉਸ ਲਈ ਮੁਸ਼ਕਿਲ ਖਡ਼ੀ ਕਰਦਾ ਹੈ ਸਰਕਾਰ ਉਸ ਨਾਲ ਬੜੇ ਗ਼ੈਰਲੋਕਤੰਤ੍ਰਿਕ ਤਰੀਕੇ ਨਾਲ ਪੇਸ਼ ਆ ਰਹੀ ਹੈ । ਐਨਡੀਟੀਵੀ ਭੀੜ ਤੋਂ ਹਟ ਕੇ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਕਈ ਮੁਦਿਆਂ `ਤੇ ,ਇਸਦੇ ਰਵੀਸ਼ ਕੁਮਾਰ ਵਰਗੇ ਹੋਸਟ ਨੇ ਪੱਤਰਕਾਰੀ ਦੀਆਂ ਖ਼ਤਮ ਹੋ ਰਹੀਆਂ ਕਦਰਾਂ -ਕੀਮਤਾਂ ਨੂੰ ਬਚਾ ਕੇ ਰੱਖਿਆ ਹੈ । ਇਸੇ ਤਰ੍ਹਾਂ ਦੇ ਪਤਰਕਾਰ ਮੌਜੂਦਾ ਹਕੂਮਤ ਨੂੰ ਰੜਕਦੇ ਹਨ ।``
ਸੀਨੀਅਰ ਪੱਤਰਕਾਰ ਤੇ ਪੰਜਾਬ `ਅਪਡੇਟ` ਦੇ ਸੰਪਾਦਕ ਜਗਤਾਰ ਸਿੰਘ ਇਸ ਕਾਰਵਾਈ ਦੀ ਤੁਲਨਾ ਸੈਂਸਰਸ਼ਿਪ ਨਾਲ ਕਰਦੇ ਹੋਏ ਆਖਦੇ ਹਨ ਕਿ ਸੂਚਨਾ ਮੰਤਰਾਲੇ ਵੱਲੋਂ ਬਣਾਈ ਕਮੇਟੀ ਕੋਈ ਹੋਰ ਰਾਹ ਲੱਭ ਸਕਦੀ ਸੀ ਪਰ ਚੈਨਲ `ਤੇ ਰੋਕ ਦਾ ਮਤਲਬ ਉਹ ਕੱਲ੍ਹ ਨੂੰ ਹੋਰ ਮੀਡੀਆ ਅਦਾਰਿਆਂ `ਤੇ ਵੀ ਰੋਕ ਲਾ ਸਕਦੀ ਹੈ ।
ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੁਆਡੀਨੇਟਰ ਹਮੀਰ ਸਿੰਘ ਨੇ ਵੀ ਐਨਡੀਟੀਵੀ `ਤੇ ਇੱਕ ਦਿਨਾ ਰੋਕ ਦਾ ਵਿਰੋਧ ਕਰਦੇ ਕਿਹਾ ਕਿ ਜੇ ਸਰਕਾਰ ਨੂੰ ਕੁਝ ਇਤਰਾਜ਼ ਵਾਲੀ ਗੱਲ ਨਜ਼ਰ ਆਉਂਦੀ ਸੀ ਤਾਂ ਉਹ ਕੋਈ ਹੋਰ ਡਸੀਜ਼ਨ ਲੈ ਸਕਦੀ ਸੀ । । ਪੰਜਾਬੀ ਦੇ ਨਾਮਵਰ ਸਾਹਿਤ ਆਲੋਚਕ ਡਾ ਤੇਜਵੰਤ ਗਿੱਲ ਤੇ ਡਾ ਗੁਲਜ਼ਾਰ ਪੰਧੇਰ ਨੇ ਵੀ ਸਰਕਾਰ ਦੀ ਇਸ ਕਾਰਵਾਈ ਨੂੰ ਵਿਚਾਰਾਂ ਨੂੰ ਕੁਚਲਣ ਵਾਲੀ ਕਰਾਰ ਦਿੱਤਾ ਹੈ ।
ਇਹ ਗੱਲ ਕਾਬਲੇ -ਗੌਰ ਹੈ ਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਮੀਡੀਆ `ਤੇ ਸਰਕਾਰੀ ਦਬਾਅ ਵਧਣ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਹਨ । ਸਰਕਾਰ ਤੋਂ ਵੱਖਰੀ ਸੋਚ ਰੱਖਣ ਵਾਲੇ ਬਹੁਤ ਸਾਰੇ ਸੰਪਾਦਕਾਂ ਤੇ ਪੱਤਰਕਾਰਾਂ ਨੂੰ ਆਪਣੀ ਨੌਂਕਰੀ ਤੋਂ ਹੱਥ ਧੋਣਾ ਪਿਆ ।ਕਈ ਨਾਮਵਰ ਪੱਤਰਕਾਰ ਇਸੇ ਦਬਾਅ ਦੇ ਚਲਦੇ ਵੱਡੇ ਮੀਡੀਆ ਅਦਾਰਿਆਂ ਨੂੰ ਅਲਵਿਦਾ ਆਖ ਸਮਾਨੰਤਰ ਮੀਡੀਆ ਦੀਆਂ ਸੰਭਾਵਨਾਵਾਂ ਤਲਾਸ਼ਣ ਲੱਗੇ ਹਨ । ਸਿਧਾਰਤ ਵਰਧਰਾਜਨ , ਉਰਮਿਲੇਸ਼ , ਹਾਰਤੋਸ਼ ਬੱਲ, ਸਾਗਰਿਕਾ ਘੋਸ਼ ਵਰਗੇ ਪੱਤਰਕਾਰ ਇਸ ਰੁਝਾਨ `ਤੇ ਚਿੰਤਾ ਪ੍ਰਗਟਾ ਚੁੱਕੇ ਹਨ । ਭਾਰਤ ਦੇ ਸੁਪ੍ਰਸਿੱਧ ਪੱਤਰਕਾਰ ਪੀ . ਸਾਈਨਾਥ ਤਾਂ ਇਥੋਂ ਤੱਕ ਆਖ ਚੁੱਕੇ ਹਨ ਕਿ ਜੇਕਰ ਇੰਝ ਹੀ ਚਲਦਾ ਰਿਹਾ ਤਾਂ ਸਭ ਮੀਡੀਆ ਵਾਲਿਆਂ ਦਾ ਮਾਲਕ ਅੰਬਾਨੀ ਹੋਵੇਗਾ ਤੇ ਲੋਕਤੰਤਰ ਵਰਗੀ ਚੀਜ਼ ਦੇਸ਼ `ਚੋਂ ਖੰਭ ਲਾ ਕੇ ਉੱਡ ਜਾਵੇਗੀ ।