ਜ਼ਿਲ੍ਹਾ ਸੰਗਰੂਰ ਵਿੱਚ 480 ਡਾੱਟ ਸੈਂਟਰ ਦੇ ਰਹੇ ਹਨ ਟੀ.ਬੀ. ਦੀ ਮੁਫਤ ਦਵਾਈ
Posted on:- 10-10-2015
ਟੀ.ਬੀ ਸਬੰਧੀ ਜਾਣਕਾਰੀ ਲਈ ਕਰੋ ਡਾਇਲ ਟੋਲ ਫਰੀ ਨੰਬਰ
1800 11 6666
ਸੰਗਰੂਰ: ਜ਼ਿਲ੍ਹੇ ਭਰ ਵਿੱਚੋਂ ਜਨਵਰੀ 2015 ਤੋਂ ਸਤੰਬਰ 2015 ਤੱਕ 10,813 ਲੋਕਾਂ ਦੀ ਟੀ.ਬੀ. ਸਬੰਧੀ ਬਲਗਮ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 599ਕੇਸ ਅਜਿਹੇ ਪਾਏ ਗਏ ਜਿਨ੍ਹਾਂ ਦੀ ਬਲਗਮ ਵਿੱਚ ਟੀ.ਬੀ. ਦੇ ਕੀਟਾਣੂ ਸਨ ਅਤੇ 1745 ਟੀ.ਬੀ. ਪ੍ਰਭਾਵਿਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।ਸਿਵਲ ਹਸਪਤਾਲ ਸੰਗਰੂਰ ਟੀ.ਬੀ. ਕਲੀਨਿਕ ਵਿੱਚ ਪਹੁੰਚੇ ਮਰੀਜਾਂ ਨੂੰ ਟੀ.ਬੀ ਸਬੰਧੀ ਜਾਗਰੂਕ ਕਰਦਿਆਂ ਜ਼ਿਲ੍ਹਾ ਟੀ.ਬੀ ਅਫਸਰ ਸੰਗਰੂਰ ਡਾ. ਪਰਵੀਨਪਾਲ ਜਿੰਦਲ ਨੇ ਇਸ ਜਾਣਕਾਰੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਟੀ.ਬੀ ਇਲਾਜਯੋਗ ਹੈ ਅਤੇ ਇਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ।ਡਾ. ਜਿੰਦਲ ਨੇ ਦੱਸਿਆ ਕਿ ਦੋ ਹਫਤਿਆਂ ਤੋਂ ਖੰਘ, ਲੰਮਾ ਬੁਖਾਰ, ਭੁੱਖ ਅਤੇ ਭਾਰ ਦਾ ਘੱਟ ਜਾਣਾ, ਥੁੱਕ ਵਿੱਚ ਖੂਨ ਦਾ ਆਉਣਾ ਆਦਿ ਟੀ.ਬੀ ਦੇ ਲੱਛਣ ਹਨ।ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਤਾਂ ਹੀ ਸੰਭਵ ਹੈ ਜੇਕਰ ਮਰੀਜ ਸਮੇਂ ਸਿਰ ਦਵਾਈਆਂ ਦੀ ਪੂਰੀ ਖੁਰਾਕ ਲੈਂਦਾ ਰਹੇ ਅਤੇ ਦਵਾਈਆਂ ਦਾ ਕੋਰਸ ਅੱਦਵਾਟੇ ਨਾ ਛੱਡੇ।ਡਾ. ਜਿੰਦਲ ਨੇ ਮਰੀਜਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਵੀ ਟੀ.ਬੀ. ਜਾਂਚ ਕਰਵਾਉਣ।
ਡਾ. ਜਿੰਦਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 480 ਅਜਿਹੇ ਡਾੱਟ ਸੈਂਟਰ ਸਥਾਪਤ ਕੀਤੇ ਗਏ ਹਨ ਜਿਹਨਾਂ ਵਿੱਚ ਮੁਫਤ ਟੀ.ਬੀ. ਦੀ ਦਵਾਈ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀ ਬੀ ਦੀ ਕੈਟਾਗਰੀ ਵੱਨ ਦੇ ਮੁਕੰਮਲ ਇਲਾਜ ਲਈ ਆਸ਼ਾ ਨੂੰ ਪ੍ਰਤੀ ਕੇਸ 1000 ਰੁਪਏ ਦਾ ਮਾਣਭੱਤਾ ਅਤੇ ਕੈਟਾਗਰੀ ਦੋ ਦੇ ਮਰੀਜ ਦਾ ਇਲਾਜ ਕਰਵਾਉਣ `ਤੇ 1500 ਰੁਪਏ ਪ੍ਰਤੀ ਕੇਸ ਦਾ ਮਾਣਭੱਤਾ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਟੀ.ਬੀ ਸਬੰਧੀ ਵਧੇਰੇ ਜਾਣਕਾਰੀ ਲਈ 1800 11 6666 ਟੋਲ ਫਰੀ ਨੰਬਰ ਵੀ ਡਾਇਲ ਕੀਤਾ ਜਾ ਸਕਦਾ ਹੈ।ਡਾ. ਜਿੰਦਲ ਨੇ ਦੱਸਿਆ ਕਿ ਸਿਹਤ ਵਿਭਾਗ ਟੀ.ਬੀ ਸਬੰਧੀ ਮਾਮਲਿਆਂ ਵਿੱਚ ਕਾਫੀ ਗੰਭੀਰ ਹੈ, ਜਿਸ ਸਦਕਾ ਹੁਣ ਪ੍ਰਾਈਵੇਟ ਡਾਕਟਰਾਂ ਅਤੇ ਲੈਬੋਰਟਰੀਆਂ ਲਈ ਟੀ.ਬੀ ਕੇਸਾਂ ਸਬੰਧੀ ਦੀ ਰਿਪੋਰਟ ਹਰ ਮਹੀਨੇ ਸਿਵਲ ਸਰਜਨ ਨੂੰ ਭੇਜਣੀ ਲਾਜ਼ਮੀ ਕਰ ਦਿੱਤੀ ਗਈ ਹੈ।ਇਸ ਮੌਕੇ ਐੱਸ.ਐੱਲ.ਟੀ. ਭਰਪੂਰ ਸਿੰਘ, ਗੁਰਸੇਵਕ ਸਿੰਘ, ਮਹਿੰਦਰਪਾਲ, ਰੰਜਨਾ ਗੁਪਤਾ, ਪਰਵਿੰਦਰ ਸਿੰਘ, ਹਰਪਾਲ ਕੌਰ ਅਤੇ ਮਨਮੋਹਨ ਸਿੰਘ ਅਤੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਤੋਂ ਵਿਕਰਮ ਸਿੰਘ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ।