ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਤੇ ਗੁਰਸ਼ਰਨ ਭਾਅ ਜੀ ਨੂੰ ਸਮਰਪਿਤ ਸਮਾਗਮ
Posted on:- 03-10-2016
ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ, ਕੈਲਗਰੀ ਦੀ ਮੰਚ ਟੀਮ ਵਲੋਂ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਨਾਟਕ 'ਹੈਲੋ ਕੈਨੇਡਾ' ਤੋਂ ਇਲਾਵਾ ਦੋ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।ਇਹ ਸਮਾਗਮ ਸ਼ਹੀਦ ਭਗਤ ਸਿੰਘ ਦੇ ੧੦੯ਵੇਂ ਜਨਮ ਦਿਨ ਅਤੇ ਪੰਜਾਬੀ ਇਨਕਲਾਬੀ ਰੰਗ ਮੰਚ ਦੇ ਬਾਬਾ ਬੋਹੜ ਗੁਰਸ਼ਰਨ ਭਾਅ ਜੀ ਦੀ ਪੰਜਵੀਂ ਬਰਸੀ ਨੂੰ ਸਮਰਮਿਤ ਸੀ।ਤਿੰਨਾਂ ਪੇਸ਼ਕਾਰੀਆਂ ਦੀ ਨਿਰਦੇਸ਼ਨਾ ਕਮਲਪ੍ਰੀਤ ਪੰਧੇਰ ਨੇ ਕੀਤੀ।ਕੈਲਗਰੀ ਵਿੱਚ ਪਹਿਲੀ ਵਾਰ ਇਹ ਨਾਟਕ ਨੁੱਕੜ ਸ਼ੈਲੀ ਵਿੱਚ ਪੇਸ਼ ਕੀਤਾ ਗਿਆ।ਜੈਨਸਿਸ ਸੈਂਟਰ ਦੇ ਇਨਡੋਰ ਚੌਗਰਿਦੇ ਵਿੱਚ ਨਾਟਕ ਖੇਡਣ ਦਾ ਵੀ ਪਹਿਲਾ ਤਜ਼ਰਬਾ ਸੀ ਜਿਹੜਾ ਬੇਹੱਦ ਸਫਲ ਰਿਹਾ।ਇਸ ਜਗ੍ਹਾ ਤੇ ਲੋਕ ਲਾਇਬਰੇਰੀ ਵਿੱਚ ਪੜ੍ਹਨ ਜਾਂ ਵਰਜਿਸ਼ ਕਰਨ ਦੇ ਮਕਸਦ ਨਾਲ਼ ਆਉਂਦੇ ਹਨ ਪਰ ਇਸ ਸਮਾਗਮ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਬੰਨ੍ਹ ਦਿੱਤਾ।
ਅਲਬਰਟਾ ਸਰਕਾਰ ਦੁਆਰਾ ਪਹਿਲੀ ਅਕਤੂਬਰ ਤੋਂ ਘੱਟੋ-ਘੱਟ ਉਜਰਤ ਵਿੱਚ ਕੀਤੇ ਗਏ ਵਾਧੇ ਨੂੰ ਸਮਰਪਿਤ ਪਹਿਲੀ ਕੋਰੀਓਗਰਾਫੀ ਪੇਸ਼ ਕੀਤੀ ਗਈ। ਇਸ ਵਿੱਚ ਮਿਹਨਤ ਕਰਕੇ ਜ਼ਿੰਦਗੀ ਤੋਰਨ ਵਾਲ਼ੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਗਈ। ਕਮਲਪ੍ਰੀਤ ਨੇ ਕਿਹਾ ਕਿ ਅਲਬਰਟਾ ਸੂਬੇ ਵਿੱਚ ਘੱਟੋ-ਘੱਟ ਉਜਰਤ ਵਿੱਚ ਕੀਤੇ ਗਏ ਵਾਧੇ ਦਾ ਕਰਪੋਰੇਟ ਜਗਤ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਇੱਕ ਮਜ਼ਦੂਰ ਜਿੰਨਾ ਸਮਾਂ ਨੌਕਰੀ ਨੂੰ ਉਸ ਨਾਲ਼ ਕਾਮੇ ਦਾ ਕੰਪਨੀ ਦੇ ਕੁੱਲ੍ਹ ਲਾਭ ਤੇ ਪੰਜਾਹ ਫੀਸਦੀ ਹੱਕ ਬਣਦਾ ਹੈ।
ਦੂਜੀ ਕੋਰੀਓਗਰਾਫੀ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੀ।ਮਾਸਟਰ ਭਜਨ ਨੇ ਇਸ ਕੋਰੀਓਗਰਾਫੀ ਬਾਰੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਨਾਅਰਾ ਇਨਕਲਾਬ-ਜ਼ਿੰਦਾਬਾਦ ਦੇ ਨਾਲ਼-ਨਾਲ਼ ਸਾਮਰਾਜਵਾਦ ਦੇ ਵਿਰੁੱਧ ਵੀ ਸੀ।ਉਹਨਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਲੜਾਈ ਸਿਰਫ ਅੰਗਰੇਜ਼ੀ ਹਕੂਮਤ ਦੇ ਵਿੱਰੁਧ ਨਹੀਂ ਸੀ ਸਗੋਂ ਉਹਨਾਂ ਦਾ ਸੰਘਰਸ਼ ਨਾ-ਬਾਰਾਬਰੀ ਵਾਲ਼ੇ ਸਿਸਟਮ ਵਿਰੁੱਧ ਸੀ।ਉਹਨਾਂ ਕਿਹਾ ਕਿ ਅੱਜ ਵੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਜਾਰੀ ਹੈ ਜਿਸ ਕਰਕੇ ਇੱਕ ਹੋਰ ਸੰਘਰਸ਼ ਦੀ ਲੋੜ ਹੈ। ਇਸ ਤੋਂ ਬਾਅਦ ਪੇਸ਼ ਕੀਤੇ ਨਾਟਕ 'ਹੈਲੋ ਕੈਨੇਡਾ' ਰਾਹੀਂ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਦੀ ਗੱਲ ਕੀਤੀ ਗਈ।ਇਹ ਨਾਟਕ ਉਹਨਾਂ ਲੋਕਾਂ ਨੂੰ ਜਾਗੋ ਦਾ ਹੋਕਾ ਦੇ ਗਿਆ ਜਿਹੜੇ ਇਹ ਸੋਚਦੇ ਹਨ ਕਿ ਸ਼ਾਇਦ ਕੈਨੇਡਾ ਵਰਗੇ ਮੁਲਕ ਵਿੱਚ ਆ ਕੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ। ਨਾਟਕ ਵਿੱਚ ਪੇਸ਼ ਪੰਜਾਬੀ ਪਰਿਵਾਰਾਂ ਦੇ ਅੰਦਰੂਨੀ ਹਾਲਾਤ ਦਰਸ਼ਕਾਂ ਨੂੰ ਹਸਾਉਣ ਵਿੱਚ ਸਫਲ ਰਹੇ। ਨਿਰਦੇਸ਼ਕਾ ਕਮਲਪ੍ਰੀਤ ਪੰਧੇਰ ਨੇ ਬਾਅਦ ਵਿੱਚ ਦੱਸਿਆ ਕਿ ਸਾਨੂੰ ਇਸ ਮੁਲਕ ਵਿੱਚ ਆ ਕੇ ਨਵੇਂ ਕਿਸਮ ਦੀਆਂ ਚੁਣੌਤੀਆਂ ਨੂੰ ਸਮਝਣ ਦੀ ਲੋੜ ਹੈ।ਇਸ ਨਾਟਕ ਵਿੱਚ ਕਮਲਪ੍ਰੀਤ ਤੋਂ ਇਲਾਵਾ ਨਵਕਿਰਨ ਢੁੱਡੀਕੇ, ਗੁਰਿੰਦਰ ਬਰਾੜ,ਬਲਜਿੰਦਰ ਢਿੱਲੋਂ,ਜੱਸੀ ਮੁੰਜਾਲ,ਚੰਨਪ੍ਰੀਤ ਮੁੰਜਾਲ ਤੇ ਸਹਿਜ ਪੰਧੇਰ ਤੋਂ ਇਲਾਵਾ ਜੱਸ ਲੰਮ੍ਹੇ, ਗਗਨ ਲੰਮ੍ਹੇ,ਸੁਖਵੀਰ ਗਰੇਵਾਲ, ਪ੍ਰਭਲੀਨ ਗਰੇਵਾਲ ਤੇ ਸਹਿਜ ਪੰਧੇਰ ਨੇ ਕੋਰੀਓਗਰਾਫੀ ਵਿੱਚ ਭਾਗ ਲਿਆ।ਕਮਾਸਟਰ ਬੱਚਿਤਰ ਗਿੱਲ ਅਤੇ ਹਰਨੇਕ ਬੱਧਣੀ ਨੇ ਕਵਿਤਾਵਾਂ ਰਾਹੀਂ ਸਮਾਂ ਬੰਨਿਆ।ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਮਾਨ ਨੇ ਵੀ ਸੰਬੋਧਨ ਕੀਤਾ।ਮੰਚ ਸੰਚਾਲਕ ਮਾਸਟਰ ਭਜਨ ਨੇ ਸਮੁੱਚੇ ਮੀਡੀਆ ਤੇ ਦਰਸ਼ਕਾਂ ਤੋਂ ਇਲਾਵਾ ਜੈਨਸਿਸ ਸੈਂਟਰ ਮੈਨੇਜਮੈਂਟ ਦਾ ਵਿਸ਼ੇਸ਼ ਧੰਨਵਾਦ ਕੀਤਾ।-ਹਰਚਰਨ ਸਿੰਘ ਪਰਹਾਰ
-ਸੁਖਵੀਰ ਗਰੇਵਾਲ