ਮੁੱਗੋਵਾਲ ਦੇ ਨਸ਼ਾ ਛਡਾਊ ਕੇਂਦਰ ’ਚ ਨੌਜਵਾਨ ਦਾ ਭੇਦਭਰੀ ਹਾਲਤ ਵਿੱਚ ਕਤਲ
Posted on:- 07-06-2015
- ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਪਿੰਡ ਮੁੱਗੋਵਾਲ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿਚ ਬੀਤੀ ਦੇਰ ਰਾਤ ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮਾਂ ਅਤੇ ਕੇਂਦਰ ਵਿਚ ਦਾਖਿਲ ਨਸ਼ਾ ਛਡਾਉਣ ਵਾਲੇ ਕੁਝ ਨੌਜਵਾਨਾਂ ਵਲੋਂ ਕੀਤੇ ਗਏ ਕਥਿੱਤ ਅੰਨ੍ਹੇ ਤਸ਼ੱਦਦ ਕਾਰਨ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਕਤਲ ਕਰ ਦਿੱਤਾ ਗਿਆ। ਇਸ ਕਤਲ ਵਾਰਦਾਤ ਦੀ ਕੇਂਦਰ ਦੇ ਪ੍ਰਬੰਧਕਾਂ ਵੱਲੋਂ 5 ਘੰਟੇ ਦੇ ਕਰੀਬ ਕਿਸੇ ਨੂੰ ਵੀ ਭਿਣਕ ਨਾ ਲੱਗਣ ਦਿੱਤੀ ਗਈ, ਪ੍ਰੰਤੂ ਜਦ ਪਿੰਡ ਦੇ ਸਰਪੰਚ ਅਤੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਨਸ਼ਾ ਛੁਡਾਊ ਕੇਂਦਰ ਅੱਗੇ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਅਤੇ ਥਾਣਾ ਚੱਬੇਵਾਲ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣਾ ਚੱਬੇਵਾਲ ਦੇ ਐਸ ਐਚ ਓ ਅਤੇ ਡੀ ਐਸ ਪੀ ਹਰਦੀਪ ਸਿੰਘ ਪੁਲਸ ਪਾਰਟੀ ਸਮੇਤ ਕੇਂਦਰ ਪਹੁੰਚੇ ਅਤੇ ਮਿ੍ਰਤਕ ਲੜਕੇ ਦੀ ਲਾਸ਼ ਕੇਂਦਰ ਦੇ ਬਾਥਰੂਮ ਵਿਚੋਂ ਬਾਹਰ ਕਢਵਾਈ ਅਤੇ ਕਬਜ਼ੇ ਵਿਚ ਲੈ ਕੇ ਕੇਂਦਰ ਵਿਚ ਦਾਖਿਲ ਇਕ ਨੌਜਵਾਨ ਸਮੇਤ ਦੋ ਜਾਣਿਆਂ ਨੂੰ ਪੁੱਛਗਿਛ ਲਈ ਆਪਣੇ ਨਾਲ ਲੈ ਗਏ। ਕੇਂਦਰ ਅੱਗੇ ਇਸ ਭੇਦਭਰੀ ਹਾਲਤ ਵਿਚ ਹੋਈ ਮੌਤ ਕਾਰਨ ਮਾਹੌਲ ਦੇਰ ਰਾਤ ਤੱਕ ਤਣਾਅ ਵਾਲਾ ਬਣਿਆ ਰਿਹਾ। ਅਣਸੁਖਾਵੀਂ ਘਟਨਾ ਦੀ ਰੋਕਥਾਮ ਲਈ ਕੇਂਦਰ ਦੁਆਲੇ ਪੁਲਸ ਦੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਮਿ੍ਰਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣ ਹੈ ਕਿ ਨੌਜਵਾਨ ਤੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਜਿਸ ਸਦਕਾ ਉਸਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਮੁੱਗੋਵਾਲ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ‘ਗੁਰੂ ਕ੍ਰਿਪਾ ਸੋਸ਼ਲ ਵੈਲਫੇਅਰ ਸੁਸਾਇਟੀ ’ ਵਿਚ ਬੀਤੀ ਦੇਰ ਰਾਤ ਨਸ਼ਾ ਛੁਡਾਉਣ ਲਈ ਪਿਛਲੇ ਡੇਢ ਮਹੀਨੇ ਤੋਂ ਨਸ਼ਾ ਛੱਡਣ ਲਈ ਭਰਤੀ ਹੋਏ ਦੀਪਕ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਕਾਲੇਵਾਲ ਲੱਲੀਆਂ (ਗੜ੍ਹਸ਼ੰਕਰ ) ਦਾ ਕੇਂਦਰ ਦੇ ਬਾਥਰੂਮ ’ਚ ਭੇਦ ਭਰੀ ਹਾਲਤ ਵਿਚ ਕਤਲ ਹੋ ਗਿਆ। ਘਟਨਾ ਸਥਾਨ ’ਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਮੁੱਗੋਵਾਲ, ਕੇਂਦਰ ਦੇ ਸੰਚਾਲਕ ਹਰਪ੍ਰੀਤ ਸਿੰਘ, ਬਲਰਾਜ ਸਿੰਘ, ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਕੇਂਦਰ ਵਿਚ 30 ਦੇ ਕਰੀਬ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਨਸ਼ਾ ਛੁਡਾਉਣ ਲਈ ਨੌਜਵਾਨ ਭਰਤੀ ਹੋਏ ਹਨ। ਉਨ੍ਹਾਂ ਦੱਸਿਆ ਕਿ ਤਿੰਨ ਨੌਜਵਾਨ ਛੁੱਟੀ ਤੇ ਗਏ ਹੋਏ ਹਨ। ਬੀਤੀ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਕੇਂਦਰ ਦੇ ਇੱਕ ਬਾਥਰੂਮ ਵਿਚ ਇੱਕ ਨੌਜਵਾਨ ਦੀਪਕ ਕੁਮਾਰ ਨੂੰ ਅਰਧ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ ਤਾਂ ਉਹ ਉਸ ਨੂੰ ਤੁਰੰਤ ਮਾਹਿਲਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿਚ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਕਰਾਰ ਦੇ ਦਿੱਤਾ।
ਪੁਲਿਸ ਵਲੋਂ ਕਾਬੂ ਕੀਤੇ ਕਥਿਤ ਦੋਸ਼ੀ ਮਹਾਂਵੀਰ ਥਾਪਾ ਪੁੱਤਰ ਰਾਜ ਕੁਮਾਰ ਵਾਸੀ ਡਗਾਣਾ ਰੋਡ ਹੁਸ਼ਿਆਰਪੁਰ ਨੇ ਥਾਣਾ ਮੁਖੀ ਸੁਲੱਖਣ ਸਿੰਘ, ਡੀ ਐਸ ਪੀ ਹਰਦੀਪ ਸਿੰਘ ,ਸਰਪੰਚ ਸੁਖਵਿੰਦਰ ਸਿੰਘ ਮੁੱਗੋਵਾਲ ਅਤੇ ਪੰਚਾਇਤ ਦੀ ਹਾਜ਼ਰੀ ਵਿਚ ਦੱਸਿਆ ਕਿ ਉਹ ਇੱਥੇ ਆਪਣੇ ਸਾਥੀ ਜਤਿਨ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਡਗਾਣਾ ਰੋਡ ਹੁਸ਼ਿਆਰਪੁਰ ਨਾਲ ਪਿਛਲੇ ਡੇਢ ਮਹੀਨੇ ਤੋਂ ਨਸ਼ਾ ਛੱਡਣ ਲਈ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਕੇਂਦਰ ਦੇ ਪ੍ਰਬੰਧਕ ਨਸ਼ੇ ਦੇ ਆਦੀ ਨੌਜਵਾਨਾ ਨੂੰ ਕਈ ਤਰਾਂ ਦੇ ਤਸੀਹੇ ਦਿੰਦੇ ਹਨ ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਇੱਥੋਂ ਭੱਜਣ ਦੀ ਯੋਜਨਾ ਬਣਾਈ। ਦਾਖਿਲ ਨੌਜਵਾਨਾਂ ਨੂੰ ਨੰਗੇ ਕਰਕੇ ਕੁਟਾਪਾ ਚਾੜ੍ਹਿਆ ਜਾਂਦਾ ਅਤੇ ਉਹਨਾਂ ਨੂੰ ਘੰਟਿਆਂ ਬੱਧੀ ਧੁੱਪੇ ਬੈਠਾਇਆ ਜਾਂਦਾ ਹੈ।
ਦੀਪਕ ਕੁਮਾਰ ਤਸ਼ੱਦਦ ਕਾਰਨ ਬਹੁਤ ਦੁੱਖੀ ਸੀ ਅਤੇ ਕੲਂੀ ਵਾਰ ਉਸਨੇ ਭੱਜਣ ਦੀ ਯੋਜਨਾ ਬਣਾਈ ਪ੍ਰੰਤੂ ਪ੍ਰਬੰਧਕ ਉਸਦੀ ਹਰ ਕੋਸ਼ਿਸ਼ ਨੂੰ ਨਕਾਮ ਬਣਾ ਦਿੰਦੇ ਅਤੇ ਉਸਨੂੰ ਬੁਰੀ ਤਰ੍ਹਾਂ ਜਲੀਲ ਕਰਦੇ ਸਨ। ਉਸ ਨੇ ਦੱਸਿਆ ਕਿ ਦੀਪਕ ਕੁਮਾਰ ਨੇ ਕਿਹਾ ਕਿ ਉਹ ਆਪਣਾ ਗਲਾ ਘੁੱਟ ਲਵੇਗਾ ਅਤੇ ਪ੍ਰਬੰਧਕ ਉਸ ਨੂੰ ਹਸਪਤਾਲ ਲੈ ਜਾਣਗੇ ਅਤੇ ਉਹ ਉੱਥੋਂ ਦੌੜ ਜਾਣਗੇ। ਉਸ ਨੇ ਦੱਸਿਆ ਕਿ ਸ਼ਾਮ ਸਾਢੇ ਪੰਜ ਵਜੇ ਦੀਪਕ ਕੁਮਾਰ ਨੇ ਬਾਥਰੂਮ ਵਿਚ ਜਾ ਕੇ ਰੱਸੀ ਨਾਲ ਆਪਣਾ ਗਲਾ ਘੁੱਟਿਆ ਪਰੰਤੂ ਸਫ਼ਲ ਨਾ ਹੋਣ ਤੇ ਉਸ ਨੇ ਜਦੋਂ ਉਸ ਦਾ ਗਲਾ ਘੁੱਟਿਆ ਤਾਂ ਉਸ ਦੀ ਮੌਤ ਹੋ ਗਈ। ਹਸਪਤਾਲ ਦੇ ਪ੍ਰਬੰਧਕ ਉਸ ਨੂੰ ਇੱਕ ਨਿਜੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਕਰਾਰ ਦੇ ਦਿੱਤਾ। ਕੇਂਦਰ ਦੇ ਪ੍ਰਬੰਧਕਾਂ ਨੇ ਲਾਸ਼ ਲਿਆ ਕੇ ਕੇਂਦਰ ਵਿਚ ਰੱਖ ਲਈ ਅਤੇ ਰਾਤ 10 ਵਜੇ ਤੱਕ ਇਸ ਦੀ ਭਿਣਕ ਕਿਸੇ ਨੂੰ ਨਾ ਲੱਗਣ ਦਿੱਤੀ। ਇਸ ਕਤਲ ਦੀ ਭਿਣਕ ਜਦੋਂ ਪਿੰਡ ਦੇ ਸਰਪੰਚ ਨੂੰ ਪਈ ਤਾਂ ਉਹ ਤੁਰੰਤ ਕੇਂਦਰ ਪਹੁੰਚੇ। ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਇਸ ਸਬੰਧੀ ਕੇਂਦਰ ਦੇ ਮੁੱਖ ਸੰਚਾਲਕ ਅਮਰਜੀਤ ਸਿੰਘ ਬੂੜੋਬਾੜੀ ਨੇ ਦੱਸਿਆ ਕਿ ਉਹ ਜਲੰਧਰ ਗਿਆ ਹੋਇਆ ਸੀ ਜਦੋਂ ਉਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਚੱਬੇਵਾਲ ਪੁਲਿਸ ਨੂੰ ਦਿੱਤੀ। ਪੁਲਿਸ ਨੇ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।