ਕਿਉਂ ਤੋੜੇ ਜਾ ਰਹੇ ਹਨ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਨਿਸ਼ਾਨ?
Posted on:- 15-10-2015
- ਹਰਬੰਸ ਬੁੱਟਰ
ਕੈਲਗਰੀ: ਕੈਨੇਡਾ ਦੀਆਂ ਚੋਣਾਂ ਵਿੱਚ ਵੱਖੋ ਵੱਖ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੀ ਜ਼ੋਰ ਅਜ਼ਮਾਈ ਕਰ ਰਹੇ ਹਨ। ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ । ਹੀਲਾ ਵਸੀਲਾ ਵਰਤਣਾ ਵੀ ਚਾਹੀਦਾ ਹੈ ਪਰ ਉਸਾਰੂ ਸੋਚ ਰੱਖਣੀ ਚਾਹੀਦੀ ਹੈ । ਕੈਲਗਰੀ ਸਕਾਈਵਿਊ ਹਲਕੇ ਵਿੱਚ ਚੋਣ ਅਸੂਲਾਂ ਨੂੰ ਛਿੱਕੇ ਟੰਗਕੇ ਚੋਣ ਸਰਗਰਮੀਆਂ ਹੁੰਦੀਆਂ ਨਜ਼ਰੀ ਆ ਰਹੀਆਂ ਹਨ। ਸੜਕ ਉੱਪਰ ਉਮੀਦਵਾਰਾ ਦੇ ਭੰਨੇ ਹੋਏ ਬੋਰਡ ਇਹੀ ਦਰਸਾਉਂਦੇ ਹਨ ਜਾਂ ਆਮ ਤੌਰ ‘ਤੇ ਅਜਿਹੇ ਮੌਕਿਆਂ ਉੱਪਰ ਸ਼ੱਕ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਬੁਖਲਾਹਟ ਵਿੱਚ ਆਕੇ ਅਜਿਹਾ ਕਰ ਰਹੇ ਹਨ । ਐਨ ਡੀ ਪੀ ਦੀ ਚੋਣ ਲੜ ਰਹੇ ਗੁਰ ਸਿੱਖ ਉਮੀਦਵਾਰ ਸਹਿਜਵੀਰ ਸਿੰਘ ਰੰਧਾਵਾ ਜੋ ਕਿ ਗੁਰੂ ਘਰ ਦੇ ਅਹੁਦੇਦਾਰ ਵੀ ਹਨ, ਗੁਰੂ ਘਰ ਦੇ ਨਜ਼ਦੀਕ ਹੀ ਲੱਗੇ ਉਹਨਾਂ ਦੇ ਚੋਣ ਨਿਸ਼ਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਕਿਸੇ ਤਿੱਖੇ ਔਜ਼ਾਰ ਨਾਲ ਕੱਟਿਆ ਪ੍ਰਤੀਤ ਹੁੰਦਾ ਹੈ।
ਇਸ ਸਬੰਧੀ ਜਦੋਂ ਸਹਿਜਵੀਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੱਸਿਆ ਕਿ ਲੱਗਦੈ ਉਹਨਾਂ ਦੀ ਚੜ੍ਹਤ ਨੂੰ ਦੇਖ ਵਿਰੋਧੀ ਬੁਖਲਾਹਟ ਵਿੱਚ ਆ ਗਏ ਹਨ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਟੁੱਟੇ ਹੋਏ ਚੋਣ ਨਿਸ਼ਾਨਾਂ ਵਿੱਚ ਜਿਹੜੀ ਹੈਰਾਨ ਕਰਨ ਵਾਲੀ ਘਟਨਾ ਉਹ ਇਹ ਸੀ ਕਿ ਕੈਨੇਡਾ ਦੇ ਚਰਚਿੱਤ ਬਿਲ ਸੀ 24 ਨੂੰ ਲਿਆਉਣ ਵਾਲੇ ਉਮੀਦਵਾਰ ਦਵਿੰਦਰ ਸ਼ੋਰੀ ਅਤੇ ਇਸਦਾ ਵਿਰੋਧ ਕਰਨ ਵਾਲੇ ਉਮੀਦਵਾਰ ਸਟੀਪਨ ਗਾਰਵੀ ਦੋਵਾਂ ਦੇ ਹੀ ਚੋਣ ਨਿਸ਼ਾਨ ਟੁੱਟੇ ਪਾਏ ਗਏ ।ਦੋਵਾਂ ਨਿਸ਼ਾਨਾਂ ਨੂੰ ਟੁੱਟੇ ਦੇਖ ਕਿਸੇ ਸੱਜਣ ਨੇ ਮਜ਼ਾਕ ਵਿੱਚ ਕਿਹਾ ਕਿ ਲੱਗਦੈ ਸਾਈਨ ਤੋੜਨ ਵਾਲਾ ਅਨਪੜ ਹੀ ਹੋਵੇਗਾ । ਸਬੰਧਤ ਦੋਸ਼ੀ ਸਿਰਫ ਨੀਲਾ ਰੰਗ ਦੇਖ ਹੀ ਆਪਣੀ ਕਾਰਵਈ ਪੂਰੀ ਕਰ ਗਿਆ। ਅਜਿਹੀਆਂ ਕਾਰਵਈਆਂ ਦੀ ਸਾਰੇ ਹੀ ਉਮੀਦਵਾਰਾ ਨੂੰ ਨਿੰਦਾ ਕਰਨੀ ਚਾਹੀਦੀ ਹੈ ਅਤੇ ਆਪਣੇ ਵਾਲੰਟੀਅਰ ਵਰਕਰਾਂ ਨੂੰ ਇਸ ਸਬੰਧੀ ਸਖਤ ਹਦਾਇਤਾਂ ਜਾਰੀ ਕਰਨ ਚਾਹੀਦੀਆਂ ਹਨ।