ਹਰ ਕੁਰਬਾਨੀ ਕਰਕੇ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਰੱਖਾਂਗੇ: ਬੂਟਾ ਸਿੰਘ ਬੁਰਜਗਿੱਲ
Posted on:- 12-10-2016
ਕਿਸਾਨ ਲਹਿਰ ਦੇ ਸਿਰਮੌਰ ਸ਼ਹੀਦ ਪ੍ਰਿਥੀਪਾਲ ਸਿੰਘ ਚੱਕਅਲੀਸ਼ੇਰ ਦਾ ਛੇਵਾਂ ਸ਼ਰਧਾਂਜਲੀ ਸਮਾਗਮ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੂਰੀ ਇਨਕਲਾਬੀ ਜੋਸ਼-ਖਰੋਸ਼ ਨਾਲ ਮਨਾਇਆ ਗਿਆ।ਇਸ ਵਿੱਚ ਹਜ਼ਾਰਾਂ ਦੀ ਤਾਦਾਦ 'ਚ ਕਿਸਾਨ ਮਰਦ ਔਰਤਾਂ ਨੇ ਸ਼ਮੂਲੀਅਤ ਕੀਤੀ। ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਯਾਦ 'ਚ ਉਸਾਰੇ ਯਾਦਗਾਰੀ ਗੇਟ ਉੱਪਰ ਜਥੇਬੰਦੀ ਦਾ ਝੰਡਾ ਝੁਲਾਉਣ ਦੀ ਰਸਮ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ 'ਚ ਸਮੁੱਚੀ ਸੂਬਾ ਕਮੇਟੀ ਵੱਲੋਂ ਅਦਾ ਕੀਤੀ ਗਈ।ਦੋ ਮਿੰਟ ਦਾ ਮੋਨ ਧਾਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਸ਼ਹੀਦ ਦੇ ਅਧੂਰੇ ਕਾਰਜ ਉੱਤੇ ਪਹਿਰਾ ਦੇਣ ਦਾ ਅਹਿਦ ਕੀਤਾ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਜ਼ਮੀਨੀ ਘੌਲ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਨੂੰ ੨੦੧੦ ਵਿੱਚ ਗਰੀਬ ਕਿਸਾਨ ਭੋਲਾ ਸਿੰਘ ਬੀਰੋਕੇਖੁਰਦ ਵਿਖੇ ਦੀ ਜ਼ਮੀਨ ਬਦਲੇ ਕੁਰਕੇ ਬੁਢਲਾਢੇ ਮੰਡੀ ਦੇ ਸੂਦਖੋਰ ਆੜਤੀਏ ਵੱਲੋਂ ਕਰਾਈ ਜਾ ਰਹੀ ਨਿਲਾਮੀ ਦਾ ਵਿਰੋਧ ਕਰਦਿਆਂ ਜਥੇਬੰਦੀ ਦੀ ਅਗਵਾਈ 'ਚ ਆੜਤੀਏ ਤੇ ਗੁੰਡਿਆਂ ਵੱਲੋਂ ਚਲਾਈ ਗੋਲੀ ਕਾਰਨ ਕਿਸਾਨਾਂ ਨਾਲ ਹੋਈ ਖੂਨੀ ਝੜੱਪ ਵਿੱਚ ਪ੍ਰਿਥੀਪਾਲ ਸਿੰਘ ਚੱਕਅਲੀਸ਼ੇਰ ਸ਼ਹੀਦ ਹੋ ਗਿਆ ਸੀ।ਬਹੁਤ ਸਾਰੇ ਕਿਸਾਨ ਆਗੂ ਸਖਤ ਫੱਟੜ ਹੋ ਗਏ ਹਨ।ਜਿਸ ਕਾਰਨ ਆੜਤੀਆ ਧਿਰ ਖਿਲ਼ਾਫ ਧਾਰਾ ੩੦੨ ਅਤੇ ਅਗਵਾਈ ਕਰਨ ਵਾਲੀ ਕਿਸਾਨ ਧਿਰ ਖਿਲਾਫ ਧਾਰਾ ੩੦੭ ਤਹਿਤ ਝੂਠਾ ਪੁਲਿਸ ਕੇਸ ਦਰਜ ਹੋ ਗਿਆ ਸੀ।ਲੰਮਾ ਸਮਾਂ ਕਾਨੰਨੀ ਪ੍ਰਕ੍ਰਿਆ ਰਾਹੀ ਜਥੇਬੰਦੀ ਦੀ ਠੀਕ ਦਿਸ਼ਾ ਵਿੱਚ ਕੀਤੀ ਅਗਵਾਈ ਸਦਕਾ ਛੇ ਦੋਸ਼ੀਆਂ ਨੂੰ ਉਮਰ ਕੈਦ ਸਜਾ ਹੋ ਚੁੱਕੀ ਹੈ।ਆਗੂਆਂ ਨੇ ਕਿਸਾਨਾਂ ਦੀ ਜਮੀਨਾਂ ਦੀ ਰਾਖੀ ਲਈ ਹਰ ਕਿਸਮ ਦੇ ਕਰਜਾ ਮੋੜਨ ਤੋਂ ਅਸਮਰੱਥ ਕਿਸਾਨਾਂ ਦੇ ਹਰ ਕਿਸਮ ਦਾ ਕਰਜਾ ਖਤਮ ਕਰਨ ਦੀ ਜੰਗ ਜਾਰੀ ਰੱਖਣ ਦਾ ਅਹਿਦ ਕੀਤਾ।
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੀਤ ਪ੍ਰਾਧਨ ਗੁਰਮੀਤ ਸਿੰਘ 'ਭੱਟੀਵਾਲ', ਤੇ ਗੁਰਦੀਪ ਸਿੰਘ ਰਾਮਪੁਰਾ ਨੇ ਜੋਰ ਦੇ ਕਿਹਾ ਕਿ ਕਰਜੇ ਬਦਲੇ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ, ਨਿਲਾਮੀ ਅਤੇ ਕਬਜੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਰਕਾਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਅਦਾਲਤਾਂ ਵਿੱਚ ਬੈਠਕੇ ਕਾਗਜ਼ਾਂ ਵਿੱਚ ਜੋ ਨਿਲਾਮੀਆਂ ਦਾ ਦੋਰ ਸ਼ੁਰੂ ਕੀਤਾ ਜਾ ਰਿਹਾ ਹੈ ਅਤਿ ਨਿੰਦਣਜੋਗ ਹੈ।ਉਹਨਾਂ ਕਿਹਾ ਕਿ ਜਮੀਨਾਂ ਦੇ ਨਿਬੇੜੇ ਤਾਂ ਹੁਣ ਖੇਤਾਂ'ਚ ਹੀ ਹੋਣਗੇ।
ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਸਿਰ ਚੜ੍ਹਿਆ ਸਰਕਾਰੀ,ਸਹਿਕਾਰੀ ਅਤੇ ਸ਼ਾਹੂਕਾਰਾ ਕਰਜਾ ਖਤਮ ਕੀਤਾ ਜਾਵੇ।ਆਗੂਆਂ ਰਾਮ ਸਿੰਘ ਮਟੋਰੜਾਂ,ਗੋਰਾ ਸਿੰਘ ਬੈਣੀਬਾਘਾ ਡਾ.ਦਰਸ਼ਨ ਪਾਲ ਨੇ ਜ਼ੋਰ ਦੇਕੇ ਕਿਹਾ ਕਿ ਕਿਸਾਨੀ ਕਰਜ਼ੇ ਦਾ ਸੰਕਟ ਕੇਂਦਰੀ ਆਤੇ ਸੂਬਾਈ ਸਰਕਾਰਾਂ ਦੀਆਂ ਸਾਮਰਾਜ ਦੇਸੀ ਬਦੇਸ਼ੀ ਘਰਾਣਿਆਂ ਨੂੰ ਅੰਨ੍ਹੇ ਮੁਨਾਫੇ ਬਖਸ਼ਣ ਵਾਲੀਆਂ ਕਿਸਾਨ ਵਿਰੋਧੀ ਗਲਤ ਨੀਤੀਆਂ ਕਾਰਨ ਪੈਦਾ ਹੋਇਆ ਹੈ।ਹੁਣ ਤੱਕ ਕੋਈ ਵੀ ਕਿਸਾਨ ਪੱਖੀ ਕਰਜਾ ਪੱਖੀ ਨੀਤੀ ਨਾ ਹੋਣੀ,ਕਰਜ਼ਾ ਕਾਨੂੰਨ ਸੁਦਖੋਰੀ ਤੇ ਅਧਾਰਤ ਅਤੇ ਕਿਸਾਨਾਂ ਦੀਆਂ ਜਿਣਸਾਂ ਦੀ ਸਸਤੇ ਭਾਅ ਲੁੱਟ ਤੇ ਅਧਾਰਤ ਹੈ।
ਉਨ੍ਹਾਂ ਮੰਗ ਕੀਤੀ ਕਿ ਡਾ.ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਖੇਤੀ ਜਿਣਸਾਂ ਦੇ ਭਾਅ ਤਹਿ ਕੀਤੇ ਜਾਣ ਅਤੇ ਹਰ ਫਸਲ ਦੀ ਖ੍ਰੀਦ ਯਕੀਨੀ ਬਣਾਈ ਜਾਵੇ।ਇਸ ਸਮੇਂ ਸ਼ਹੀਦ ਪ੍ਰਿਥੀਪਾਲ ਸਿੰਘ ਚੱਕਅਲੀਸ਼ੇਰ ਦੀ ਜੀਵਨ ਸਾਥਣ ਸੁਖਵਿੰਦਰ ਕੌਰ ਨੂੰ ਸਨਮਾਨਿਤ ਕਰਨ ਦੀ ਰਸਮ ਸੂਬਾ ਖਜਾਨਚੀ ਰਾਮ ਸਿੰਘ ਮਟੋਰੜਾਂ ਦੀ ਅਗਵਾਈ 'ਚ ਅਦਾ ਕੀਤੀ ਗਈ ਅਤੇ ਸ਼ਹੀਦ ਦੇ ਪ੍ਰੀਵਾਰ ਦੀ ਮਾਇਕ ਸਹਾਇਤਾ ਵੀ ਕੀਤੀ ਗਈ।
ਇਸ ਸਮੇਂ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ,ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ,ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਫੂਲੇਵਾਲਾ,ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਬਲਿਆਲ,ਪਟਿਆਲਾ ਜ਼ਿਲ੍ਹੇ ਦੇ ਆਗੂ ਹਰਭਜਨ ਸਿੰਘ ਬੁੱਟਰ,ਹਰਦੀਪ ਸਿੰਘ ਗਾਲਿਬ ਲੁਧਿਆਣਾ,ਹਰਨੇਕ ਸਿੰਘ ਮਹਿਮਾ ਫਿਰੋਜ਼ਪੁਰ ਆਦਿ ਨੇ ਵੀ ਸੰਬੋਧਨ ਕਰਦਿਆਂ ਕਿਸਾਨੀ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਕਰਦਿਆਂ ਚੇਤੰਨ ਜਥੇਬੰਦਕ ਸੰਘਰਸ਼ਾਂ ਤੇਜ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ ।ਇਸ ਸਮੇਂ ਆਜ਼ਾਦ ਰੰਗ ਬਰਨਾਲਾ(ਨਿਰਦੇਸ਼ਕ ਰਣਜੀਤ ਭੋਤਨਾ) ਦੀ ਨਾਟਕ ਟੀਮ ਵੱਲੋਂ ਬਹੁਤ ਹੀ ਖੂਬਸੂਰਤ ਕੋਰਿਉਗ੍ਰਾਫੀ " ਫੋਰਡ ਟਰੈਕਟਰ" ਅਤੇ ਨਾਟਕ "ਉਮੀਦਾਂ ਦੀ ਅਰਥੀ" ਪੇਸ਼ ਕੀਤੀ ਜਿਸ ਨੇ ਦਰਸ਼ਕਾਂ ਉੱਪਰ ਚੰਗਾ ਪ੍ਰਭਾਵ ਛੱਡਿਆ।
ਅਜਮੇਰ ਅਕਲੀਆ ਅਤੇ ਗਗਨ ਲੌਂਗੋਵਾਲ ਨੇ ਲੋਕ ਪੱਖੀ ਗੀਤ/ਕਵੀਸ਼ਰੀਆਂ ਪੇਸ਼ ਕੀਤੀਆਂ।ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਵੱਲੋਂ ਅਗਾਂਹਵਧੂ ਉਸਾਰੂ ਲੋਕ ਪੱਖੀ ਸਾਹਿਤ ਦੀ ਸਟਾਲ ਲਗਾਈ ਗਈ।ਸਟੇਜ ਸਕੱਤਰ ਦੇ ਫਰਜ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਬਾਖੂਬੀ ਨਿਭਾਏ। ਇਕੱਠ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਲੂਰ ਵਿਖੇ ਦਲਿਤ ਮਜ਼ਦੂਰਾਂ ਉੱਪਰ ਧਨਾਢ ਸਿਆਸੀ ਸ਼ਹਿ ਪ੍ਰਾਪਤ ਕੁੱਝ ਕਿਸਾਨਾਂ ਵੱਲੋਂ ਹਮਲਾ ਕਰਕੇ ਫੱਟੜ ਕਰਨ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਗ੍ਰਿਫਤਾਰ ਕੀਤੇ ਮਜ਼ਦੂਰਾਂ ਉੱਪਰ ਦਰਜ ਪਰਚਾ ਖਾਰਜ ਕਰਕੇ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕਰਨ,ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ,ਹੱਕ ਮੰਗਦੇ ਬੇਰੁਜ਼ਗਾਰਾਂ ਅਤੇ ਠੇਕਾ ਅਧਾਰਤ ਮੁਲਾਜ਼ਮਾਂ ਉਪੱਰ ਪੁਲਿਸ ਵੱਲੋਂ ਢਾਹੇ ਜਾ ਰਹੇ ਅੰਨੇ ਪੁਲਿਸ ਤਸ਼ੱਦਦ ਦੀ ਨਿਖੇਧੀ ਕਰਨ ਦੇ ਮਤੇ ਪਾਸ ਕੀਤੇ ਗਏ।