ਅੰਤਿਮ ਸੰਸਕਾਰ ਲਈ ਪੰਜਾਬੀਆਂ ਦੇ ਆਪਣੇ ਫਿਊਨਰਲ ਹੋਮ ਦੀ ਕੀਤੀ ਸ਼ੁਰੂਆਤ
Posted on:- 20-07-2016
- ਹਰਬੰਸ ਬੁੱਟਰ
ਕੈਲਗਰੀ: ਮੌਤ ਉਪਰੰਤ ਮਨੁੱਖੀ ਸਰੀਰ ਦੇ ਅੰਤਿਮ ਸੰਸਕਾਰ ਲਈ ਪੰਜਾਬੀ ਭਾਈਚਾਰੇ ਦਾ ਆਪਣਾ ਫਿਊਨਰਲ ਹੋਮ “ ਕੰਟਰੀ ਹਿੱਲਜ਼ ਕਰੀਮੈਟੋਰੀਅਮ” ਕੈਲਗਰੀ ਵਿਖੇ ਬਣਕੇ ਤਿਆਰ ਹੋ ਗਿਆ ਹੈ। ਪੰਜਾਬੀਆਂ ਦੀ ਭਾਈਵਾਲੀ ਵਾਲੇ ਇਸ ਸੇਵਾ ਸੈਂਟਰ ਦਾ ਬੀਤੇ ਐਂਤਵਾਰ ਰਸਮੀ ਉਦਘਾਟਨ ਹੋਇਆ । ਇਸ ਮੌਕੇ ਆਏ ਹੋਏ ਲੋਕਾਂ ਨੂੰ ਇਸ ਸਥਾਨ ਉੱਪਰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ । ਗੱਲ ਬਾਤ ਦੌਰਾਨ ਸਵਰਗੀ ਮਨਮੀਤ ਸਿੰਘ ਭੁੱਲਰ ਦੇ ਪਿਤਾ ਜੀ ਸ: ਬਲਜਿੰਦਰ ਸਿੰਘ ਭੁੱਲਰ ਜੋ ਕਿ ਇਸ ਸੰਸਥਾ ਦੀ ਪਰਬੰਧਕੀ ਟੀਮ ਦਾ ਮੁੱਖ ਹਿੱਸਾ ਵੀ ਹਨ,ਨੇ ਦੱਸਿਆ ਕਿ ਮੇਰੇ ਸਵਰਗੀ ਪੁੱਤਰ ਮਨਮੀਤ ਸਿੰਘ ਭੁੱਲਰ ਦਾ ਇਹ ਸੁਪਨਾ ਉਸ ਦੇ ਇਸ ਜਹਾਨ ਤੋਂ ਤੁਰ ਜਾਣ ਉਪਰੰਤ ਪੂਰਾ ਹੋ ਰਿਹਾ ਹੈ। ਮਨਮੀਤ ਚਾਹੁੰਦਾ ਸੀ ਕਿ ਕਿਸੇ ਪਰਿਵਾਰ ਵਿੱਚ ਮੌਤ ਉਪਰੰਤ ਅੰਤਿਮ ਸੰਸਕਾਰ ਮੌਕੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਖਿਆਲ ਵਿੱਚ ਰੱਖਦਿਆਂ ਸਾਰੀਆਂ ਰਸਮਾਂ ਸਾਡੇ ਧਰਮ,ਸੱਭਿਆਚਾਰ ਦੇ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਹਨ।
ਤਕਰੀਬਨ 20,000 ਸਕੇਅਰ ਫੁੱਟ ਜਗਾਹ ਉੱਪਰ ਅਤਿ ਆਧੁਨਿਕ ਤਕਨੀਕੀ ਸਿਸਟਮ ਨਾਲ ਉਸਰੀ ਇਸ ਇਮਾਰਤ ਵਿੱਚ 1000 ਦੇ ਕਰੀਬ ਲੋਕਾਂ ਦੇ ਬੈਠਣ ਦੀ ਸੁਵਿਧਾ ਹੈ।ਬਿਜਲਈ ਭੱਠੀਆਂ ਰਾਹੀਂ ਇੱਕੋ ਮੌਕੇ ਦੋ ਮਨੁੱਖੀ ਸਰੀਰਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਸਕਦਾ ਹੈ। ਵਰਨਣਯੋਗ ਹੈ ਕਿ ਬੀਤੇ ਸਾਲ ਕਨੇਡਾ ਦੇ ਅਲਬਰਟਾ ਸੂਬੇ ਦੀ ਸਿਆਸਤ ਵਿੱਚ ਮੰਤਰੀ ਰਹੇ ਸਵ: ਮਨਮੀਤ ਸਿੰਘ ਭੁੱਲਰ ਦੀ ਮਾੜੇ ਬਰਫੀਲੇ ਮੌਸਮ ਦੌਰਾਨ ਕਿਸੇ ਰਾਹਗੀਰ ਦੀ ਮਦਦ ਕਰਦਿਆਂ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ। ਇਸ ਮੌਕੇ ਕੈਲਗਰੀ ਸਹਿਰ ਦੇ ਮੇਅਰ ਨਾਹੀਦ ਨੈਨਸੀ ,ਓਨਟਾਰੀਓ ਸੂਬੇ ਤੋਂ ਵਿਸ਼ੇਸ਼ ਤੌਰ ‘ਤੇ ਸ: ਇੰਦਰਜੀਤ ਸਿੰਘ ਬੱਲ ਜੋ ਕਿ ਉਸ ਸੂਬੇ ਵਿੱਚ ਵੀ ਅਜਿਹੀ ਸੰਸਥਾ ਚਲਾ ਰਹੇ ਹਨ, ਐਮ ਐਲ ਏ ਪ੍ਰਭ ਗਿੱਲ, ਦਸਮੇਸ ਕਲਚਰਲ ਸੀਨੀਅਰਜ਼ ਸੋਸਾਇਟੀ ਤੋਂ ਸ: ਸੁਖਦੇਵ ਸਿੰਘ ਖੈਰਾ,ਵਰਿੰਦਰਜੀਤ ਸਿੰਘ ਭੱਟੀ,ਪ੍ਰਤਿਮ ਸਿੰਘ ਕਾਹਲੋਂ, ਹਰਬੰਸ ਸਿੰਘ ਸਿੱਧੂ, ਗਲੋਬਲ ਪਰਵਾਸੀ ਤੋਂ ਸੱਤਪਾਲ ਕੌਸਿਲ, ਅਤੇ ਹੋਰ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।