ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦਿੱਤੀ ਜਾਣਕਾਰੀ
Posted on:- 22-03-2016
- ਬਲਜਿੰਦਰ ਸੰਘਾ
ਕੈਨੇਡਾ ਦੇ ਫਾਲਕਿਨਰਿਜ ਕਮਿਊਨਟੀ ਹਾਲ ਵਿਚ ‘ਡਰੱਗ ਅਵੇਅਨੈਸ ਫਾਊਡੇਸ਼ਨ ਕੈਲਗਰੀ’ ਵੱਲੋਂ ਨਸ਼ਿਆਂ ਦੇ ਮਨੁੱਖੀ ਸਿਹਤ ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਸੰਸਥਾਂ ਦੇ ਮੁੱਖ ਵਲੰਟੀਅਰ ਬਲਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਪਰੋਗਰਾਮ ਦਾ ਅਯੋਜਨ ਕੀਤਾ ਗਿਆ। ਬੁਲਾਰਿਆਂ ਵਿਚ ਹਰਚਰਨ ਸਿੰਘ ਪਰਹਾਰ, ਡਾਕਟਰ ਸਟੀਫਨ ਮੁਸਟਾਟਾ (ਐਮ.ਡੀ.), ਤਰਨਜੀਤ ਸਿੰਘ ਔਜਲਾ, ਸਟੀਵਨ ਗੈਰੀ ਆਦਿ ਨੇ ਭਾਗ ਲਿਆ। ਬੁਲਾਰਿਆਂ ਨੇ ਕਾਨੂੰਨੀ ਅਤੇ ਗੈਰਕਾਨੂੰਨੀ ਨਸ਼ਿਆਂ ਬਾਰੇ ਦੱਸਦੇ ਹੋਏ ਦੋਹਾਂ ਦੇ ਸਿਹਤ ਉੱਪਰ ਪੈਂਦੇ ਮਾੜੇ ਪ੍ਰਭਾਵਾਂ ਦੇ ਨਾਲ ਬਹੁਤ ਤਰ੍ਹਾਂ ਦੇ ਅੰਕੜੇ ਸਾਂਝੇ ਕਰਦਿਆਂ ਇਹ ਵੀ ਦੱਸਿਆ ਕਿ ਪੰਜਾਬੀ ਕਮਿਊਨਟੀ ਵਿਚ ਇੱਕ ਭੁਲੇਖਾ ਹੈ ਕਿ ਜੇਕਰ ਡਰਾਈਵਰ ਸ਼ਰਾਬ ਨਹੀਂ ਪੀ ਰਿਹਾ ਪਰ ਉਸਦੇ ਨਾਲ ਬੈਠੇ ਦੋਸਤ ਗੱਡੀ ਵਿਚ ਸ਼ਰਾਬ ਦਾ ਸੇਵਨ ਕਰ ਰਹੇ ਹੋਣ ਤਾਂ ਕੋਈ ਖਤਰਾ ਨਹੀਂ, ਪਰ ਕਾਨੂੰਨ ਅਨੁਸਾਰ ਜੇਕਰ ਗੱਡੀ ਵਿਚ ਸ਼ਰਾਬ ਦੀ ਪੈਕਿੰਗ ਖੁੱਲ੍ਹੀ ਹੈ ਤਾਂ ਚਾਹੇ ਡਰਾਈਵਰ ਨਸ਼ਾ ਨਹੀਂ ਵੀ ਕਰ ਰਿਹਾ ਪਰ ਚਾਬੀ ਇਗਨੇਸ਼ਨ ਵਿਚ ਹੈ ਤੇ ਗੱਡੀ ਇਕ ਜਗ੍ਹਾ ਪਾਰਕਿੰਗ ਹੈ ਤਾਂ ਵੀ ਜਿਸ ਚਾਰਜ ਹੇਠ ਸ਼ਰਾਬੀ ਚਾਰਜ ਹੁੰਦੇ ਹਨ ਉਹੋ ਚਾਰਜ ਡਰਾਈਵਰ ਤੇ ਵੀ ਲੱਗਦਾ ਹੈ।
ਇਸ ਤੋਂ ਬਿਨਾਂ ਸਭ ਬੁਲਾਰਿਆਂ ਨੇ ਹੋਰ ਨਸ਼ਿਆਂ ਵਿਚ ਪੈਣ ਦੇ ਰਾਹ ਉਹਨਾਂ ਦਾ ਸਿਹਤ ਤੇ ਮਾੜਾ ਪ੍ਰਭਾਵ, ਨਸ਼ਿਆਂ ਵਿਚ ਪੈਣ ਦੇ ਕਾਰਨ ਆਦਿ ਬਾਰੇ ਗੰਭੀਰ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਬਲਵਿੰਦਰ ਸਿੰਘ ਕਾਹਲੋਂ ਨੇ ਦੱਸਿਆਂ ਕਿ ‘ਡਰੱਗ ਅਵੇਅਨੈਸ ਫਾਊਡੇਸ਼ਨ ਕੈਲਗਰੀ’ ਪਿਛਲੇ ਗਿਆਰਾਂ ਸਾਲਾਂ ਤੋਂ ਅਜਿਹੇ ਪਰੋਗਰਾਮ ਕਰਦੀ ਆ ਰਹੀ ਹੈ ਜਿਸ ਵਿਚ ਨ਼ਿਸ਼ਆਂ ਖਿਲਾਫ਼ ਚੇਤਨਾ ਫੈਲਾਉਣ ਲਈ ਕਰਾਸ ਕੈਨੇਡਾ ਵਾਕ ਵੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਨਸ਼ਿਆਂ ਵਿਚ ਬੱਚਿਆਂ ਦੇ ਪੈਣ ਦਾ ਅਸਲ ਰਾਹ ਘਰ ਤੋਂ ਸ਼ੁਰੂ ਹੁੰਦਾ ਹੈ। ਪਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਵੱਲੋਂ ਜਿੱਥੇ ਮਾਸਟਰ ਭਜਨ ਸਿੰਘ ਨੇ ਕਿਤਾਬਾਂ ਦਾ ਸਟਾਲ ਲਗਾਇਆ ਗਿਆ, ਉੱਥੇ ਹੀ ਇਸਦੀ ਟੀਮ ਨੇ ਕਮਲਪ੍ਰੀਤ ਪੰਧੇਰ ਦੀ ਅਗਵਾਈ ਵਿਚ ਨਸ਼ਿਆਂ ਬਾਰੇ ਜਾਗਰੂਕ ਕਰਦੀਆਂ ਦੋ ਆਈਟਮਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਦੀ ਜਿੰਮੇਵਾਰੀ ਸੁਮਨ ਵਿਰਕ ਵੱਲੋਂ ਬਾਖੂਬੀ ਨਿਭਾਈ ਗਈ। ਮਾਹਿਰਾਂ ਨੂੰ ਸਵਾਲ ਕਰਨ ਜਾਂ ਸਵਾਲ ਦਾ ਜਵਾਬ ਦੇਣ ਵਾਲੇ ਹਰ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਈ ਤਰ੍ਹਾਂ ਦੇ ਗਿਫਟ ਦਿੱਤੇ ਗਏ। ਕੁੱਲ ਮਿਲਾਕੇ ਇਹ ਕਾਫ਼ੀ ਜਾਣਕਾਰੀ ਭਰਪੂਰ ਅਤੇ ਉਸਰੂ ਸਾਮਜ ਦੀ ਸਿਰਜਣਾ ਵਿਚ ਹਿੱਸਾ ਪਾਉਣ ਵਾਲਾ ਪਰੋਗਰਾਮ ਹੋ ਨਿਬੜਿਆ।