ਕਨੇਡੀਅਨ ਮਰਦਮਸ਼ੁਮਾਰੀ ਦਾ ਹਿੱਸਾ ਨਾ ਬਣਨ ’ਤੇ ਹੋ ਸਕਦੀ ਹੈ ਸਜ਼ਾ
Posted on:- 23-05-2016
- ਹਰਬੰਸ ਬੁੱਟਰ
ਕੈਲਗਰੀ: ਕਨੇਡਾ ਦੀ ਮਰਦਮਸ਼ੁਮਾਰੀ ਅੱਜ ਕੱਲ ਹੋ ਰਹੀ ਹੈ । ਭਾਵੇਂ ਘਰਾਂ ਵਿੱਚ ਆਏ ਚਿੱਠੀ ਪੱਤਰਾਂ ਮੁਤਾਬਕ ਆਖਰੀ ਮਿਤੀ 10 ਮਈ 2016 ਲਿਖੀ ਹੋਈ ਸੀ, ਪਰ ਇਹ ਆਖਰੀ ਨਹੀਂ ਸੀ । ਅਗਲੇ ਹਫਤੇ ਫਿਰ ਜਿਹੜੇ ਇਸ ਪ੍ਰਕਿਰਿਆ ਵਿੱਚ ਸ਼ਾਮਿਲ ਹੋਣ ਤੋਂ ਵਾਂਝੇ ਰਹਿ ਗਏ, ਉਹਨਾਂ ਨੂੰ ਚਿਤਾਵਨੀ ਪੱਤਰ ਆਉਣਗੇ। ਮਰਦਮਸ਼ੁਮਾਰੀ ਮਹਿਕਮੇ ਅਨੁਸਾਰ 1 ਜੂਨ ਤੋਂ ਕਾਲ ਸੁਰੂ ਹੋਵੇਗੀ, ਪਰ ਫਿਰ ਵੀ ਜਿਹੜੇ ਇਸ ਵਿੱਚ ਹਿੱਸਾ ਲੈਣ ਤੋਂ ਰਹਿ ਗਏ ਉਹਨਾਂ ਨੂੰ ਸਜ਼ਾ ਵੀ ਹੋ ਸਕਦੀ ਹੈ ।500 ਕਨੇਡੀਅਨ ਡਾਲਰ ਤੱਕ ਦਾ ਜ਼ੁਰਮਾਨਾ ਅਤੇ 3 ਮਹੀਨੇ ਤੱਕ ਦੀ ਜੇਲ੍ਹ ਦੀ ਸਜ਼ਾ ਦੀ ਵਿਵਸਥਾ ਹੈ।
ਮਰਦਮਸ਼ੁਮਾਰੀ ਉਪਰੰਤ ਹੀ ਸਰਕਾਰ ਨੇ ਲੋਕਾਂ ਦੀ ਆਮ ਵਿਵਸਥਾ ਲਈ ਅੰਦਾਜ਼ਾ ਲਗਾਕੇ ਫੰਡ ਮੁਹੱਈਆ ਕਰਨੇ ਹੁੰਦੇ ਹਨ ਅਤੇ ਭਵਿੱਖ ਦੀਆਂ ਯੋਜਨਾਵਾਂ ਘੜਨੀਆਂ ਹੁੰਦੀਆ ਹਨ ਤਾਂ ਫਿਰ ਕਨੇਡੀਅਨ ਬਾਸ਼ਿੰਦਿਆਂ ਦਾ ਫਰਜ਼ ਬਣਦਾ ਹੈ ਕਿ ਉਹ ਠੀਕ ਠੀਕ ਜਾਣਕਾਰੀ ਸਰਕਾਰੀ ਮਹਿਕਮੇ ਤੱਕ ਅਪੜਦੀ ਕਰਨ । ਮਰਦਮ ਸ਼ੁਮਾਰੀ ਵਾਲੇ ਫਾਰਮਾਂ ਵਿੱਚ ਇੱਕ ਕਾਲਮ ਘਰਾਂ ਵਿੱਚ ਬੋਲੀ ਜਾਣ ਵਾਲੀ ਜ਼ੁਬਾਨ ਬਾਰੇ ਵੀ ਹੈ, ਜਿਸ ਵਿੱਚ ਅੰਗਰੇਜੀ ਤੋਂ ਬਾਅਦ ਤੁਹਾਡੇ ਘਰ ਅੰਦਰ ਬੋਲੀ ਜਾਣ ਵਾਲੀ ਆਪਣੀ ਮਾਂ ਬੋਲੀ ਦਾ ਨਾਂ ਭਰ ਸਕਦੇ ਹੋ। ਪੰਜਾਬੀ ਭਾਈਚਾਰੇ ਲਈ ਇਹ ਇੱਕ ਵਧੀਆ ਮੌਕਾ ਹੈ ਕਿ ਉਹ ਆਪਣੇ ਮਰਦਮਸ਼ੁਮਾਰੀ ਵਾਲੇ ਫਾਰਮਾਂ ਵਿੱਚ ਪੰਜਾਬੀ ਬੋਲੀ ਦਾ ਜ਼ਿਕਰ ਕਰਕੇ ਕਨੇਡੀਅਨ ਮੁਲਕ ਅੰਦਰ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਸਕਦੇ ਹਨ।