ਬੀ.ਕੇ.ਯੂ.ਏਕਤਾ (ਡਕੌਂਦਾ) ਵੱਲੋਂ ਕਰਜ਼ਾ-ਮੁਕਤੀ ਮੋਰਚਾ ਸ਼ੁਰੂ
Posted on:- 19-05-2016
ਬਰਨਾਲਾ : ਡੀ.ਸੀ.ਦਫਤਰ ਬਰਨਾਲਾ ਦੇ ਸਾਹਮਣੇਬੀ.ਕੀ.ਯੂ ਏਕਤਾ (ਡਕੌਂਦਾ) ਦੀ ਅਗਵਾਈ ਹੇਠ, ਹਜ਼ਾਰਾਂ ਕਿਸਾਨਾਂ ਵੱਲੋਂ ਆਕਾਸ਼-ਗੁਜਾਊਂ ਰੋਹਲੇ ਨਾਹਰਿਆਂ ਨਾਲ ਕਰਜ਼ਾ-ਮੁਕਤੀ ਮੋਰਚੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਗਈ। ਮੋਰਚੇ ਚ ਸ਼ਾਮਲ ਹੋਏ ਕਿਸਾਨ ਮਜ਼ਦੂਰ ਮਰਦਾਂ ਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ.ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਨੇ ਐਲਾਨ ਕੀਤਾ ਕਿ ਜਦ ਤੱਕ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆ ਉੱਪਰ ਲੀਕ ਨਹੀਂ ਮਾਰੀ ਜਾਂਦੀ ਇਹ ਮੋਰਚਾ ਤੱਦ ਤੱਕ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕਰਜ਼ੇ ਸਾਡੀ, ਕਿਸਾਨਾਂ ਮਜ਼ਦੂਰਾਂ ਦੀ ਕਿਸੇ ਗਲਤੀ ਕਾਰਨ ਨਹੀਂ ਚੜੇ ਸਗੋਂ ਇਹ ਕਰਜ਼ੇ ਸਾਮਰਾਜੀ ਦੇਸ਼ਾਂ ਤੇ ਬਹੁ-ਕੌਮੀ ਕੰਪਨੀਆਂ ਦੇ ਦਬਾਅ ਅਧੀਨ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਚੜ੍ਹੇ ਹਨ। ਉਨ੍ਹਾਂ ਕਿਹਾ ਕਿ ਹਰੇ ਇੰਨਕਲਾਬ ਨੇ ਜਿੱਥੇ ਬਹੁ-ਕੌਮੀ ਕੰਪਨੀਆਂ ਤੇ ਸਾਹੂਕਾਰ-ਆੜਤੀਆਂ ਦੇ ਵਾਰੇ ਨਿਆਰੇ ਕੀਤੇ ਹਨ,ਉਥੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੰਗਾਲੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ ਹੈ ਅਤੇ ਪੰਜਾਬ ਦੇ ਖੇਤੀ ਕਰਨ ਵਾਲੇ ੧੧ ਲੱਖ ਕਿਸਾਨ ਪਰਵਾਰਾਂ ਵਿੱਚੋਂ ਦੋ ਲੱਖ ਕਿਸਾਨ ਪਰਵਾਰ ਖੇਤੀ ਦਾ ਕਿੱਤਾ ਛੱਡਣ ਲਈ ਮਜ਼ਬੂਰ ਹੋ ਗਏ ਹਨ।
ਹਾਜ਼ਰ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪਿੰਡ ਜੋਧਪੁਰ ਵਿੱਚ ਮਾਂ-ਪੁੱਤ ਦੀ ਖੁਦਕੁਸ਼ੀ ਦੀ ਹਿਰਦੇ ਵਲੂੰਦਰ ਵਾਲੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਸਿਰ ਕੁਲ ਦੋ ਲੱਖ ਅੱਸੀ ਹਜ਼ਾਰ ਦਾ ਕਰਜ਼ਾ ਸੀ ਜਿਹੜਾ ਵਿਆਜ਼ ਤੇ ਹੋਰ ਖਰਚੇ ਪਾ ਕੇ ਪੰਜ ਲੱਖ ਬਾਹਟ ਹਜ਼ਾਰ ਬਣਾ ਦਿੱਤਾ ਗਿਆ। ਜਥੇਬੰਦੀ ਤੇ ਪਿੰਡ ਦੇ ਲੋਕਾਂ ਵੱਲੋਂ ਆੜਤੀਏ ਨੂੰ ੧੩ ਲੱਖ ਰੁਪਏ ਦੀ ਪੇਸ਼ਕਸ ਕੀਤੀ ਜੋ ਉਸ ਨੇ ਠੁਕਰਾ ਦਿੱਤੀ ਸੀ ਜਦ ਕਿ ਪਿਛਲੇ ਦਿਨੀ ਪਾਸ ਕੀਤੇ ਖੇਤੀ ਕਰਜ਼ਾ ਨਿਬੇੜੂ ਕਾਨੂੰਨ ਮੁਤਾਬਕ ਮੂਲ ਤੋਂ ਦੁਗਣੀ ਤੋਂ ਜ਼ਿਆਦਾ ਕੁਲ ਰਕਮ ਵਸੂਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕੁਝ ਲੋਕ ਜਥੇਬੰਦੀ ’ਤੇ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਮਾਂ-ਪੁਤਾਂ ਨੂੰ ਜਥੇਬੰਦੀ ਦੇ ਕਾਰਕੁੰਨਾਂ ਨੇ ਖੁਦਕੁਸ਼ੀ ਲਈ ਉਕਸਾਇਆ। ਕਿਸਾਨ ਆਗੂ ਨੇ ਸਵਾਲ ਕੀਤਾ ਕਿ ਖੁਦਕੁਸ਼ੀ ਕਰਨ ਵਾਲੇ ਹੋਰ ਤਿੰਨ ਲੱਖ ਕਿਸਾਨਾਂ ਨੂੰ ਕਿਸ ਨੇ ਖੁਦਕੁਸ਼ੀ ਕਰਨ ਲਈ ਉਕਸਾਇਆ?
ਆਗੂਆਂ ਨੇ ਅਪੀਲ ਕਰਦੇ ਹੋਏ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਸਿਰ ਚੜ੍ਹੇ ਕਰਜ਼ੇ ਦੇ ਸਭ ਵੇਰਵੇ ਤੇ ਸਬੂਤ ਲੈ ਕੇ ਉਨ੍ਹਾਂ ਪਾਸ ਆਉਣ ਤੇ 16 ਮਈ ਤੋਂ ੨੦ ਮਈ ਤੱਕ ਡੀਸੀ ਦਫ਼ਤਰ ਬਰਨਾਲਾ ਵਿਖੇ ਚੱਲ ਰਹੇ ਕਰਜ਼ਾ ਮੁਕਤੀ ਮੋਰਚ ਦੇ ਪਹਿਲੇ ਪੜਾਅ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ ਹੇਠ ਲਿਖੀਆਂ ਮੰਗਾਂ ਦੀ ਪੂਰਤੀ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
* ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹਿਆ ਸਰਕਾਰੀ, ਸਹਿਕਾਰੀ, ਪ੍ਰਾਈਵੇਟ ਬੈਂਕਾਂ ਅਤੇ ਸੂਦਖੋਰ ਆੜ੍ਹਤੀਆਂ ਦਾ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ।
* ਕਿਸਾਨ ਦੀ ਜ਼ਮੀਨ, ਘਰ, ਸੰਦ ਸਾਧਨਾਂ ਦੀ ਕੁਰਕੀ, ਨਿਲਾਮੀ, ਕਬਜ਼ੇ ਵਰੰਟ ਆਦਿ ਸਭ ਰੱਦ ਕੀਤੇ ਜਾਣ।
* ਸੂਦ-ਖੋਰ ਆੜ੍ਹਤੀਆਂ ਦੇ ਖਾਲੀ ਪਰੋਨੋਟ, ਝੂਠੇ ਇਕਰਾਰਨਾਮੇ, ਖਾਲੀ ਚੈੱਕ ਅਤੇ ਬਹੀਆਂ ਆਦਿ ਦੀ ਮਾਨਤਾ ਰੱਦ ਕੀਤੀ ਜਾਵੇ।
* ਕਿਸਾਨਾਂ-ਮਜ਼ਦੂਰਾਂ ਦੇ ਗਲੇ ਦਾ ਫੰਦਾ ਬਣੇ ਆੜ੍ਹਤੀਆ/ਸ਼ਾਹੂਕਾਰਾ ਪ੍ਰਬੰਧ ਖ਼ਤਮ ਕਰਕੇ, ਇਸ ਦੀ ਥਾਂ ਕਿਸਾਨਾਂ-ਮਜ਼ਦੂਰਾਂ ਨੂੰ ਬੈਂਕਾਂ ਰਾਹੀਂ ਲੰਬੀ ਮਿਆਦ ਦੇ ਵਿਆਜ ਰਹਿਤ ਕਰਜ਼ੇ ਦੇਣ ਦਾ ਪ੍ਰਬੰਧ ਕੀਤਾ ਜਾਵੇ।
* ਮੌਜੂਦਾ ਕਰਜ਼ਾ ਰਾਹਤ ਬਿੱਲ ਨੂੰ ਰੱਦ ਕਰਕੇ ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਰਾਹਤ ਕਾਨੂੰਨ ਬਣਾਇਆ ਜਾਵੇ।
* ਖ਼ੁਦਕੁਸ਼ੀ ਕਰ ਗਏ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ ਫੌਰੀ ਰਾਹਤ ਵਜੋਂ ਪੰਜ-ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਯੋਗ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਹਰ ਕਿਸਮ ਦਾ ਕਰਜ਼ਾ ਖ਼ਤਮ ਕੀਤਾ ਜਾਵੇ।
ਇਸ ਮੌਕੇ ਜਗਮੋਹਨ ਸਿੰਘ ਪਟਿਆਲਾ ਜਨਰਲ ਸਕੱਤਰ, ਦਰਸ਼ਨ ਸਿੰਘ ਉਗੋਕੇ ਜਿਲਾ ਪ੍ਰਧਾਨ ਬਰਨਾਲਾ, ਹਰਨੇਕ ਸਿੰਘ ਜਿਲਾ ਪ੍ਰਧਾਨ ਫਤਿਹਗੜ ਸਾਹਿਬ,ਰਾਮ ਸਿੰਘ ਮਟਰੋੜਾ ਸੂਬਾ ਖਜ਼ਾਨਚੀ,ਪਰਮਿੰਦਰ ਸਿੰਂਘ ਹੰਢਿਆਇਆ, ਸਤਵੰਤ ਸਿੰਘ ਸਕੱਤਰ ਪਟਿਆਲਾ,ਜੁਗਰਾਜ ਹਰਦਾਸਪੁਰਾ,ਗੁਰਦੇਵ ਮਾਂਗੇਵਾਲ,ਹਰਭਜਨ ਬੁੱਟਰ,ਬਲਦੇਵ ਸੱਦੋਵਾਲ,ਮਨਸਾਗਰ ਸਿੰਘ ਢਿਲਵਾਂ,ਹਰਚਰਨ ਸਿੰਘ ਸੁਖਪੁਰਾ,ਸੁਖਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।