ਯੂਥ ਅਕਾਲੀਆਂ ਵੱਲੋਂ ਪੱਤਰਕਾਰਾਂ ਨਾਲ ਗੁੰਡਾਗਰਦੀ ਦਾ ਮਾਮਲਾ
Posted on:- 25-06-2015
ਅਕਾਲੀ ਸਰਪੰਚ ਪਤੀ ਸਮੇਤ ਕਈਆਂ 'ਤੇ ਪਰਚੇ ਦਰਜ
ਪੀੜਤ ਪੱਤਰਕਾਰਾਂ ਵੱਲੋਂ ਅਸੰਤੁਸ਼ਟੀ ਦਾ ਪ੍ਰਗਟਾਵਾ, ਪੁਲਿਸ ਦੀ ਕਾਰਵਾਈ ਦਬਾਅ ਹੇਠ ਕਰਾਰ
-ਬਲਜਿੰਦਰ ਕੋਟਭਾਰਾ
ਜਲੰਧਰ: ਯੂਥ ਅਕਾਲੀਆਂ ਵੱਲੋਂ ਦੋ ਪੱਤਰਕਾਰਾਂ ਨਾਲ ਕੀਤੀ ਗਈ ਗੁੰਡਾਗਰਦੀ ਵਿਰੁੱਧ ਅਕਾਲੀ ਸਰਪੰਚ ਪਤੀ ਸਮੇਤ ਕਈਆਂ 'ਤੇ ਵੱਖ ਵੱਖ ਧਾਰਾਵਾਂ ਹੇਠ ਮੁਕੱਦਮੇ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੀੜਤ ਪੱਤਰਕਾਰਾਂ ਨੇ ਬਣਦੀਆਂ ਧਾਰਾਵਾਂ ਨਾ ਲਗਾਉਣ 'ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਸਿਆਸੀ ਦਬਾਅ ਹੇਠ ਬਣਦਾ ਮੁਕੱਦਮਾ ਦਰਜ ਨਹੀਂ ਕੀਤਾ ਗਿਆ। ਸਰਪੰਚ ਪਤੀ ਦੀ ਹਾਜ਼ਰੀ ਵਿੱਚ 'ਰੰਗਲਾ ਪੰਜਾਬ ਰੇਡੀਓ' ਟਰਾਂਟੋ ਦੇ ਪੱਤਰਕਾਰਾਂ ਅਮਨਦੀਪ ਕੌਰ ਹਾਂਸ ਤੇ ਬਲਜਿੰਦਰ ਕੋਟਭਾਰਾ ਨਾਲ ਬੀਤੀ 21 ਜੂਨ ਨੂੰ ਪਿੰਡ ਦਿਆਲਪੁਰ ਵਿੱਚ ਕਵਰੇਜ਼ ਕਰਨ ਤੋਂ ਰੋਕਦਿਆਂ ਯੂਥ ਅਕਾਲੀਆਂ ਵੱਲੋਂ ਧੱਕਾਮੁੱਕੀ ਕਰਨ, ਹੱਥੋਪਾਈ ਹੋਣ, ਕੈਮਰਾ ਖੋਹਣ ਦੀ ਕੋਸ਼ਿਸ਼, ਕੁੱਟਮਾਰ ਕਰਨ, ਫ਼ੋਟੋ ਡਿਲੀਟ ਨਾ ਕਰਨ 'ਤੇ ਧਮਕੀਆਂ ਦੇਣ ਤੇ ਫਿਰ ਬੰਧਕ ਬਣਾਉਦਿਆਂ ਤਕਰੀਬਨ ਡੇਢ ਘੰਟਾ ਗੁੰਡਾਗਰਦੀ ਕਰਨ 'ਤੇ ਜਲੰਧਰ ਜ਼ਿਲ੍ਹੇ ਦੇ ਥਾਣਾ ਕਰਤਾਰਪੁਰ ਵਿੱਚ ਮਹਿਲਾ ਅਕਾਲੀ ਸਰਪੰਚ ਦੇ ਪਤੀ ਤੇ ਹੋਰ 15-20 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 341, 323, 506 ਭਾਰਤੀ ਦੰਡਾਵਲੀ ਤਹਿਤ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਪੀੜਤ ਪੱਤਰਕਾਰਾਂ ਅਮਨਦੀਪ ਹਾਂਸ ਤੇ ਬਲਜਿੰਦਰ ਕੋਟਭਾਰਾ ਨੇ ਪੁਲਿਸ ਕਾਰਵਾਈ 'ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੁਲਿਸ ਨੇ ਸਿਆਸੀ ਦਾਬੇ ਹੇਠ ਜਾਣਬੁੱਝ ਕੇ ਦੋਸ਼ੀਆਂ ਨੂੰ ਬਚਾਉਣ ਲਈ ਕਈ ਬਣਦੀਆਂ ਧਾਰਾਵਾਂ ਨਹੀਂ ਲਾਈਆਂ। ਸ਼ਿਕਾਇਤਕਰਤਾ ਅਮਨਦੀਪ ਹਾਂਸ ਨੇ ਦੱਸਿਆ ਕਿ ਮਹਿਲਾ ਨਾਲ ਬਦਸਲੂਕੀ ਕਰਨ ਤੇ ਧੱਕੇ ਮਾਰਨ 'ਤੇ ਬਣਦੀ ਧਾਰਾ 354 ਆਈ. ਪੀ. ਸੀ. ਤੇ ਪੱਤਰਕਾਰ ਬਲਜਿੰਦਰ ਕੋਟਭਾਰਾ ਦਾ ਸ਼ਨਾਖਤੀ ਪੱਤਰ ਖੋਹਣ ਸਬੰਧੀ ਧਾਰਾ 382 ਨਹੀਂ ਲਗਾਈ ਗਈ। ਦੋਹਾਂ ਪੱਤਰਕਾਰਾਂ ਨੇ ਕਿਹਾ ਕਿ ਬਣਦੀਆਂ ਧਾਰਾਵਾਂ ਲਵਾਉਣ ਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਵਾਉਣ ਲਈ ਉਹ ਸਹਿਯੋਗ ਦੇ ਰਹੀਆਂ ਵੱਖ ਵੱਖ ਜਥੇਬੰਦੀਆਂ ਦੀ ਮਦਦ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।
ਜ਼ਿਕਰਯੋਗ ਹੈ ਕਿ ਉਕਤ ਦੋਹੇ ਪੱਤਰਕਾਰ ਪਿੰਡ ਦਿਆਲਪੁਰ ਵਿੱਚ ਹੋਈ ਪੰਚਾਇਤੀ ਜ਼ਮੀਨ ਦੀ ਬੋਲੀ ਦਲਿਤ ਭਾਈਚਾਰੇ ਨੂੰ ਕਥਿਤ ਤੌਰ 'ਤੇ ਜਬਰੀ ਰੋਕਣ ਤੇ ਯੂਥ ਅਕਾਲੀਆਂ ਵੱਲੋਂ ਦਲਿਤਾਂ ਦੇ ਪਾਣੀ ਦੇ ਕੁਨੈਕਸ਼ਨ ਕੱਟਣ ਆਦਿ ਦੇ ਮਾਮਲੇ ਸਬੰਧੀ ਰੇਡੀਓ 'ਰੰਗਲਾ ਪੰਜਾਬ' ਤੇ 'ਮਾਲਵਾ ਮੇਲ' ਅਖਬਾਰ ਲਈ ਕਵਰੇਜ਼ ਕਰਨ ਗਏ ਸਨ, ਜਿੱਥੇ ਉਹਨਾਂ ਨਾਲ ਧੱਕਾਮੁੱਕੀ ਕਰਦਿਆਂ ਉਹਨਾਂ ਨੂੰ ਬੰਦੀ ਬਣਾਇਆ ਗਿਆ ਸੀ ਤੇ ਵੱਡੀ ਗਿਣਤੀ ਕਰਤਾਰਪੁਰ ਪੁਲਿਸ ਨੇ ਆ ਕੇ ਮੁਕਤ ਕਰਵਾਇਆ ਸੀ।