10ਵਾਂ ਬਾਲ ਮੇਲਾ ਸ਼ਾਨੋ-ਸ਼ੌਕਤ ਨਾਲ਼ ਸਮਾਪਤ
Posted on:- 10-11-2015
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 100 ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਨੌਜਵਾਨ ਭਾਰਤ ਸਭਾ ਵਲੋਂ ਆਯੋਜਿਤ 10 ਵਾਂ ਬਾਲ ਮੇਲਾ ਪਿੰਡ ਪੱਖੋਵਾਲ ਦਾ ਤੀਜਾ ਅਤੇ ਆਖਰੀ ਦਿਨ ਅੱਜ ਆਪਣੇ ਮਕਸਦ ਵਿਚ ਪੂਰੀ ਤਰ੍ਹਾਂ ਕਾਮਯਾਬ ਹੁੰਦਾ ਹੋਇਆ ਸਮਾਪਤ ਹੋ ਗਿਆ ਹੈ ।ਇਹ ਜਾਣਕਾਰੀ ਦਿੰਦਿਆਂ ਨੌ. ਭਾ.ਸ. ਦੇ ਆਗੂ ਕੁਲਵਿੰਦਰ ਨੇ ਦੱਸਿਆ ਕਿ ਤਿੰਨ ਦਿਨ ਚੱਲੇ ਇਸ ਬਾਲ ਮੇਲੇ ਵਿਚ ਪਹਿਲੇ ਦਿਨ ਤੋਂ ਲੈਕੇ ਬੱਚਿਆਂ ਨੇ ਲਗਾਤਾਰ ਲੇਖ ਲਿਖਣ , ਭਾਸ਼ਣ, ਕਵਿਤਾ ਅਤੇ ਚਿਤਰਕਲਾ ਮੁਕਾਬਲੇ ਵਿਚ 'ਚ ਭਰਵੀਂ ਸ਼ਮੂਲੀਅਤ ਕਰਦੇ ਹੋਏ ਲਗਾਤਾਰ ਸਾਡੇ ਇਨਕਲਾਬੀ ਵਿਰਸੇ ,ਸਮਾਜਿਤ ਸਰੋਕਾਰਾਂ ,ਅਤੇ ਸਮਾਜਿਕ ਸਮਸਿਆਵਾਂ ਦੇ ਹਰ ਸੰਜੀਦਾ ਅਤੇ ਬਰੀਕ ਪਹਿਲੂ ਨੂੰ ਛੋਹਿਆ ਅਤੇ ਹੈਰਾਨ ਕਰ ਦੇਣ ਵਾਲੀ ਊਰਜਾ ਤੇ ਜਜ਼ਬੇ ਨਾਲ ਇਹਨਾ ਵਿਸ਼ਿਆਂ ਤੇ ਆਪਣੀ ਸਮਝ ਨੂੰ ਪ੍ਰਗਟ ਕੀਤਾ । ਜਿਸ ਤੋਂ ਇਹ ਵੀ ਸਿਧ ਹੁੰਦਾ ਹੈ ਕਿ ਜੇ ਸਾਡੇ ਨੌਜਵਾਨਾਂ ਤੇ ਸਾਡੇ ਬਚਿਆਂ ਦੀ ਸੋਚ ਨੂੰ ਸਹੀ ਸੇਧ ਦਿਤੀ ਜਾਵੇ ਤਾਂ ਓਹ ਪੂਰੀ ਸੰਜੀਦਗੀ ਨਾਲ ਓਹਨਾ ਅਗਾਹਾਂਵਧੂ ਤੇ ਇਨਕਲਾਬੀ ਵਿਚਾਰਾਂ ਨੂੰ ਆਤਮ ਸਾਥ ਵੀ ਕਰ ਸਕਦੇ ਹਨ ਤੇ ਇਕ ਚੰਗੇ ਇਨਸਾਨ ਹੀ ਨਹੀਂ ਬਲਕਿ ਇਕ ਅਜੇਹੀ ਸ਼ਕਤੀ ਬਣ ਸਕਦੇ ਹਨ ਜੋ ਕਿ ਤਰ੍ਹਾਂ ਤਰ੍ਹਾਂ ਦੀਆਂ ਸਮਾਜਿਕ ਸਮਸਿਆਵਾਂ ਨਾਲ ਗ੍ਰਸਤ ਇਸ ਸਮਾਜ ਨੂੰ ਬਦਲ ਕੇ ਇਕ ਮਨੁਖ ਦੇ ਰਹਿਣ ਲਾਇਕ ਸਮਾਜ ਦੀ ਸਿਰਜਣਾ ਕਰ ਦੇਵੇ ।
ਇਸੇ ਤਰ੍ਹਾਂ ਦੇ ਅਹਿਸਾਸਾਂ ਅਤੇ ਵਿਸ਼ਵਾਸਾਂ ਨਾਲ ਬਾਲ ਮੇਲੇ ਦੇ ਅੱਜ ਦੇ ਦਿਨ ਦੀ ਸ਼ੁਰੁਆਤ ਹੋਈ ਜਿਸ ਵਿਚ ਪਹਿਲਾਂ ਸੈਕੰਡਰੀ ਸ਼ੈਕਸ਼ਨ ਦੇ ਬਚਿਆਂ ਦੇ ਕਵਿਤਾ ਉਚਾਰਨ ਮੁਕਾਬਲੇ ਹੋਏ ਉਸ ਤੋ ਬਾਦ ਸੈਕੰਡਰੀ ਸ਼ੈਕਸ਼ਨ ਦੇ ਬੱਚਿਆਂ ਦੇ ਕਵਿਜ਼ ਮੁਕਾਬਲੇ ਹੋਏ ਜਿਸ ਵਿਚ ਬਚਿਆਂ ਤੋਂ 1857 ਯਾਨੀ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਤੋਂ ਲੈਕੇ 1919 ਯਾਨੀ ਗਦਰ ਪਾਰਟੀ ਤੱਕ ਦੇ ਇਸ ਮਹਾਨ ਇਨਕਲਾਬੀ ਕਾਲ ਖੰਡ ਦੇ ਸਵਾਲ ਪੁਛੇ ਗਏ ਤੇ ਬੱਚਿਆਂ ਨੇ ਬਹੁਤ ਹੀ ਆਤਮ ਵਿਸ਼ਵਾਸ ਨਾਲ ਸਵਾਲਾਂ ਦੇ ਜਵਾਬ ਦਿੱਤੇ ।ਉਸ ਤੋਂ ਬਾਦ ਅੱਜ ਦੇ ਦਿਨ ਦੇ ਮੁੱਖ ਬੁਲਾਰੇ ਕਾਮਰੇਡ ਕਸ਼ਮੀਰ ਨੇ ਸਰੋਤਿਆਂ ਨੂੰ ਸੰਬੋਧਿਤ ਹੁੰਦੇ ਹੋਏ ਆਪਣੇ ਅਗਾਂਹਵਧੂ ਤੇ ਵਿਗਿਆਨ ਨਾਲ ਲੈਸ ਵਿਚਾਰਾਂ ਨਾਲ ਅੱਜ ਦੇ ਪਿਛਾਂਹ ਖਿੱਚੂ ਸਭਿਆਚਾਰ ਤੇ ਅੱਜ ਦੇ ਸਮਾਜ ਵਿਚ ਫੈਲੇ ਫਿਰਕੂ ਮਾਹੋਲ ਤੇ ਚੋਟਾਂ ਕੀਤੀਆਂ । ਫਿਰ ਦਸਤਕ ਸਭਿਆਚਾਰਕ ਮੰਚ ਦੇ ਸਾਥੀਆਂ ਨੇ ਇਨਕਲਾਬੀ ਗੀਤ ਤੇ ਨਾਟਕ ਪੇਸ਼ ਕੀਤੇ ।ਇਸੇ ਤਰ੍ਹਾਂ ਇਹ ਦਸਵਾਂ ਬਾਲ ਮੇਲਾ ਆਪਣੇ ਮਕਸਦ ਵਿਚ ਪੂਰੀ ਤਰ੍ਹਾਂ ਕਾਮਯਾਬ ਹੁੰਦਾ ਹੋਇਆ ਬਹੁਤ ਸਾਰੀਆਂ ਨਵੀਆਂ ਜਿਮੇਵਾਰੀਆਂ ਦਾ ਅਹਿਸਾਸ ਕਰਾਉਂਦਾ ਹੋਇਆ ਸਮਾਪਤ ਹੋਇਆ ।