ਗ੍ਰਹਿ ਵਿਭਾਗ ਦੀ ਅਣਦੇਖੀ ਕਾਰਨ ਨੌਕਰੀ ਦੀ ਮੁੜ ਬਹਾਲੀ ਲਈ 9 ਸਾਲ ਤੋਂ ਧੱਕੇ ਖਾਣ ਲਈ ਮਜਬੂਰ
Posted on:- 27-09-2015
- ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਪਿੰਡ ਠੱਕਰਵਾਲ ਦਾ ਇਕ ਪੀ ਏ ਪੀ ਦਾ ਜਵਾਨ ਪਿਛਲੇ 9 ਸਾਲ ਤੋਂ ਆਪਣੀ ਬਿਨਾਂ ਕਿਸੇ ਕਾਰਨ ਵਿਭਾਗ ਦੇ ਉਚ ਅਫਸਰਾਂ ਦੀ ਅਣਦੇਖੀ ਕਾਰਨ ਖੁੱਸੀ ਨੌਕਰੀ ਨੂੰ ਮੁੜ ਹਾਸਿਲ ਕਰਨ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਉਸਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਪੰਜਾਬ ਪੁਲਿਸ ਨੂੰ ਪੱਤਰ ਲਿਖਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਦੇ ਕੇਸ ਦੀ ਬੰਦ ਪਈ ਫਾਇਲ ਨੂੰ ਇਕ ਹਫਤੇ ਵਿਚ ਦੁਬਾਰਾ ਖੋਲ੍ਹਕੇ ਉਸਦੇ ਕੇਸ ਦੀ ਜਾਂਚ ਕਰਕੇ ਉਸਨੂੰ ਬਣਦਾ ਇਨਸਾਫ ਨਾ ਦਿਵਾਇਆ ਤਾਂ ਉਹ ਵਿਭਾਗ ਅਤੇ ਸਰਕਾਰ ਸਮੇਤ ਉਸਦੀ ਨੌਕਰੀ ਨੂੰ ਗਿਣੀਮਿਥੀ ਸਾਜ਼ਿਸ਼ ਤਹਿਤ ਤਬਾਹ ਕਰਨ ਵਾਲੇ ਪੁਲਿਸ ਅਫਸਰਾਂ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਕੇਸ ਕਰੇਗਾ।ਜਾਣਕਾਰੀ ਅਨੁਸਾਰ ਪਿੰਡ ਠੱਕਰਵਾਲ ਦੇ ਵਾਸੀ ਚਰਨਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਸਾਲ 18-1-1989 ਵਿਚ +2 ਕਰਨ ਉਪਰੰਤ ਪੀ ਏ ਪੀ ਵਿਚ ਬਤੌਰ ਸਿਪਾਹੀ ਭਰਤੀ ਹੋ ਗਿਆ ਸੀ। ਉਸਨੇ ਆਪਣੀ ਜ਼ਿਆਦਾਤਰ ਨੌਕਰੀ ਚੰਡੀਗੜ੍ਹ ਸੈਕਟਰੀਏਟ , ਐਮ ਐਲ ਏ ਹੋਸਟਲ ਅਤੇ ਚੰਡੀਗੜ੍ਹ ਅਧੀਨ ਸਕਿਊਰਟੀ ਵਿਚ ਕੀਤੀ।
ਉਸਨੇ ਦੱਸਿਆ ਕਿ ਉਹ ਵਧੀਆ ਤਰੀਕੇ ਨਾਲ ਆਪਣੀ ਨੌਕਰੀ ਕਰ ਰਿਹਾ ਸੀ ਕਿ ਅਚਾਨਕ ਉਸ ਸਮੇਤ ਉਸਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਸਨੂੰ ਉਸਦੇ ਭਰਾ ਹਰਜਿੰਦਰ ਸਿੰਘ ਦੀ ਪਤਨੀ ਵਲੋਂ ਖੁਦਕਸ਼ੀ ਕਰਕੇ ਜਾਨ ਗਵਾਉਣ ਬਾਰੇ ਸੂਚਨਾ ਮਿਲੀ ਤਾਂ ਉਹ ਬਿਨਾ ਦੱਸੇ ਪਿੰਡ ਆ ਗਿਆ। ਘਰ ਦੇ ਹਾਲਾਤ ਦੇਖਕੇ ਉਹ ਖੁਦ ਮਾਨਸਿਕ ਤੌਰ ’ਤੇ ਬਿਮਾਰ ਹੋ ਮੰਜੇ ਦਾ ਮਰੀਜ ਬਣ ਗਿਆ।
ਉਸਨੇ ਇਸ ਸਬੰਧੀ ਆਪਣੇ ਵਿਭਾਗ ਦੇ ਉਚ ਅਫਸਰਾਂ ਨੂੰ 50 ਦੇ ਕਰੀਬ ਪੱਤਰ ਲਿਖੇ ਪ੍ਰੰਤੂ ਉਸਦੀ ਕਿਸੇ ਨੇ ਛੁੱਟੀ ਨਾ ਮਨਜੂਰ ਕੀਤੀ ਸਗੋਂ ਗੈਰ ਹਾਜ਼ਰੀ ਲਗਾਉਂਦੇ ਰਹੇ। ਉਹ ਉਸ ਵਕਤ ਹੋਰ ਪ੍ਰੇਸ਼ਾਨ ਹੋ ਗਿਆ ਜਦ 10-5-2006 ਤੋਂ 22-11-2006 ਸਮੇਂ ਦੇ ਦਰਮਿਆਨ ਹੀ ਉਸਦੇ ਲੜਕੇ ਸੁਖਜਿੰਦਰ ਸਿੰਘ ਦੀ ਘਰ ਲੱਗੀ ਹੋਈ ਚੱਕੀ ਦੇ ਪੁੜ ਵਿਚ ਫਸ ਜਾਣ ਕਰਕੇ ਇਕ ਲੱਤ ਕੱਟੀ ਗਈ । ਇਸ ਤੋਂ ਬਾਅਦ ਉਸਦੇ ਪਿਤਾ ਦੀ ਮੌਤ ਹੋ ਗਈ।
ਉਸਨੇ ਦੱਸਿਆ ਕਿ ਵਿਭਾਗ ਵਲੋਂ ਉਸਨੂੰ ਕਰੀਬ 6 ਮਹੀਨੇ ਗੈਰ ਹਾਜ਼ਰ ਹੋਣ ਕਾਰਨ ਸਸਪੈਂਡ ਕਰਨ ਦਾ ਪੱਤਰ ਭੇਜ ਦਿੱਤਾ ਜਿਸ ਕਾਰਨ ਉਹ ਹੋਰ ਵੀ ਨੀਮ ਪਾਗਲ ਹੋ ਗਿਆ। ਉਸਨੇ ਸਿਹਤ ਵਿਚ ਕੁੱਝ ਸੁਧਾਰ ਹੋਣ ਤੇ ਆਪਣੇ ਵਿਭਾਗ ਦੇ ਅਫਸਰਾਂ ਨਾਲ ਸੰਪਰਕ ਕੀਤਾ ਪ੍ਰੰਤੂ ਉਸਦੀ ਕਿਸੇ ਨੇ ਵੀ ਇਕ ਨਾ ਸੁਣੀ ਸਗੋਂ ਇਕ ਧਰਮ ਸਿੰਘ ਨਾਂ ਦੇ ਐਸ ਆਈ ਨੇ ਕਿਸੇ ਵੱਡੇ ਪੁਲਸ ਅਫਸਰ ਨਾਲ ਉਸਨੂੰ ਮੁੜ ਨੌਕਰੀ ਤੇ ਰੱਖਣ ਦਾ ਭਰੋਸਾ ਦੇ ਕੇ ਇਹ ਹਲਫੀਆ ਬਿਆਨ ਲੈ ਲਿਆ ਕਿ ਉਹ ਵਿਭਾਗ ਤੇ ਨੌਕਰੀ ਜਾਂ ਹੋਰ ਕਿਸੇ ਕਿਸਮ ਦਾ ਕਾਨੂੰਨੀ ਕੇਸ ਨਹੀਂ ਕਰੇਗਾ ।
ਉਸਨੇ ਦੱਸਿਆ ਕਿ ਉਸਦੀ ਨੋਕਰੀ ਬਿਨਾਂ ਕੋਈ ਕਸੂਰ ਗਿਣੀਮਿਥੀ ਸਾਜ਼ਿਸ਼ ਤਹਿਤ ਪੁਲਿਸ ਦੇ ਅਧਿਕਾਰੀਆਂ ਵਲੋਂ ਜਾਣ ਬੁੱਝ ਕੇ ਗਵਾਈ ਹੋਈ ਹੈ। ਉਸਨੇ ਮੰਗ ਕੀਤੀ ਕਿ ਉਸਦੇ ਗਰੀਬ ਪਰਿਵਾਰ ਦੀ ਆਰਥਿਕ ਹਾਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਉਸਨੂੰ ਮੁੜ ਬਹਾਲ ਕੀਤਾ ਜਾਵੇ। ਉਸਦੇ ਚਾਰ ਬੱਚੇ ਹਨ ਜਿਹਨਾਂ ਵਿਚ ਦੋ ਲੜਕੀਆਂ ਅਤੇ ਦੋ ਲੜਕੇਹਨ।
ਇਸ ਸਬੰਧ ਵਿਚ ਗ੍ਰਹਿ ਵਿਭਾਗ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਸ ਪੰਜਾਬ ਚੰਡੀਗੜ੍ਹ ਦੇ ਦਫਤਰ ਤੋਂ ਪਤਾ ਲੱਗਾ ਕਿ ਚਰਰਨਜੀਤ ਸਿੰਘ ਸਿਪਾਹੀ ਨੂੰ ਵਿਭਾਗ ਵਲੋਂ ਆਪਣੇ ਪੱਤਰ ਹੁਕਮ ਨੰਬਰ 23071-78 ਸਟੈਨੋ ਮਿਤੀ 22-11-2006 ਵਿਚ ਕਰੀਬ 6 ਮਹੀਨੇ ਲਗਾਤਾਰ ਗੈਰਹਾਜ਼ਰ ਰਹਿਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ। ਉਸਦੀ ਰਹਿਮ ਅਪੀਲ ਪੱਤਰ ਤੇ ਜਾਂਚ ਕਰਵਾਈ ਗਈ ਜਿਸ ਵਿਚ ਉਹ ਸਮੇਂ ਸਮੇਂ ਗੈਰ ਹਾਜ਼ਰ ਰਹਿਣ ਦਾ ਦੋਸ਼ੀ ਸਾਬਤ ਹੋਇਆ । ਕਾਰਵਾਈ ਤੱਥਾਂ ਦੇ ਅਧਾਰਤ ਹੋਈ ਹੈ। ਪੁਲਿਸ ਦੇ ਕਿਸੇ ਅਧਿਕਾਰੀ ਦੀ ਉਸ ਨਾਲ ਕੋਈ ਰੰਜਿਸ਼ ਨਹੀਂ ਸੀ । ਉਸਨੇ ਆਪਣੀ ਨੌਕਰੀ ਆਪਣੀ ਵਾਰ ਵਾਰ ਗੈਰਹਾਜ਼ਰ ਹੋਣ ਦੀ ਗਲਤੀ ਕਾਰਨ ਗੁਆਈ ਹੈ। ਉਸਦੀ ਰਹਿਮ ਅਪੀਲ ਵੀ ਸਮਰੱਥ ਅਥਾਰਟੀ ਨੇ ਰੱਦ ਕਰ ਦਿੱਤੀ ਹੈ।