90 ਏਕੜ ਕਣਕ ਅੱਗ ਲੱਗਣ ਕਾਰਨ ਸੜਕੇ ਤਬਾਹ
Posted on:- 27-04-2016
ਅੱਗ ਬੁਝਾਉਂਦੇ ਟ੍ਰੈਕਟਰ ਸਵਾਰ ਬਜ਼ੁਰਗ ਦੀ ਅੱਗ ਦੀ ਲਪੇਟ ’ਚ ਆਉਣ ਕਾਰਨ ਮੌਤ
- ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਕਸਬਾ ਕੋਟਫਤੂਹੀ ਦੇ ਆਲੇ ਦੁਆਲੇ ਦੇ ਪੰਜ ਪਿੰਡਾਂ ਦੇ ਖੇਤਾਂ ਵਿਚ ਖੜ੍ਹੀ ਕਣਕ ਨੂੰ ਅਚਾਨਕ ਭਿਆਨਿਕ ਅੱਗ ਲੱਗ ਜਾਣ ਕਾਰਨ ਕਰੀਬ 90 ਏਕੜ ਖੜ੍ਰੀ ਕਣਕ ਸੜਕੇ ਸੁਆਹ ਹੋ ਗਈ ਅਤੇ ਭੜਕੀ ਅੱਗ ਤੇ ਕਾਬੂ ਪਾਉਂਦੇ ਇਕ ਕਿਸਾਨ ਬਜੁਰਗ ਦੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਪਿੰਡਾਂ ਦੇ ਲੋਕਾਂ ਅਤੇ ਫਾਇਰਬਰਗੇਡ ਵਿਭਾਗ ਦੀਆਂ ਗੱਡੀਆਂ ਨੇ ਭੜਕੀ ਹੋਈ ਅੱਗ ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ।ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਕੋਟਫਤੂਹੀ ਦੇ ਆਲੇ ਦੁਆਲੇ ਪਿੰਡ ਚੱਕ ਮੂਸਾ , ਕੋਟਲਾ, ਦਾਤਾ ਚੇਲਾ ਕੋਟਫਤੂਹੀ ਅਤੇ ਠੀਂਡਾ ਵਿਖੇ ਬਾਅਦ ਦੁਪਹਿਰ ਅਚਾਨਕ ਅੱਗ ਲੱਗਣ ਕਾਰਨ ਖੇਤਾਂ ਵਿਚ ਖੜ੍ਹੀ ਕਿਸਾਨਾਂ ਦੀ ਕਰੀਬ 90 ਏਕੜ ਕਣਕ ਸੜਕੇ ਸੁਆਹ ਹੋ ਗਈ।
ਇਸੇ ਅੱਗ ਨੂੰ ਬਝਾਉਂਦੇ ਹੋਏ ਪਿੰਡ ਦਾਤਾ ਦੇ ਕਿਸਾਨ ਬਜ਼ੁਰਗ ਗੁਰਦੇਵ ਸਿੰਘ (70) ਪੁੱਤਰ ਮੇਲਾ ਸਿੰਘ ਦੀ ਅੱਗ ਦੀ ਬੁਰੀ ਤਰ੍ਹਾਂ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪੰਜ ਛੇ ਪਿੰਡਾਂ ਵਿਚ ਭੜਕੀ ਅੱਗ ਜਦ ਦਾਤਾ ਦੇ ਖੇਤਾਂ ਵਿਚ ਪਹੰਚੀ ਤਾਂ ਗੁਰਦੇਵ ਸਿੰਘ ਟ੍ਰੈਕਟਰ ਨਾਲ ਅੱਗ ਦੇ ਅੱਗੇ ਅੱਗੇ ਖੇਤ ਨੂੰ ਵਾਹ ਰਿਹਾ ਸੀ । ਇਸੇ ਦੌਰਾਨ ਟ੍ਰੈਕਟਰ ਦੇ ਟਾਇਰਾਂ ਨੂੰ ਅੱਗ ਪੈ ਗਈ ਤਾਂ ਉਸਨੇ ਆਪਣੇ ਬਚਾਅ ਲਈ ਟ੍ਰੈਕਟਰ ਤੋਂ ਛਾਲ ਮਾਰੀ ਤਾਂ ਉਹ ਭੜਕੀ ਹੋਈ ਅੱਗ ਦੀ ਬੁਰੀ ਤਰ੍ਹਾਂ ਲਪੇਟ ਵਿਚ ਆ ਗਿਆ ਤੇ ਉਸਦੀ ਮੋਤ ਹੋ ਗਈ। ਉਸਦਾ ਟ੍ਰੈਕਟਰ ਸੜਕੇ ਤਬਾਹ ਹੋ ਗਿਆ। ਭੜਕੀ ਹੋਈ ਅੱਗ ਤੇ ਪਿੰਡ ਠੀਂਡਾ ਵਿਖੇ ਕਾਬੂ ਪਾਇਆ ਜਾ ਸਕਿਆ। ਇਸ ਮੌਕੇ ਪੁਲਸ , ਪ੍ਰਸ਼ਾਸ਼ਨ ਅਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਅੱਗ ਤੇ ਕਾਬੂ ਪਾਉਣ ਪਹੁੰਚੇ ਹੋਏ ਸਨ।