ਆਖਿਰ ਕੀ ਸਵਾਰੇਗਾ ਯੋਗਾ ਕਰੋੜਾਂ ਕਿਰਤੀ ਲੋਕਾਂ ਦੀ ਜ਼ਿੰਦਗੀ ਦਾ?
Posted on:- 18-06-2016
18 ਜੂਨ 21 ਜੂਨ ਨੂੰ ਚੰਡੀਗੜ੍ਹ ਵਿਖੇ ਕੌਮੀ ਪੱਧਰ ਤੇ ਯੋਗ ਦਿਵਸ ਸਮਾਗਮ ਸਬੰਧੀ ਧੂੰਆਂ ਧਾਰ ਪ੍ਰਚਾਰ ਜੰਗੀ ਪੱਧਰ ਦੀਆਂ ਤਿਆਰੀਆਂ ਪੁਲਿਸ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਨੱਕ ਹੇਠ ਕੀਤਾ ਜਾ ਰਿਹਾ ਹੈ। ਇਸ ਸਮਾਗਮ ਉੱਪਰ ਲੋਕਾਂ ਦੇ ਟੈਕਸਾਂ ’ਚੋਂ ਇਕੱਠੇ ਕੀਤੇ ਕਰੋੜਾਂ-ਅਰਬਾਂ ਰੁ. ਪਾਣੀ ਵਾਂਗ ਵਹਾਏ ਜਾ ਰਹੇ ਹਨ।ਜਦੋਂ ਇੱਕ ਪਾਸੇ ਮੁਲਕ ਦੇ 80 ਪ੍ਰਤੀਸ਼ਤ ਲੋਕ ਮਹਿਜ 20 ਰੁ. ਦੀ ਦਿਹਾੜੀ ਉੱਪਰ ਡੰਗ ਟਪਾਈ ਕਰਨ ਲਈ ਮਜਬੂਰ ਹਨ ਇਹ ਯੋਗਾ ਉਨ੍ਹਾਂ ਕਰੋੜਾਂ ਕਿਰਤੀ ਲੋਕਾਂ ਦੀ ਜ਼ਿੰਦਗੀ ਦਾ ਕੀ ਸਵਾਰੇਗਾ?ਇਹ ਵਿਚਾਰ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਜਨਰਲ ਸਕੱਤਰ ਕੰਵਲਜੀਤ ਖੰਨਾ ਸੂਬਾ ਕਮੇਟੀ ਮੈਂਬਰ ਸਾਹਿਬ ਸਿੰਘ ਨੇ ਪ੍ਰਗਟ ਕੀਤੇ। ਆਗੂਆਂ ਕਿਹਾ ਕਿ ਜਿਸ ਮੁਲਕ ’ਚ ਲੋਕ ਭੁੱਖ ਨਾਲ ਮਰ ਰਹੇ ਹੋਣ, ਮੁਲਕ ਦੇ ਤਿੰਨ ਸੌ ਜ਼ਿਲ੍ਹਿਆਂ ਦੇ ਲੋਕ ਅਤੇ ਪਸ਼ੂਧਨ ਸੋਕੇ ਕਾਰਨ ਮੌਤ ਦੇ ਮੂੰਹ ਧੱਕਿਆ ਜਾ ਰਿਹਾ ਹੋਵੇ, ਜਿਸ ਮੁਲਕ ’ਚ ਹਰ 25 ਮਿੰਟ ਬਾਅਦ ਇੱਕ ਛੋਟਾ ਕਿਸਾਨ ਖੁਦਕਸ਼ੀ ਕਰ ਰਿਹਾ ਹੋਵੇ,ਅਜਿਹੇ ਮੁਲਕ ’ਚ ਅਜਿਹੇ ਅਡੰਬਰ ਰਚਣਾ ਅਸਲ ’ਚ ਆਪਣੀ ਭਗਵਾਕਰਨ ਦੀ ਹਿੰਦੂਤਵੀ ਵਿਚਾਰਧਾਰਾ ਨੂੰ ਲੋਕਾਂ ਉੱਪਰ ਧੱਕੇ ਨਾਲ ਮੜ੍ਹਨ ਦੀ ਇੱਕ ਮੁਜ਼ਮਰਾਨਾ ਸਾਜ਼ਿਸ਼ ਹੈ।
ਸਰਕਾਰੀ ਹਸਪਤਾਲ ਜਿੱਥੇ ਡਾਕਟਰਾਂ ਨੇ ਮਨੁੱਖੀ ਜ਼ਿੰਦਗੀ ਬਚਾਉਣੀ ਹੈ ਉੱਥੇ ਤਾਂ ਡਾਕਟਰਾਂ ਨੂੰ ਮਹਿਜ 15600 ਰੁ.(ਚੌਥਾ ਦਰਜਾ ਮੁਲਾਜ਼ਮ ਤੋਂ ਵੀ ਘੱਟ)ਦੀ ਠੇਕੇ ਉੱਪਰ ਭਰਤੀ ਕੀਤਾ ਜਾ ਰਿਹਾ ਹੈ।ਸਮਾਜ ਦੇ ਸਿਰਜਕ ਅਧਿਆਪਕਾਂ ਨੂੰ ਮਹਿਜ 6000 ਰੁ. ਦੀ ਮਾਮੂਲੀ ਉਜਰਤ ਉੱਪਰ ਠੇਕਾ ਭਰਤੀ ਕੀਤੀ ਜਾ ਰਹੀ ਹੈ।ਅਜਿਹਾ ਕਰਕੇ ਦੇਸ਼ ਦੇ ਹਾਕਮ ਸਿਹਤ ਸਿੱਖਿਆ ਨਾਲ ਕੋਝਾ ਮਜ਼ਾਕ ਕਰ ਰਹੇ ਹਨ।ਅਜਿਹਾ ਕਰਨ ਨਾਲ ਜਿੱਥੇ ਸਿਹਤ ਸੇਵਾ ਚ ਜੱਫਾ ਮਾਰੀ ਬੈਠਾ ਨਿੱਜੀਖੇਤਰ ਗਰੀਬਾਂ ਦਾ,ਆਮ ਲੋਕਾਂ ਦਾ ਇਲਾਜ ਨਹੀਂ ਕਰਦਾ ਸਗੋਂ ਸ਼ੋਸ਼ਣ ਕਰਦਾ ਹੈ,ਕਰਜ਼ਈ ਕਰਦਾ ਹੈ।ਨਿੱਜੀ ਹਸਪਤਾਲ,ਨਿੱਜੀ ਵਿੱਦਿਅਕ ਅਦਾਰੇ ਲੁੱਟ ਦੇ ਅੱਡੇ ਹਨ ਤੇ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਭੁੱਖੇ ਢਿੱਡਾਂ,ਮਾੜੇ ਸਿਹਤ ਅਤੇ ਸਿੱਖਿਆ ਸਰਕਾਰੀ ਪ੍ਰਬੰਧ,ਬੇਰੁਜ਼ਗਾਰੀ,ਭੁੱਖਮਰੀ,ਖੁਦਕਸ਼ੀਆਂ ਦੇ ਚੱਲਦਿਆਂ ਅਜਿਹੇ ਪ੍ਰਪੰਚ ਰਚਣ ਦਾ ਕੋਈ ਇਖਲਾਕੀ ਹੱਕ ਨਹੀਂ ਰੱਖਦਾ ਹੈ।ਲੋਕਾਂ ਦੇ ਬੁਨਿਆਦੀ ਮਸਲਿਆਂ ਰੋਜ਼ੀ ਰੋਟੀ, ਵਸੇਵੇ,ਸਿਹਤ ਤੇ ਸਿੱਖਿਆ ’ਚ ਦੁਨੀਆਂ ਭਰ ’ਚ ਸਭ ਤੋਂ ਫਾਡੀ ਤੇ ਸੁਪਨੇ ਸਮਾਰਟ ਸਿਟੀ,ਡਿਜੀਟਲ ਇੰਡੀਆ,ਬੁਲੇਟ ਟਰੇਨ,ਪ੍ਰਮਾਣੂ ਸਕਤੀ ਦੇ ਨਾਂਅ ਤੇ ਮੁਲਕ ਨੂੰ ਸਾਮਰਾਜੀਆਂ ਦੇ ਗੁਲਾਮ ਬਨਾਉਣ ਤੁਰੇ ਮੋਦੀ ਤੇ ਉਸ ਦੇ ਦੇਸ਼ ਭਗਤਾਂ ਨੂੰ ਅਜਿਹੇ ਮਜ਼ਾਕ ਬੰਦ ਕਰਨੇ ਹੋਣਗੇ। ਨਾਂਹ ਦੀ ਹਾਲਤ ’ਚ ਭੁੱਖ ਨੰਗ ਜਬਰ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਸ਼ਿਕਾਰ ਲੋਕ ਅੱਕ ਕੇ ਇਨ੍ਹਾਂ ਅਡੰਬਰੀ ਸ਼ਮਿਆਨਿਆਂ ਨੂੰ ਪੁੱਟਣ ਲਈ ਮਜਬੂਰ ਹੋਣਗੇ।