ਕੈਲਗਰੀ ਵਿਚ ਸੈਮੁਅਲ ਜੌਨ ਦੇ ਨਾਟਕ 12 ਤੋਂ
Posted on:- 26-03-2015
-ਬਲਜਿੰਦਰ ਸੰਘਾ
ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ (ਕੈਨੇਡਾ) ਪਿਛਲੇ 25 ਸਾਲਾਂ ਤੋਂ ਕਈ ਪੜਾਅ ਤਹਿ ਕਰਦੀ ਤਰਕਸ਼ੀਲ ਅਤੇ ਅਗਾਂਹਵਧੂ ਮਨੁੱਖਵਾਦੀ ਗਤੀਵਿਧੀਆਂ ਲਗਾਤਾਰ ਕਰਦੀ ਆ ਰਹੀ ਹੈ ਜਿਸ ਵਿਚ ਹਰੇਕ ਮਹੀਨੇ ਸੰਸਥਾ ਵੱਲੋਂ ਕੀਤੀਆਂ ਜਾਂਦੀਆਂ ਵੱਖ-ਵੱਖ ਵਿਸ਼ਿਆਂ ਬਾਰੇ ਮੀਟਿੰਗਾਂ ਅਤੇ ਹਰੇਕ ਸਾਲ ਕਰਵਾਏ ਜਾਂਦੇ ਤਰਕਸ਼ੀਲ ਸੋਚ ਨੂੰ ਸਮਰਪਿਤ ਨਾਟਕ ਸਮਾਗਮ ਸ਼ਾਮਿਲ ਹਨ। ਸੰਸਥਾ ਵੱਲੋਂ ਆਪਣੇ 25 ਸਾਲਾਂ ਸਿਲਵਰ ਜੁਬਲੀ ਸਮਾਗਮ ਵਿਸ਼ੇਸ਼ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਸਬੰਧੀ ਕਾਰਜਾਕਰਨੀ ਕਮੇਟੀ ਦੀ ਮੀਟਿੰਗ ਹੋਈ। ਇਹ 25 ਸਾਲਾਂ ਸਮਾਗਮ ਸੇਂਟ ਕਾਲਜ ਦੇ ਔਰਫੀਅਸ ਥੀਏਟਰ ਵਿਚ 12 ਅਪ੍ਰੈਲ ਦਿਨ ਐਤਵਾਰ ਨੂੰ ਦਿਨ ਦੇ ਠੀਕ 3 ਵਜੇ ਤੋਂ 6 ਵਜੇ ਤੱਕ ਕਰਵਾਇਆ ਜਾਵੇਗਾ। ਜਿਸ ਵਿਚ ਪੰਜਾਬ ਤੋਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਨਾਟਕ ਕਰਨ ਪਹੁੰਚੇ ਲੋਕ ਪੱਖੀ ਕਲਾਕਾਰ ਸੈਮੂਅਲ ਜੌਨ ਦੁਆਰਾ ਇਕ ਪਾਤਰੀ ਨਾਟਕ ‘ਜੂਠ’ ਅਤੇ ਬਹੁ-ਪਾਤਰੀ ਨਾਟਕ ‘ਕਿਰਤੀ’ ਪੇਸ਼ ਕੀਤਾ ਜਾਵੇਗਾ।
ਜਿੱਥੇ ‘ਜੂਠ’ ਨਾਟਕ ਦਲਿਤ ਭਾਈਚਾਰੇ ਨਾਲ ਸੁਚੇਤ-ਅਚੇਤ ਹੁੰਦੀਆਂ ਵਧੀਕੀਆਂ ਦੀ ਵਿਥਿਆ ਹੈ ਜੋ ਉਹਨਾਂ ਦੀ ਮਾਨਸਿਕਤਾ ਤੇ ਕਈ ਪ੍ਰਭਾਵ ਛੱਡਦੀਆਂ ਹਨ ਤੇ ਕਈ ਵਾਰ ਤਾਂ ਜੀਣਾ ਨਰਕ ਬਣਾ ਦਿੰਦੀਆਂ ਹਨ ਬਾਰੇ ਹੈ। ਉੱਥੇ ਨਾਟਕ ‘ਕਿਰਤੀ’ ਪੰਜਾਬ ਦੀ ਟੁੱਟ ਚੁੱਕੀ ਕਿਸਾਨੀ ਅਤੇ ਗਰੀਬ ਵਰਗ ਦੇ ਹਲਾਤ ਦੀ ਗਾਥਾ ਹੈ। ਸੈਮੂਅਲ ਜੌਹਨ ਉਹ ਕਲਾਕਾਰ ਹੈ ਜਿਸਨੇ ਰਾਸ਼ਰਟੀ-ਅੰਤਰਰਾਸ਼ਟੀ ਇਨਾਮ ਜਿੱਤ ਚੁੱਕੀ ਪੰਜਾਬੀ ਫਿਲਮ ‘ਅੰਨ੍ਹੇ ਘੋੜੇ ਦਾ ਦਾਨ’ ‘ਨਾਬਰ’ ਅਤੇ ‘ਆਤੂ ਖੋਜੀ’ ਵਿਚ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ ਅਤੇ ਹੋਰ ਬਹੁਤ ਸਾਰੇ ਕਿਰਤੀ ਲੋਕਾਂ ਦੀ ਜਿ਼ੰਦਗੀ ਦੇ ਹਲਾਤ ਬਿਆਨ ਕਰਦੇ ਨਾਟਕ ਆਪਣੀ ਟੀਮ ਨਾਲ ਆਪਣੇ ਸੀਮਤ ਸਾਧਨਾ ਦੇ ਬਾਵਜੂਦ ਲਗਾਤਾਰ ਦ੍ਰਿੜਤਾ ਨਾਲ ਖੇਡ ਰਿਹਾ ਹੈ। ਜਿਸ ਵਿਚ ‘ਬਾਗਾਂ ਦਾ ਰਾਖਾ’ ਅਤੇ ਹੋਰ ਕਈ ਨਾਟਕ ਸ਼ਾਮਿਲ ਹਨ। ਇਸ 25 ਸਾਲਾਂ ਸਿਲਵਰ ਜੁਬਲੀ ਸਮਾਗਮ ਦੇ ਨਾਟਕਾਂ ਦੀ ਟਿਕਟ ਹਾਲ ਅਤੇ ਰਿਹਸਲਾਂ ਆਦਿ ਦੇ ਖਰਚੇ ਪੂਰੇ ਕਰਨ ਲਈ ਸਿਰਫ 10 ਡਾਲਰ ਪ੍ਰਤੀ ਵਿਆਕਤੀ ਰੱਖੀ ਗਈ ਹੈ।
ਕਾਰਜਕਾਰੀ ਮੀਟਿੰਗ ਵਿਚ ਪ੍ਰਧਾਨ ਸੋਹਨ ਮਾਨ, ਸਕੱਤਰ ਮਾ.ਭਜਨ ਸਿੰਘ, ਜੀਤ ਇੰਦਰਪਾਲ ਸਿੰਘ, ਕਮਲਪ੍ਰੀਤ ਪੰਧੇਰ, ਪ੍ਰੋ.ਗੋਪਾਲ ਜੱਸਲ, ਬਲਜਿੰਦਰ ਸੰਘਾ ਅਤੇ ਗੁਰਬਚਨ ਬਰਾੜ ਸ਼ਾਮਿਲ ਹੋਏ। ਸੰਸਥਾ ਵੱਲੋਂ ਹਮੇਸ਼ਾਂ ਦੀ ਤਰ੍ਹਾਂ ਮੀਡੀਆ, ਸਭਾਵਾਂ, ਸੁਸਾਇਟੀਆਂ ਅਤੇ ਕੈਲਗਰੀ ਨਿਵਾਸੀਆਂ ਤੋਂ ਪੂਰਨ ਸਹਿਯੋਗ ਦੀ ਆਸ ਕੀਤੀ ਜਾਂਦੀ ਹੈ। ਟਿਕਟਾਂ ਲਈ ਜਾਂ ਹੋਰ ਜਾਣਕਾਰੀ ਲਈ ਪ੍ਰਧਾਨ ਸੋਹਨ ਮਾਨ ਨਾਲ 403-275-0931, ਸਕੱਤਰ ਮਾ.ਭਜਨ ਸਿੰਘ ਨਾਲ 403-455-4220 ਜਾਂ ਪ੍ਰੈਸ ਸਕੱਤਰ ਬਲਜਿੰਦਰ ਸੰਘਾ ਨਾਲ 403-680-3212 ਤੇ ਸਪੰਰਕ ਕੀਤਾ ਜਾ ਸਕਦਾ ਹੈ।