ਕਾਵਿ-ਪੁਸਤਕ 'ਆਈਨਾ' ਲੋਕ-ਅਰਪਣ
Posted on:- 17-07-2016
- ਪ੍ਰੀਤਮ ਲੁਧਿਆਣਵੀ
ਮੁਹਾਲੀ : ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਵਿਖੇ ਕਵੀ ਮੰਚ ਮੁਹਾਲੀ ਵਲੋਂ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਕਰਵਾਕੇ ਨਾਮਵਰ ਕਵੀ ਬਲਬੀਰ ਸਿੰਘ ਬੀਰ ਦੀ ਬਾਰ੍ਹਵੀਂ ਕਾਵਿ-ਪੁਸਤਕ 'ਆਈਨਾ' ਦਾ ਲੋਕ-ਅਰਪਣ ਕੀਤੀ ਗਈ। ਮੁੱਖ ਮਹਿਮਾਨ ਡਾ. ਮੰਗਲ ਸਿੰਘ ਬੈਂਸ, ਡਾਇਰੈਕਟਰ ਪ੍ਰਿੰਸੀਪਲ, ਗਰੁੱਪ ਆਫ ਕਾਲਜਿਜ਼, ਰਿਆਤ ਐਂਡ ਬਾਹਰਾ ਯੂਨੀਵਰਸਿਟੀ, ਸਹੌੜਾਂ (ਮੁਹਾਲੀ) ਦੇ ਨਾਲ ਪ੍ਰਧਾਨਗੀ ਮੰਡਲ ਵਿਚ ਦਵਿੰਦਰ ਸਿੰਘ ਬੇਦੀ (ਡਾਇਰੈਕਟਰ, ਗਰੁੱਪ ਆਫ ਸ਼ਿਵਾਲਿਕ ਪਬਲਿਕ ਸਕੂਲਜ਼), ਉਸਤਾਦ ਗ਼ਜ਼ਲਗੋ ਬਲਬੀਰ ਸਿੰਘ ਸੈਣੀ (ਮੁੱਖ ਸੰਪਾਦਕ, ਸੂਲ ਸੁਰਾਹੀ), ਸਿਰੀ ਰਾਮ ਅਰਸ਼ (ਪ੍ਰਧਾਨ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ), ਭਗਤ ਰਾਮ ਰੰਗਾੜਾ (ਪ੍ਰਧਾਨ, ਕਵੀ ਮੰਚ), ਸ੍ਰੀਮਤੀ ਤਰਸੇਮ ਕੌਰ ਬੈਂਸ (ਨੈਸ਼ਨਲ ਐਵਾਰਡੀ) ਅਤੇ ਪੁਸਤਕ ਦੇ ਲੇਖਕ ਬਲਬੀਰ ਸਿੰਘ ਬੀਰ ਜੀ ਵੀ ਸਸ਼ੋਭਿਤ ਸਨ, ਜਿਨ੍ਹਾਂ ਨੇ ਪੁਸਤਕ ਲੋਕ-ਅਰਪਣ ਕਰਨ ਦੀ ਰਸਮ ਸਾਂਝੇ ਤੌਰ ਤੇ ਅਦਾ ਕੀਤੀ।
ਉਪਰੰਤ ਵਿਦਵਾਨ ਡਾ. ਬਲਜੀਤ ਸਿੰਘ ਅਤੇ ਕਸ਼ਮੀਰ ਕੌਰ ਸੰਧੂ ਨੇ ਪੁਸਤਕ ਸਬੰਧੀ ਪਰਚਾ ਪੜ੍ਹਿਆ ਅਤੇ ਪੁਸਤਕ ਦੀ ਭਰਪੂਰ ਸ਼ਲਾਘਾ ਕਰਦਿਆਂ ਲੇਖਕ ਨੂੰ ਮੁਬਾਰਕਵਾਦ ਦਿੱਤੀ। ਬਾਬੂ ਰਾਮ ਦੀਵਾਨਾ ਅਤੇ ਰੰਗਾੜਾ ਜੀ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ ਲੇਖਕ ਦੀ ਕਿਰਤ ਨੂੰ ਸਲਾਹਿਆ। ਆਪਣੇ ਪ੍ਰਧਾਨਗੀ ਭਾਸ਼ਨ ਵਿਚ ਵਿਚਾਰ ਪੇਸ਼ ਕਰਦਿਆਂ ਮੁੱਖ ਮਹਿਮਾਨ ਡਾ. ਬੈਂਸ ਨੇ ਕਿਹਾ, 'ਇਹੋ ਜਿਹੀਆਂ ਮਿਆਰੀ ਪੁਸਤਕਾਂ ਦੀ ਸਮਾਜ ਨੂੰ ਲੋੜ ਹੈ। ਇਹ ਪੁਸਤਕ ਪਾਠਕਾਂ ਲਈ ਰਾਹ-ਦਸੇਰਾ ਬਣੇਗੀ।'
ਬਲਬੀਰ ਸਿੰਘ ਸੈਣੀ ਨੇ ਜਿੱਥੇ ਆਪਣੀਆਂ ਗਜਲਾਂ ਨਾਲ ਰੰਗ ਬੰਨ੍ਹਿਆ, ਉਥੇ ਉਨ੍ਹਾਂ ਪੁਸਤਕ ਪ੍ਰਤੀ ਵਿਚਾਰ ਪੇਸ਼ ਕਰਦਿਆਂ ਕਿਹਾ, 'ਰਚਨਾਵਾਂ ਵਿੱਚ ਸੁਰ, ਤਾਲ ਅਤੇ ਲੈਅ ਹੈ।' ਅਰਸ਼ ਜੀ ਨੇ ਕਿਹਾ, 'ਪੁਸਤਕ ਵਿੱਚ ਰਚਨਾਵਾਂ ਲੇਖਕ ਨੇ ਆਪਣੇ ਜੀਵਨ ਦੇ ਤਜਰਬੇ ਨੂੰ ਮੁੱਖ ਰਖਕੇ ਲਿਖੀਆਂ ਹਨ ਅਤੇ ਇਹ ਪੁਸਤਕ ਲਾਇਬ੍ਰੇਰੀਆਂ ਲਈ ਸਾਂਭਣ ਯੋਗ ਦਸਤਾਵੇਜ ਹੈ।' ਪੁਸਤਕ ਦੇ ਲੇਖਕ ਬੀਰ ਨੇ ਤੁਰੰਨਮ ਵਿੱਚ ਆਪਣੀਆਂ ਤਿੰਨ ਨਜ਼ਮਾਂ ਅਤੇ ਕੁਝ ਚੋਣਵੇਂ ਸ਼ਿਅਰ ਪੇਸ਼ ਕਰਕੇ ਸਰੋਤਿਆਂ ਤੋਂ ਖੂਬ ਤਾੜੀਆਂ ਖੱਟੀਆਂ| ਇਸ ਅਵਸਰ ਤੇ ਬੀਰ ਜੀ ਨੂੰ ਮੰਚ ਵਲੋਂ ਯਾਦਗਾਰੀ ਚਿੰਨ ਅਤੇ ਲੋਈ ਨਾਲ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਤੇ ਚੱਲੇ ਕਵੀ-ਦਰਬਾਰ ਵਿੱਚ ਜਗਤਾਰ ਸਿੰਘ ਜੋਗ, ਬਾਬੂ ਰਾਮ ਦੀਵਾਨਾ, ਅਮਰਜੀਤ ਪਟਿਆਲਵੀ, ਬਲਦੇਵ ਸਿੰਘ ਪ੍ਰਦੇਸੀ ਅਤੇ ਹਰਪ੍ਰੀਤ ਕੌਰ ਪ੍ਰੀਤ ਨੇ ਤਰੰਨੁਮ ਵਿਚ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦੇ ਦਿਲਾਂ ਨੂੰ ਜਿੱਤ ਲਿਆ। ਨਸੀਬ ਸਿੰਘ ਸੇਵਕ (ਮੁੱਖ ਸੰਪਾਦਕ, ਭਾਈ ਦਿਤ ਸਿੰਘ ਪ੍ਰਤਿਕਾ), ਹਰਦੀਪ ਲੌਂਗੀਆ, ਬਲਜੀਤ ਸੈਣੀ, ਮਲਕੀਅਤ ਬਸਰਾ, ਜਗਜੀਤ ਸਿੰਘ ਨੂਰ, ਬਲਵਿੰਦਰ ਵਾਲੀਆ, ਪਰਸ ਰਾਮ ਸਿੰਘ ਬੱਧਣ, ਆਰ.ਕੇ.ਭਗਤ, ਸੇਵੀ ਰਾਇਤ, ਡਾ. ਬੀ.ਕੇ ਪੰਨੂੰ ਪਰਵਾਜ਼, ਵੇਦ ਪ੍ਰਕਾਸ਼, ਗੁਰਨਾਮ ਸਿੰਘ ਬਿਜਲੀ ਅਤੇ ਵਿਮਲਾ ਗੁਗਲਾਨੀ ਨੇ ਵੀ ਆਪੋ-ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ।
ਹੋਰਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਅਸ਼ਕ ਅੰਮ੍ਰਿਤਸਰੀ, ਜਗਪਾਲ ਸਿੰਘ ਆਈ. ਏ. ਐਫ, ਜਸਪਾਲ ਸਿੰਘ ਕੰਵਲ (ਸੰਪਾਦਕ, ਭਾਈ ਦਿਤ ਸਿੰਘ ਪ੍ਰਤਿਕਾ), ਅਵਤਾਰ ਸਿੰਘ ਮਹਿਤਪੁਰੀ, ਬਲਬੀਰ ਸਿੰਘ ਸਾਗੀ, ਧਰਮ ਪਾਲ ਸਿੱਧੂ, ਪਰਵਿੰਦਰ ਸਿੰਘ ਆਈਡਿਆ, ਕਰਨਲ ਏ.ਐਸ. ਭਿੰਡਰ, ਐਮ.ਐਸ. ਕਲਸੀ, ਕੇ.ਸੀ. ਗੁਪਤਾ, ਜਰਨੈਲ ਸਿੰਘ ਸਿੱਧੂ, ਦੇਵਕੀ ਦੇਵੀ ਪ੍ਰਭਾਕਰ, ਤਰਸੇਮ ਸਮਾਣਾ ਅਤੇ ਨਵਰੂਪ ਕੌਰ ਰੂਪ ਆਦਿ ਨੇ ਵੀ ਵਿਸ਼ੇਸ਼ ਤੌਰ ਤੇ ਅਖੀਰ ਤੱਕ ਹਾਜਰੀਆਂ ਭਰੀਆਂ।
ਸਮਾਗਮ ਦੇ ਅੰਤ ਵਿੱਚ ਮੰਚ ਦੇ ਜਨਰਲ ਸਕੱਤਰ ਡਾ. ਹਰਦੀਪ ਲੌਂਗੀਆਂ ਨੇ ਜਿੱਥੇ ਪ੍ਰਧਾਨਗੀ ਮੰਡਲ ਵਿਚ ਸਸ਼ੋਭਿਤ ਸਖਸ਼ੀਅਤਾਂ, ਸ਼ਾਇਰਾਂ ਅਤੇ ਆਏ ਸਰੋਤਿਆਂ ਦਾ ਦਿਲੀ ਧੰਨਵਾਦ ਕੀਤਾ ਉਥੇ ਨਾਲ ਹੀ ਮੰਚ ਵਲੋਂ ਅਗਲੀ ਕਾਵਿ-ਪੁਸਤਕ ਦੇ ਅਰੰਭੇ ਗਏ ਕਾਰਜ ਦੀ ਗੱਲ ਕਰਦਿਆਂ ਸਮਾਜਿਕ, ਦੇਸ਼ ਪਿਆਰ ਅਤੇ ਧਾਰਮਿਕ ਵਿਸ਼ਿਆਂ ਉਤੇ ਲੇਖਕਾਂ ਤੋਂ ਰਚਨਾਵਾਂ ਦੀ ਮੰਗ ਵੀ ਕੀਤੀ। ਕੁੱਲ ਮਿਲਾਕੇ ਮੰਚ ਦਾ ਇਹ ਸਮਾਗਮ ਯਾਦਗਾਰੀ ਪੈੜਾਂ ਛੱਡ ਗਿਆ।