ਪਿੰਡ-ਪਿੰਡ ਜਾ ਕੇ ਸਰਕਾਰ ਦੀਆਂ ਚਾਲ-ਬਾਜ਼ ਨੀਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਉਣਗੇ ਮੁਲਾਜ਼ਮ
ਸੰਗਰੂਰ: ਪਿਛਲੇ ਤਿੰਨ ਹਫਤਿਆਂ ਤੋਂ ਸਮੂਹ ਐੱਨ.ਐੱਚ.ਐੱਮ ਮੁਲਾਜ਼ਮ ਰੈਗੂਲਰ ਪੇ-ਸਕੇਲ ਦੀ ਮੰਗ ਨੂੰ ਲੈ ਕੇ ਕਲਮ ਛੋੜ ਹੜਤਾਲ ‘ਤੇ ਚੱਲ ਰਹੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਮੁਲਾਜ਼ਮਾਂ ਨਾਲ ਲਾਰਾ ਲਾਊ ਨੀਤੀ ਅਪਨਾਈ ਹੋਈ ਹੈ।ਸਰਕਾਰ ਦੀ ਇਸ ਲਾਰਾ ਲਾਊ ਨੀਤੀ ਖਿਲਾਫ ਪੰਜਾਬ ਭਰ ਦੇ ਸਮੂਹ ਐੱਨ.ਐੱਚ.ਐੱਮ. ਮੁਲਾਜ਼ਮਾਂ ਨੇ 04 ਅਪਰੈਲ ਨੂੰ ਧੂਰੀ ਵਿਖੇ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਰ ਕਰਨ ਲਈ ਵੱਡੀ ਗਿਣਤੀ ਵਿੱਚ ਇਕੱਤਰ ਹੋਣ ਦਾ ਫੈਸਲਾ ਲਿਆ ਹੈ।ਇਸ ਸਬੰਧੀ ਜਾਣਕਾਰੀ ਦੀਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਕੀਰਤ ਸਿੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਸੰਘਰਸ਼ ਨੂੰ ਤੋੜਨ ਲਈ ‘ਲਾਰਾ ਲਾਉ’ ਨੀਤੀ ਅਪਨਾ ਰਹੀ ਹੈ, ਪਰ ਉਹ ਆਪਣੀ ਇਸ ਨੀਤੀ ਨਾਲ ਮੁਲਾਜ਼ਮਾਂ ਦੇ ਰੋਸ ਨੂੰ ਠੰਡਾ ਨਹੀਂ ਕਰ ਸਕਦੀ।ਉਨ੍ਹਾਂ ਕਿਹਾ ਕਿ ਆਉਣ ਵਾਲੀ 4 ਅਪਰੈਲ ਨੂੰ ਸਮੁੱਚੇ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਧੂਰੀ ਪੁੱਜ ਰਹੇ ਐੱਨ.ਐੱਚ.ਐੱਮ ਮੁਲਾਜ਼ਮ ਜਿੱਥੇ ਕਾਲੀਆਂ ਪੱਟੀਆਂ ਬੰਨ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ, ਉੱਥੇ ਧੂਰੀ ਦੇ ਪਿੰਡ-ਪਿੰਡ ਜਾ ਕੇ ਸਰਕਾਰ ਦੀਆਂ ਚਾਲਬਾਜ਼ ਨੀਤੀਆਂ ਤੋਂ ਵੀ ਲੋਕਾਂ ਨੂੰ ਜਾਣੂੰ ਕਰਵਾਉਣਗੇ।