ਅੰਗਹੀਣ ਵਿਅਕਤੀ ਵੱਲੋਂ ਸਹੁਰਾ ਪਰਿਵਾਰ ਅਤੇ ਪੁਲਸੀਏ ਰਿਸ਼ਤੇਦਾਰ ਤੋਂ ਬਚਾਉਣ ਦੀ ਅਪੀਲ
Posted on:- 12-08-2015
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਬੀਤੀ ਸ਼ਾਮ ਮਾਹਿਲਪੁਰ ਸ਼ਹਿਰ ਵਿਚ ਇੱਕ ਦੁਕਾਨ ’ਤੇ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਇੱਕ ਅੰਗਹੀਣ ਵਿਅਕਤੀ ’ਤੇ ਬੀਤੀ ਸ਼ਾਮ ਦੋ ਮੋਟਰ ਸਾਈਕਲਾਂ ’ਤੇ ਸਵਾਰ ਚਾਰ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ। ਆਪਣੇ ਸਾਥੀ ਅਤੇ ਬਹਾਦਰੀ ਨਾਲ ਹਮਲਵਾਰਾਂ ਦਾ ਮੁਕਾਬਲਾ ਕਰਨ ਵਾਲੇ ਇਸ ਅੰਗਹੀਣ ਨੇ ਆਪਣੇ ਆਪ ਅਤੇ ਆਪਣੇ ਦੋ ਛੋਟੇ ਛੋਟੇ ਬੱਚਿਆਂ ਨੂੰ ਸਹੁਰਾ ਪਰਿਵਾਰ ਤੋਂ ਬਚਾਉਣ ਦੀ ਅਪੀਲ ਕੀਤੀ ਹੈ। ਇਸ ਹਮਲੇ ਵਿਚ ਰਾਹਗੀਰ ਇੱਕਠੇ ਹੋਣ ਨਾਲ ਹਮਲਾਵਾਰ ਦੌੜ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਕੁਮਾਰ ਪੁੱਤਰ ਰਵਿੰਦਰ ਨਾਥ ਵਾਸੀ ਲੱਧੇਵਾਲ ਨੇ ਭਾਜਪਾ ਨੇਤਾ ਅਤੇ ਸਰਪੰਚ ਖੁਸ਼ੀ ਰਾਮ ਕੋਠੀ, ਕੇਵਲ ਕ੍ਰਿਸ਼ਨ ਬਜਵਾੜਾ, ਭਾਜਪਾ ਆਗੂ ਗਗਨਦੀਪ ਸਿੰਘ ਰਾਜੇਸ਼ ਹਾਂਡਾ, ਸੰਦੀਪ ਕੁਮਾਰ ਨੂਰਪੁਰ, ਮਨਜੀਤ ਸਿੰਘ, ਤਜਿੰਦਰ ਕੁਮਾਰ ਅਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ ਸੀਮਾ ਰਾਣੀ ਨਾਲ ਪੰਜ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ।
ਉਨ੍ਹਾਂ ਦੱਸਿਆ ਕਿ ਜੂਨ 2015 ਵਿਚ ਉਸ ਦੇ ਸਾਲੇ ਦੇ ਵਿਆਹ ’ਤੇ ਉਸ ਦੀ ਪਤਨੀ ਅਤੇ ਸਹੁਰਾ ਪਰਿਵਾਰ ਨੇ ਉਸ ਕੋਲੋ ਲੱਖ ਰੁਪਏ ਦੀ ਮੰਗ ਕੀਤੀ ਜੋ ਕਿ ਉਹ ਪੂਰਾ ਨਾ ਕਰ ਸਕਿਆ।ਤਾਂ ਉਸ ਦੀ ਪਤਨੀ ਨੇ ਫ਼ਾਹਾ ਲੈ ਕੇ ਮਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਉਸ ਨੇ ਦੱਸਿਆ ਕਿ 25 ਜੂਨ 2015 ਨੂੰ ਉਸ ਦੇ ਸਹੁਰਾ ਪਰਿਵਾਰ ਨੇ ਉਸ ਤੇ ਘਰ ਵਿਚ ਹੀ ਕਾਤਲਾਨਾ ਹਮਲਾ ਕੀਤਾ ਸੀ ਅਤੇ ਉਸ ਦੀ ਕੁੱਟਮਾਰ ਕੀਤੀ ਸੀ। ਉਸ ਨੇ ਦੱਸਿਆ ਕਿ ਉਸ ਸਮੇਂ ਉਸ ਦੀ ਕੁੱਟਮਾਰ ਤੋਂ ਬਾਅਦ ਉਸ ਦੀ ਪਤਨੀ ਨੂੰ ਨਾਲ ਲੈ ਗਏ ਸਨ। ਉਸ ਨੇ ਦੱਸਿਆ ਕਿ ਉਸ ਤੋਂ ਅੱਧਾ ਦਰਜਨ ਵਾਰ ਉਸ ਤੇ ਕਾਤਲਾਨਾ ਹਮਲੇ ਹੋ ਚੁੱਕੇ ਹਨ।
ਉਸ ਨੇ ਦੱਸਿਆ ਕਿ ਉਹ ਇੱਕ ਦੁਕਾਨ ’ਤੇ ਕੰਮ ਕਰਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲ ਰਿਹਾ ਹੈ ਪਰੰਤੂ ਸਹੁਰਾ ਪਰਿਵਾਰ ਆਪਣੇ ਇੱਕ ਹੁਸ਼ਿਆਰਪੁਰ ਵਿਖੇ ਕੰਮ ਕਰਦੇ ਪੁਲਿਸ ਕਰਮਚਾਰੀ ਸਤਪਾਲ ਨਾਲ ਮਿਲ ਕੇ ਉਸ ਨੂੰ ਜਾਨੋ ਮਾਰ ਕੇ ਉਸ ਦਾ ਸਭ ਕੁੱਝ ਵੇਚਣਾ ਚਾਹੁੰਦੇ ਹਨ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਵੀ ਉਸ ’ਤੇ ਉਸ ਦੇ ਸਹੁਰਾ ਪਰਿਵਾਰ ਅਤੇ ਪੁਲਸੀਏ ਰਿਸ਼ਤੇਦਾਰ ਨੇ ਕਾਤਲਾਨਾ ਹਮਲਾ ਕਰਵਾਇਆ ਹੈ। ਉਸ ਨੇ ਦੱਸਿਆ ਕਿ ਜੇਕਰ ਉੱਥੇ ਲੋਕ ਇੱਕਠੇ ਨਾ ਹੁੰਦੇ ਤਾਂ ਉਸ ਦਾ ਬਚਾਅ ਔਖਾ ਸੀ। ਉਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਦਾ ਬਚਾਅ ਕਰਵਾਇਟਾ ਜਾਵੇ।
ਇਸ ਸਬੰਧੀ ਜਦੋਂ ਸਹੁਰਾ ਪਰਿਵਾਰ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਾ ਹੋ ਸਕਿਆ ਪਰੰਤੂ ਉਸ ਦੇ ਪੁਲਸੀਏ ਰਿਸ਼ਤੇਦਾਰ ਸਤਪਾਲ ਨੇ ਦੱਸਿਆ ਕਿ ਰਾਜ ਕੁਮਾਰ ਉਨ੍ਹਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਜਿਸ ਕਾਰਨ ਉਹ ਘਰ ਛੱਡ ਕੇ ਚਲੀ ਗਈ ਹੈ ਅਤੇ ਆਪਣਾ ਕੰਮ ਕਰਕੇ ਰੋਜ਼ੀ ਰੋਟੀ ਕਮਾ ਰਹੀ ਹੈ। ਰਾਜ ਕੁਮਾਰ ਆਪਣਾ ਕਸੂਰ ਛੁਪਾਉਣ ਲਈ ਉਸ ’ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ।