ਹਕੂਮਤਪੁਰ ਦੇ ਲੋਕ ਛੱਪੜ ’ਚ ਖੜ੍ਹੇ ਗੰਦੇ ਪਾਣੀ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ
Posted on:- 17-03-2016
-ਸ਼ਿਵ ਕੁਮਾਰ ਬਾਵਾ
ਸਲਾਬ੍ਹ ਅਤੇ ਖੜ੍ਹੇ ਪਾਣੀ ਕਾਰਨ ਲੋਕਾਂ ਦੇ ਘਰਾਂ ਦੀਆਂ ਕੰਧਾਂ ’ਚ ਪਾੜ ਅਤੇ ਮਕਾਨ ਡਿੱਗੇ
ਬਲਾਕ ਮਾਹਿਲਪੁਰ ਦੇ ਪਿੰਡ ਹਕੂਮਤਪੁਰ ਵਿਖੇ ਪਿੰਡ ਦੇ ਲੋਕਾਂ ਲਈ ਢੇਰ ਸੁੱਟਣ ਵਾਲੀ ਖਸਰਾ ਨੰਬਰ 499 (18 ਮਰਲੇ) ਜਗ੍ਹਾ ਨਾਲ ਲੱਗਦੇ ਕੁੱਝ ਘਰਾਂ ਲਈ ਨਰਕ ਬਣ ਗਈ ਹੈ। ਪਿੰਡ ਦੇ ਲੋਕ ਪਹਿਲਾਂ ਹੀ ਪਿੰਡ ਦੇ ਪਾਣੀ ਦਾ ਢੁੱਕਵਾਂ ਨਿਕਾਸ ਨਾ ਹੋਣ ਕਾਰਨ ਮੁੱਖ ਸੜਕ ਤੇ ਬਣੇ ਪਾਣੀ ਦੇ ਗੰਦੇ ਛੱਪੜ ਕਾਰਨ ਪਿਛਲੇ 25 ਸਾਲ ਤੋਂ ਨਰਕ ਭੋਗ ਰਹੇ ਹਨ। ਢੇਰਾਂ ਵਾਲੀ ਜਗ੍ਹਾ ਤੇ ਕੁੱਝ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕਰ ਲੈਣ, ਢੇਰਾਂ ਵਿਚ ਇਕ ਹੋਰ ਛੱਪੜ ਬਣ ਜਾਣ ਕਾਰਨ ਨਾਲ ਦੇ ਲੋਕਾਂ ਦੇ ਘਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ । ਗੰਦਾ ਪਾਣੀ ,ਜ਼ਹਿਰੀਲੇ ਜਾਨਵਰ ਅਤੇ ਕੀੜੇ ਲੋਕਾਂ ਦੇ ਘਰਾਂ ਵਿਚ ਆਮ ਘੁੰਮਦੇ ਹਨ। ਬਦਬੂ ਅਤੇ ਗੰਦੇ ਪਾਣੀ ਦੇ ਧਰਤ ਹੇਠ ਧੱਸ ਜਾਣ ਕਾਰਨ ਪੀਣ ਵਾਲਾ ਪਾਣੀ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਖੜ੍ਹੇ ਪਾਣੀ ਦੀ ਸਲਾਬ੍ਹ ਕਾਰਨ ਕੁਲਦੀਪ ਸਿੰਘ ਦਾ ਇਕ ਮਕਾਨ ਢਹਿ ਗਿਆ ਅਤੇ ਚਾਰ ਦਿਵਾਰੀ ਦੀ ਇਕ ਪਾਸੇ ਤੋਂ 40 ਮੀਟਰ ਦੇ ਕਰੀਬ ਕੰਧ ਵਿਚ ਪਾੜ ਪੈਣ ਨਾਲ ਕੰਧ ਛੱਪੜ ਵਿਚ ਧੱਸ ਗਈ ਹੈ।
ਪਿੰਡ ਦੀ ਅਬਾਦੀ ਕਰੀਬ 1200 ਦੇ ਕਰੀਬ ਹੈ । ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਦੇ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਇਸ ਪਿੰਡ ਵਿਚ ਉਹਨਾਂ ਦਾ ਲੜਕਾ ਰਵਿੰਦਰ ਠੰਡਲ ਵਿਆਹਿਆ ਹੋਇਆ ਹੈ। ਪਿੰਡ ਨੂੰ ਲੱਗਦੀ ਚੁਫੇਰਾ ਸੜਕ ਦੀ ਹਾਲਤ ਪਿੱਛਲੇ 20 ਸਾਲ ਤੋਂ ਐਨੀ ਖਸਤਾ ਹੈ ਕਿ ਲੋਕ ਰੋਜਾਨਾ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਪਿੰਡ ਦੇ ਸਾਬਕਾ ਸਰਪੰਚ ਪਲਵਿੰਦਰ ਸਿੰਘ,ਪੀੜਤ ਕੁਲਦੀਪ ਸਿੰਘ ਸਮੇਤ ਦਰਜਨ ਦੇ ਕਰੀਬ ਲੋਕਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਡੀ ਡੀ ਪੀ ਓ ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਵਿਭਾਗ ਪਿੰਡ ਦੇ ਢੇਰਾਂ ਲਈ ਮਿਲੀ ਜਗ੍ਹਾ ਅਤੇ ਛੱਪੜ ਵਿਚ ਖੜ੍ਹੇ ਗੰਦੇ ਪਾਣੀ ਦਾ ਤੁਰੰਤ ਨਿਕਾਸ ਕਰਵਾਏ ਅਤੇ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ।
ਪਿੰਡ ਹਕੂਮਤਪੁਰ ਦੇ ਸਾਬਕਾ ਸਰਪੰਚ ਪਲਵਿੰਦਰ ਸਿੰਘ ਦੀ ਹਾਜ਼ਰੀ ਵਿਚ ਪਿੰਡ ਦੇ ਕੁਲਦੀਪ ਸਿੰਘ ਸਮੇਤ ਦਜ਼ਨ ਦੇ ਕਰੀਬ ਪੀੜਤ ਪਰਿਵਾਰਾਂ ਨੇ ਡਿਪਟੀ ਕਮਿਸ਼ਨਰ ਅਤੇ ਡੀ ਡੀ ਪੀ ਓ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਕਰਦਿਆਂ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਰਕ ਭੋਗ ਰਹੇ ਹਨ। ਉਹਨਾਂ ਦੱਸਿਆ ਕਿ ਪਿੰਡ ਦੀ ਅੱਧੀ ਅਬਾਦੀ ਪਿੰਡ ਦੀ ਮੁੱਖ ਸੜਕ ਤੋਂ ਦੂਸਰੇ ਪਾਸੇ ਵੱਸਦੀ ਹੈ । ਪਿੰਡ ਦੇ ਦਲਿਤ ਲੋਕਾਂ ਲਈ ਢੇਰ ਸੁੱਟਣ ਲਈ ਇਸ ਅਬਾਦੀ ਵਿਚ ਸੜਕ ਦੇ ਨਾਲ ਖਸਰਾ ਨੰਬਰ 499 ਕਰੀਬ 18 ਮਰਲੇ ਜਗ੍ਹਾ ਦਿੱਤੀ ਗਈ ਹੈ । ਪਿੰਡ ਦੇ ਗੰਦੇ ਪਾਣੀ ਲਈ ਇਸ ਤੋਂ ਦੁੱਗਣੀ ਜਗ੍ਹਾ ਵਿਚ ਛੱਪੜ ਵੀ ਨਾਲ ਹੀ ਹੈ। ਢੇਰਾਂ ਵਾਲੀ ਜ੍ਹਗਾ ਤੇ ਕੁਝ ਲੋਕਾਂ ਵਲੋਂ ਲਾਘੇ ਲਈ ਰਾਹ ਕੱਢੇ ਜਾਣ ਕਾਰਨ ਢੇਰਾਂ ਵਿਚ ਬਾਰਸ਼ ਦੇ ਪਾਣੀ ਦਾ ਕੋਈ ਵੀ ਨਿਕਾਸ ਨਾ ਹੋਣ ਕਾਰਨ ਨਾਲ ਲੱਗਦੇ ਘਰਾਂ ਦਾ ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋ ਰਿਹਾ ਹੈ।
ਕੁਲਦੀਪ ਸਿੰਘ ਨੇ ਦੱਸਿਆ ਕਿ ਨਜਾਇਜ਼ ਕਬਜ਼ੇ ਕਾਰਨ ਢੇਰਾਂ ਵਾਲੀ ਜਗ੍ਹਾ ਦੋ ਹਿੱਸਿਆਂ ਵਿਚ ਵੰਡੀ ਗਈ ਜਿਸ ਸਦਕਾ ਇਸ ਵਾਰ ਪਈ ਭਰਵੀਂ ਬਾਰਸ਼ ਅਤੇ ਪਾਣੀ ਦਾ ਕੋਈ ਵੀ ਨਿਕਾਸ ਨਾ ਹੋਣ ਕਾਰਨ ਢੇਰਾਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ। ਉਸਨੇ ਦੱਸਿਆ ਕਿ ਉਸਦਾ ਇਕ ਮਕਾਨ ਅਤੇ ਪੂਰੀ ਕੰਧ ਪਾਟ ਜਾਣ ਕਾਰਨ ਕਰੀਬ ਢੇਡ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਲੋਕਾਂ ਨੇ ਦੱਸਿਆ ਕਿ ਗੰਦੇ ਅਤੇ ਬਦੂਦਾਰ ਪਾਣੀ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਇਥੇ ਕਿਸੇ ਸਮੇਂ ਵੀ ਗੰਦਗੀ ਕਾਰਨ ਭਿਆਨਿਕ ਬਿਮਾਰੀਆਂ ਦਾ ਕਹਿਰ ਵਾਪਰ ਸਕਦਾ ਹੈ। ਜ਼ਹਿਰੀਲੇ ਕੀੜੇ ਅਤੇ ਸੁੰਡੀਆਂ ਲੋਕਾਂ ਦੇ ਘਰਾਂ ਵਿਚ ਘੁੰਮਦੀਆਂ ਹਨ। ਥੋੜ੍ਹੀ ਜੇਹੀ ਬਾਰਸ਼ ਨਾਲ ਹੀ ਛੱਪੜ ਅਤੇ ਢੇਰਾਂ ਵਿਚ ਖੜ੍ਹਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਖੜ੍ਹੇ ਪਾਣੀ ਕਾਰਨ ਲੋਕਾਂ ਦੇ ਘਰ ਸਲ੍ਹਾਬੇ ਨਾਲ ਪੂਰੀ ਤਰ੍ਹਾ ਖਰਾਬ ਹੋ ਚੁੱਕੇ ਹਨ। ਪਿੰਡ ਦੇ ਸਾਬਕਾ ਸਰਪੰਚ ਪਲਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਸਮੇਤ ਪੀੜਤ ਲੋਕਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਇਸ ਬੜੀ ਮੁਸ਼ਕਲ ਤੋਂ ਤੁਰੰਤ ਛੁਟਕਾਰਾ ਦਿਵਾਇਆ ਜਾਵੇ। ਉਹਨਾਂ ਦੱਸਿਆ ਕਿ ਉਹਨਾਂ ਇਸ ਸਬੰਧ ਵਿਚ ਬੀ ਡੀ ਪੀ ਓ ਮਾਹਿਲਪੁਰ ਕੋਲ ਪਹੁੰਚ ਕੀਤੀ ਪ੍ਰੰਤੂ ਅੱਜ ਤੱਕ ਇਸ ਪਾਸੇ ਵੱਲ ਕਿਸੇ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਜਦਕਿ ਉਹਨਾਂ ਦਾ ਵੱਡਾ ਮਾਲੀ ਨੁਕਸਾਨ ਹੋ ਰਿਹਾ ਹੈ।
ਇਸ ਸਬੰਧ ਵਿਚ ਬੀ ਡੀ ਪੀ ਓ ਹਰਬਿਲਾਸ ਮਾਹਿਲਪੁਰ ਨੇ ਦੱਸਿਆ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਹਿੱਤ ਹੈ। ਉਹ ਇਸ ਮਸਲੇ ਦੇ ਹੱਲ ਲਈ ਪਿੰਡ ਦੇ ਸਰਪੰਚ ਮਲਕੀਤ ਸਿੰਘ ,ਸਮੂਹ ਪੰਚਾਂ ਅਤੇ ਪਿੰਡ ਦੇ ਲੋਕਾਂ ਨਾਲ ਗੱਲ ਕਰ ਰਹੇ ਹਨ । ਇਸਦਾ ਢੁੱਕਵਾਂ ਹੱਲ ਜਲਦ ਹੀ ਕੱਢਿਆ ਜਾ ਰਿਹਾ ਹੈ। ਦੂਸਰੇ ਪਾਸੇ ਸਰਪੰਚ ਮਲਕੀਤ ਸਿੰਘ ਦਾ ਕਹਿਣ ਹੈ ਢੇਰਾਂ ਵਾਲੀ ਜਗ੍ਹਾ ਤੇ ਕਿਸੇ ਨੇ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਹੋਇਆ, ਸਗੋਂ ਪਿੰਡ ਦੀਆਂ ਔਰਤਾਂ ਨੇ ਕੂੜਾ ਸੁੱਟਣ ਲਈ ਆਪਣਾ ਰਾਹ ਕੱਢਿਆ ਹੋਇਆ ਹੈ, ਜਿਸਦਾ ਕੋਈ ਨੁਕਸਾਨ ਨਹੀਂ ਹੈ।