ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ ਅਠਾਰਵੀਂ ਬਰਸੀ ਦੀਆਂ ਤਿਆਰੀਆਂ ਜ਼ੋਰਾਂ’ਤੇ
Posted on:- 03-08-2015
ਬਰਨਾਲਾ: ਸੰਨ 1997 ਵਿੱਚ ਆਖਰੀ ਦਮ ਤੱਕ ਗੁੰਡਿਆਂ ਸੰਗ ਜੂਝਦੀ ਹੋਈ ਸ਼ਹੀਦ ਕਿਰਨਜੀਤ ਕੌਰ ਦੀ 18 ਵੀਂ ਸਲਾਨਾ ਬਰਸੀ 12 ਅਗਸਤ 2015 ਨੂੰ ਮਹਿਲ ਕਲਾਂ ਵਿਖੇ ਮਨਾਉਣ ਲਈ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਤਿਆਰੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਕੱਲ੍ਹ ਹਰਦਾਸਪੁਰਾ, ਛਾਪਾ, ਦੀਵਾਨਾ,ਮਾਂਗੇਵਾਲ ਪਿੰਡਾਂ’ਚ ਰੱਖੀਆਂ ਮੀਟਿੰਗਾਂ ਨੂੰ ਬਹੁਤ ਹੀ ਉਤਸ਼ਾਹਜਨਕ ਹੂੰਗਾਰਾ ਮਿਲਿਆ। ਇਨ੍ਹਾਂ ਮੀਟਿੰਗਾਂ ਵਿੱਚ ਸੈਂਕੜੇ ਕਿਸਾਨ-ਮਜਦੂਰ-ਮੁਲਾਜ਼ਮ-ਨੌਜਵਾਨ ਜਥੇਬੰਦੀਆਂ ਦੇ ਆਗੂ ਪੂਰੇ ਉੇਤਸ਼ਾਹ ਨਾਲ ਸ਼ਾਮਲ ਹੋਏ।ਮੀਟਿੰਗਾਂ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਐਕਸ਼ਨ ਕਮੇਟੀ ਦੇ ਕਨਵੀਨਰ ਮਾ. ਗੁਰਬਿੰਦਰ ਸਿੰਘ ਕਲਾਲਾ ਨਰਾਇਣ ਦੱਤ ਮਨਜੀਤ ਧਨੇਰ ਪ੍ਰੇਮ ਕੁਮਾਰ ਜਰਨੈਲ ਸਿੰਘ ਨਿਹਾਲ ਸਿੰਘ ਨੇ ਕਿਹਾ ਕਿ ਔਰਤ ਮੁਕਤੀ ਦਾ ਚਿੰਨ੍ਹ ਬਣ ਚੁੱਕੀ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ‘ਤੇ ਔਰਤ ਜਬਰ ਵਿਰੋਧੀ ਦਿਵਸ” ਵਜੋਂ ਪੂਰ ਜੋਸ਼ੋ-ਖਰੋਸ਼ ਨਾਲ ਮਨਾਈ ਜਾਵੇਗੀ।
18 ਸਾਲ ਤੋਂ ਇਸ ਲੋਕ ਸੰਘਰਸ਼ ਦੀ ਢਾਲ ਅਤੇ ਤਲਵਾਰ ਬਣੇ ਸੰਘਰਸ਼ਸ਼ੀਲ ਕਾਫਲਿਆਂ ਨੂੰ ਐਕਸ਼ਨ ਕਮੇਟੀ ਮੈਂਬਰਾਂ ਨੇ ਦੱਸਿਆਂ ਕਿ ਕਿਵੇਂ ਐਕਸ਼ਨ ਕਮੇਟੀ ਮਹਿਲ ਕਲਾਂ ਦੀ ਅਗਵਾਈ’ਚ ਲੋਕ ਤਾਕਤ ਦੇ ਆਸਰੇ ਠੀਕ ਦਿਸ਼ਾ ਵਿੱਚ ਸੇਧੇ ਲੋਕ ਸੰਘਰਸ਼ ਨੇ ਗੁੰਡਾ-ਪਲਿਸ-ਸਿਆਸੀ-ਅਦਾਲਤੀ ਗੱਠਜੋੜ ਦੀਆਂ ਚੁਨੌਤੀਆਂ ਨੂੰ ਖਿੜੇ ਮੱਥੇ ਕਬੂਲ ਕਰਦਿਆਂ ਪੂਰੀ ਦਿ੍ਰੜਤਾ ਨਾਲ ਟਾਕਰਾ ਕੀਤਾ ਹੈ। ਇਸ ਸਮੁੱਚੀ ਸਫਲਤਾ ਲਈ 18 ਸਾਲ ਤੋਂ ਢਾਲ ਅਤੇ ਤਲਵਾਰ ਬਣੀ ਲੋਕ ਸ਼ਕਤੀ ਖਾਸ ਕਰਕੇ ਤੁਸੀਂ ਲੋਕ ਸੰਗਰਾਮੀ ਮੁਬਾਰਕਬਾਦ ਦੇ ਹੱਕਦਾਰ ਹੋ।ਬੁਲਾਰਿਆਂ ਕਿਹਾ ਕਿ ਔਰਤਾਂ ਉੱਪਰ ਜਬਰ ਜੁਲਮ ਰੁਕਿਆ ਨਹੀਂ ਸਗੋਂ ਸ਼ਰੂਤੀ ਕਾਂਡ,ਦਾਮਿਨੀ ਕਾਂਡ,ਅੋਰਬਿਟ ਕਾਂਡਾਂ ਰਾਹੀਂ ਇਸ ਪ੍ਰਬੰਧ ਦਾ ਪਹਿਲਾਂ ਨਾਲੋਂ ਵੀ ਜਾਬਰ ਅਤੇ ਕਰੂਰ ਚਿਹਰਾ ਸਾਹਮਣੇ ਆ ਰਿਹਾ ਹੈ ਇਸ ਵਾਸਤੇ ਇਨਾਂ ਸੰਘਰਸ਼ਾਂ ਦਾ ਟਾਕਰਾ ਕਰਨ ਲਈ ਸੰਘਰਸ਼ਾਂ ਦੀ ਸੇਧ ਨੂੰ ਇਨਾਂ ਦੀ ਜੰਮਣ ਭੋਇੰ ਲੁਟੇਰੇ ਜਾਬਰ ਰਾਜ ਪ੍ਰਬੰਧ ਖ਼ਿਲਾਫ਼ ਸੇਧਤ ਕਰਨ ਦੀ ਜ਼ਰੂਰਤ ਹੈ।
ਪਿੰਡਾਂ,ਸ਼ਹਿਰਾਂ,ਕਸਬਿਆਂ,ਸਕੂਲਾਂ,ਕਾਲਜਾਂ ਅੰਦਰ ਐਕਸ਼ਨ ਕਮੇਟੀ ਦੀ ਅਗਵਾਈ’ਚ ਮੀਟਿੰਗਾਂ/ਰੈਲੀਆਂ ਦਾ ਦੌਰ 11 ਅਗਸਤ ਤੱਕ ਇਸੇ ਤਰਾਂ ਜਾਰੀ ਰਹੇਗਾ।ਆਗੂਆਂ ਨੇ ਹਾਜਰ ਸਾਥੀਆਂ ਨੂੰ ਮੁਹਿੰਮ ਲਈ ਦਿਨ ਰਾਤ ਇੱਕ ਕਰਕੇ ਪੂਰੀ ਸ਼ਿੱਦਤ ਅਤੇ ਜਿੰਮੇਵਾਰੀ ਨਾਲ ਜੁੱਟ ਜਾਣ ਦਾ ਸੱਦਾ ਦਿੱਤਾ।ਮੀਟਿੰਗ ਵਿੱਚ ਲੋਕ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜਾ ਰੱਦ ਰੱਦ ਕਰਵਾਉਣ ਤੇ ਸਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸਕੂਲ ਦਾ ਨਾਮ ਤਬਦੀਲ ਕਰਕੇ ਇਤਿਹਾਸ ਨੂੰ ਮਿਟਾਉਣ ਦੀਆਂ ਕਾਤਿਲੀ ਲਾਣੇ ਦੀਆਂ ਸਿਆਸੀ ਸਰਪ੍ਰਸਤਾਂ ਦੀ ਸਹਿ ਪ੍ਰਾਪਤ ਚਾਲਾਂ ਦੀ ਨਿਖੇਧੀ ਕਰਦਿਆ ਆਉਂਦੇ ਦਿਨਾਂ ਵਿੱਚ ਵੱਡੀ ਲੋਕ ਲਾਮਬੰਦੀ ਕਰਨ ਦੀ ਅਪੀਲ ਕੀਤੀ।
ਇਨ੍ਹਾਂ ਮੀਟਿੰਗਾਂ ਸਮੇਂ ਜਨਤਕ ਜਥੇਬੰਦੀਆਂ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ,ਜੰਗ ਸਿੰਘ ਮਾਂਗੇਵਾਲ ਬਲਰਾਜ ਸਿੰਘ ਮਾਂਗੇਵਾਲ,ਜਗਰਾਜ ਸਿੰਘ ਹਰਦਾਸਪੁਰਾ ਵਰਿੰਦਰ ਦੀਵਾਨਾ ਜੱਗਾ ਸਿੰਘ ਛਾਪਾ ਹਰਵਿੰਦਰ ਦੀਵਾਨਾ ਪਰਦੀਪ ਦੀਵਾਨਾ ਕਾ.ਨਛੱਤਰ ਦੀਵਾਨਾ ਮੁਕੰਦ ਸਿੰਘ ਹਰਦਾਸਪੁਰਾ ਬਰਿੰਦਰ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਪਹਿਲਾ ਨਾਲੋਂ ਵੀ ਵਧ ਚੜ੍ਹ ਕੇ 12 ਅਗਸਤ ਵਾਲੇ ਦਿਨ ਹਰ ਪੱਖੋਂ ਤਿਆਰੀਆ ਮੁਕੰਮਲ ਕਰਕੇ ਪੁੱਜਣ ਦਾ ਵਿਸ਼ਵਾਸ਼ ਦਿਵਾਇਆ। ਮੌਕੇ ਤੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਲੋਕ ਸੰਘਰਸ਼ ਲਈ ਫੰਡ ਵੀ ਦਿੱਤਾ ਗਿਆ।ਪਿੰਡ ਦੀਵਾਨਾ ਵਿਖੇ ਤਿਆਰੀ ਵਜੋਂ ਲੋਕ ਪੱਖੀ ਨਾਟਕਕਾਰ ‘ਸੈਮੂਅਲ ਜੌਹਨ” ਵੱਲੋਂ ਨੁੱਕੜ ਨਾਟਕ ਰਾਹੀਂ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਕਰਦਿਆਂ ਨੁੱਕੜ ਨਾਟਕ ਵੀ ਖੇਡੇ ਗਏ।