ਤਨਖਾਹਾਂ ਜਾਰੀ ਨਾ ਕਰਨ ਵਿਰੁੱਧ ਬਿਜਲੀ ਕਾਮਿਆਂ ਕੱਢੀ ਰੈਲੀ
Posted on:- 04-02-2016
ਬਰਨਾਲਾ : ਬਿਜਲੀ ਕਾਮਿਆਂ ਨੂੰ ਮਹੀਨਾ ਜਨਵਰੀ ਦੀ ਤਨਖਾਹ ਅਤੇ ਸੇਵਾਮੁਕਤ ਕਾਮਿਆਂ ਨੂੰ ਪੈਨਸ਼ਨਾਂ ਨਾ ਜਾਰੀ ਕਰਨ ਵਿਰੁੱਧ ਅੱਜ ਸਮੂਹ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੀ ਅਗਵਾਈ ’ਚ ਸਾਂਝੇ ਤੌਰ ’ਤੇ ਵੱਡੀ ਗਿਣਤੀ ’ਚ ਸਮੂਹ ਕਾਮਿਆਂ ਨੇ ਸਮੁੱਚੇ ਸਰਕਲ ਅੰਦਰ ਬਰਨਲਾ ਮਲੇਰਕੋਟਲਾ ਧੂਰੀ ਮੰਡਲਾਂ ‘ਚ ਥਾਂ ਥਾਂ ਇਕੱਠੇ ਹੋਕੇ ਸਾਂਝੇ ਰੂਪ ‘ਚ ਵਿਸ਼ਾਲ ਗੇਟ ਰੈਲੀਆਂ ਕੀਤੀਆਂ। ਇਸ ਸਮੇਂ ਗੇਟ ਰੈਲੀਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ ਕਰਨੈਲ ਸਿੰਘ ਗੁਰਜੰਟ ਸਿੰਘ ਗੋਬਿੰਦਰ ਸਿੰਘ ਸੁਖਜੰਟ ਸਿੰਘ ਗੌਰੀ ਸ਼ੰਕਰ ਕਮਲ ਕੁਮਾਰ ਗੁਰਲਾਭ ਸਿੰਘ ਸ਼ਿੰਦਰ ਧੌਲਾ ਨੇ ਕਿਹਾ ਕਿ ਬਿਜਲੀ ਕਾਮਿਆਂ ਦੀ ਤਨਖਾਹ/ਪੈਨਸ਼ਨ ਮਹੀਨੇ ਦੀ ਆਖਰੀ ਤਾਰੀਖ ਨੂੰ ਜਾਰੀ ਹੁੰਦੀ ਹੈ ਜਨਵਰੀ ਮਹੀਨੇ ਦੀ ਤਨਖਾਹ/ਪੈਨਸ਼ਨ ਵੀ ਹੁਣ ਤੱਕ ਜਾਰੀ ਨਹੀਂ ਕੀਤੀ ਗਈ ਜਿਸ ਵਿਰੁੱਧ ਸਮੁੱਚੀਆਂ ਬਿਜਲੀ ਮੁਲਾਜ਼ਮ ਜਥੇਬੰਦੀਆਂ ਨੇ ਅੱਜ ਸਵੇਰ ਸਮੇਂ ਦਫਤਰਾਂ ਅੱਗੇ ਇਕੱਤਰ ਹੋਕੇ ਸਾਂਝੀਆਂ ਰੋਸ ਰੈਲੀਆਂ ਕੀਤੀਆਂ। ਬੁਲਾਰਿਆਂ ਨੇ ਮਨੇਜਮੈਂਟ ਦੇ ਇਸ ਮਾਰੂ ਮੁਲਾਜ਼ਮ ਵਿਰੋਧੀ ਫੈਸਲੇ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਸਮੇਂ ਸਿਰ ਤਨਖਾਹਾਂ ਪੈਨਸ਼ਨਾਂ ਜਾਰੀ ਨਾ ਕਰਨਾ ਬਿਜਲੀ ਕਾਮਿਆਂ ਨਾਲ ਘੋਰ ਬੇਇਨਸਾਫੀ ਹੈ ਜਿਸ ਨੂੰ ਬਿਜਲੀ ਕਾਮੇ ਕਿਸੇ ਵੀ ਸੂਰਤ ਵਿੱਚ ਸਵੀਕਾਰ ਨਹੀਂ ਕਰਨਗੇ।
ਆਗੂਆਂ ਦਰਸ਼ਨ ਝਲੂਰ ਜਸਵੰਤ ਸਿੰਘ ਹਾਕਮ ਸਿੰਘ ਸੰਤੋਖ ਸਿੰਘ ਰਜੇਸ਼ ਕੁਮਾਰ ਜਗਜੀਤ ਸਿੰਘ ਰਾਜੀਵ ਕੁਮਾਰ ਜੀਤ ਸਿੰਘ ਰਾਹੀ ਨੇ ਕਿਹਾ ਕਿ ਜਿੰਨੀ ਦੇਰ ਬਿਜਲੀ ਕਾਮਿਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਇਸ ਤਰਾਂ ਦਾ ਰੋਸ ਰੈਲੀਆਂ/ਪਰਦਰਸ਼ਨ ਜਾਰੀ ਰਹਿਣਗੇ। ਬੁਲਾਰਿਆਂ ਨਰਾਇਣ ਦੱਤ ਕੇਵਲ ਸਿੰਘ ਦਰਸ਼ਨ ਸਿੰਘ ਰਣਜੀਤ ਬਿੰਝੋਕੀ ਹਰਬੰਸ ਸਿੰਘ ਜਰਨੈਲ ਸਿੰਘ ਨੇ ਪਾਵਰਕਾਮ ਪ੍ਰਬੰਧਕਾਂ ਨੂੰ ਚਿਤਾਵਨੀ ਭਰੇ ਲਹਿਜੇ ‘ਚ ਕਿਹਾ ਕਿ ਤਨਖਾਹਾਂ/ਪੈਨਸ਼ਨਾਂ ਲਈ ਪੈਸੇ ਨਹੀਂ ਪਰ ਪ੍ਰਾਈਵੇਟ ਫਰਮਾਂ ਲਈ ਪਬੰਧਕਾਂ ਦਾ ਖਜਾਨਾ ਭਰਿਆ ਰਹਿੰਦਾ ਹੈ ਇਸ ਲਈ ਜੇਕਰ ਤਨਖਾਹਾਂ/ਪੈਨਸ਼ਨਾਂ ਜਲਦੀ ਜਾਰੀ ਨਾ ਕੀਤੀਆਂ ਤਾਂ ਪਾਵਰਕਾਮ ਪ੍ਰਬੰਧਕਾਂ ਦੀ ਇਸ ਦੋਹਰੀ ਨੀਤੀ ਖਿਲਾਫ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਵੀ ਕੀਤਾ ਜਾਵੇਗਾ ਤਿੱਖਾ ਵੀ ਕੀਤਾ ਜਾਵੇਗਾ। ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਪ੍ਰਬੰਧਕਾਂ ਦੀ ਹੋਵੇਗੀ।-ਨਰਾਇਣ ਦੱਤ