ਸਿੱਖ ਵਿਰਸਾ ਮੈਗਜ਼ੀਨ ਕੈਲਗਰੀ ਵੱਲੋਂ ਸਿੱਖ ਜਾਗਰੂਕਤਾ ਸੈਮੀਨਾਰ 11 ਅਪ੍ਰੈਲ ਨੂੰ
Posted on:- 10-04-2015
-ਬਲਜਿੰਦਰ ਸੰਘਾ
ਕੈਲਗਰੀ : ਸਿੱਖ ਵਿਰਸਾ ਮਾਸਿਕ ਮੈਗਜ਼ੀਨ ਜਿਥੇ ਹਰ ਮਹੀਨੇ ਦੇਸ਼-ਵਿਦੇਸ਼ ਦੇ ਨਾਮਵਰ ਲੇਖਕਾਂ ਦੀਆਂ ਵੱਖ-ਵੱਖ ਵਿਸ਼ਿਆਂ ਤੇ ਲਿਖੀਆਂ ਰਚਨਾਵਾਂ ਰਾਹੀਂ ਵਹਿਮਾਂ, ਭਰਮਾਂ, ਕਰਮਕਾਂਡਾਂ, ਪਾਖੰਡਾਂ ਆਦਿ ਪ੍ਰਤੀ ਚੇਤੰਨਤਾ ਪੈਦਾ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਉਥੇ ਵੱਖ-ਵੱਖ ਮੌਕਿਆਂ ਤੇ ਨਾਮਵਰ ਸਿੱਖ ਵਿਦਵਾਨਾਂ ਨੂੰ ਕੈਲਗਰੀ ਵਿੱਚ ਸੱਦ ਕੇ ਸੈਮੀਨਾਰ ਕਰਵਾਏ ਜਾਂਦੇ ਰਹੇ ਹਨ। ਇਸੇ ਲੜੀ ਵਿੱਚ ਆਉਂਦੀ 11 ਅਪਰੈਲ ਦਿਨ ਸ਼ਨੀਵਾਰ ਨੂੰ ਦੁਪਹਿਰ 12:30 ਵਜੇ ਤੋਂ 4 ਵਜੇ ਤੱਕ ਸਿੱਖ ਵਿਰਸਾ ਵਲੋਂ `ਟੈਪਲ ਕਮਿਉਨਿਟੀ ਹਾਲ` ਵਿਖੇ `ਸਿੱਖ ਅਵੇਅਰਨੈਸ ਸੈਮੀਨਾਰ` ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿੱਚ ਉਘੇ ਸਿੱਖ ਲੇਖਕ, ਵਿਦਵਾਨ ਤੇ ਸਾਇੰਟਿਸਟ ਡਾ. ਦਵਿੰਦਰ ਸਿੰਘ ਚਾਹਲ ਅਤੇ ਕੈਲੇਫੋਰਨੀਆ ਤੋਂ ‘ਸਿੱਖ ਬੁਲੇਟਿਨ` ਰਸਾਲੇ ਦੇ ਸੰਪਾਦਕ ਤੇ ਸਿੰਘ ਸਭਾ ਇੰਟਰਨੈਸ਼ਨਲ ਦੇ ਬਾਨੀ ਆਗੂ ਸ. ਹਰਦੇਵ ਸਿੰਘ ਸ਼ੇਰਗਿੱਲ ਪਹੁੰਚ ਰਹੇ ਹਨ। ਡਾ. ਚਾਹਲ, ਜੋ ਕਿ ਮੌਟਰੀਅਲ ਯੂਨੀਵਰਸਿਟੀ ਵਿੱਚ ਲੰਬਾ ਸਮਾਂ ਸਾਇੰਸਦਾਨ ਰਹਿਣ ਤੋਂ ਬਾਅਦ ਅੱਜਕਲ ਗੁਰਬਾਣੀ ਦੀ ਪ੍ਰੰਪਰਾਗਤ ਵਿਆਖਿਆ ਤੋਂ ਹਟ ਕੇ ਵਿਗਿਆਨਕ ਢੰਗ ਨਾਲ ਵਿਆਖਿਆ ਕਰ ਰਹੇ ਹਨ ਤੇ ਕਈ ਕਿਤਾਬਾਂ ਦੇ ਰਚੇਤਾ ਵੀ ਹਨ।
ਉਹ ਲੰਬੇ ਸਮੇਂ ਤੋਂ `ਅੰਡਰਸਟੈਂਡਿੰਗ ਸਿੱਖਇਜ਼ਮ ਏ ਰਿਸਰਚ ਜਰਨਲ` ਨਾਮ ਦੇ ਅੰਗਰੇਜੀ ਰਸਾਲੇ ਦੇ ਐਡੀਟਰ ਵੀ ਹਨ। ਇਸੇ ਤਰ੍ਹਾਂ ਸ. ਹਰਦੇਵ ਸਿੰਘ ਸ਼ੇਰਗਿੱਲ ਵੀ ਲੰਬੇ ਸਮੇਂ ਤੋਂ ‘ਸਿੱਖ ਬੁਲੇਟਿਨ’ ਰਸਾਲੇ ਰਾਹੀਂ ਸਿੱਖ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ ਤੇ ਪਿਛਲੇ 2 ਦਹਾਕਿਆਂ ਤੋਂ ਸਿੱਖੀ ਜਾਗਰਤੀ ਲਹਿਰ ਦੇ ਆਗੂ ਦੀ ਭੂਮਿਕਾ ਵਿੱਚ ਵੀ ਰਹੇ ਹਨ। ਇਸ ਸੈਮੀਨਾਰ ਵਿੱਚ ਡਾ. ਚਾਹਲ, ‘ਧਰਮ, ਵਿਗਿਆਨ ਤੇ ਤਰਕ` ਵਿਸ਼ੇ ਤੇ ਆਪਣਾ ਪਰਚਾ ਪੜਨਗੇ ਅਤੇ ਸ. ਸ਼ੇਰਗਿੱਲ, ‘ਗੁਰਬਾਣੀ ਦਾ ਸਰਬਤ ਦੇ ਭਲੇ ਦਾ ਮਨੁੱਖਤਾਵਾਦੀ ਸੁਨੇਹਾ` ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਨਗੇ।