ਜ਼ਿਲ੍ਹਾ ਬਰਨਾਲਾ ’ਚੋਂ ਸੈਂਕੜੇ ਕਿਸਾਨ ਪੁੱਜਣਗੇ ਦਿੱਲੀ
Posted on:- 08-03-2015
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਦਰਸ਼ਨ ਸਿੰਘ ਉਗੋਕੇ ਦੀ ਅਗਵਾਈ ’ਚ ਹੋਈ। ਉਨ੍ਹਾਂ 16 ਮਾਰਚ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕੀਤੇ ਜਾ ਰਹੇ ਮੁਜਾਹਰੇ ਲਈ 15 ਮਾਰਚ ਨੂੰ ਪੰਜਾਬ ਭਰ ’ਚੋਂ ਵੱਡੇ ਕਾਫਲੇ ਲੈ ਕੇ ਦਿੱਲੀ ਵੱਲ ਰਵਾਨਾ ਹੋਣ ਦਾ ਸੱਦਾ ਦਿੱਤਾ। ਇਸ ਸਮੇਂ ਸੂਬਾ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਹਕੂਮਤ ਦੇਸ਼ੀ-ਵਿਦੇਸ਼ੀ ਕਾਰਪੋਰੇਸ਼ਨਾਂ ਤੇ ਵੱਡੇ ਉਦਯੋਗਪਤੀਆਂ ਦਾ ਪੱਖ ਪੂਰਦੀ ਹੋਈ ਕਿਸਾਨਾਂ ਨੂੰ ਜ਼ਮੀਨਾਂ ਤੋਂ ਉਜਾੜਣ ਦੇ ਰਾਹ ਪਈ ਹੋਈ ਹੈ। ਉਸਨੇ ਕਿਸਾਨ ਵਿਰੋਧੀ ਭੋਂ-ਪ੍ਰਾਪਤੀ ਆਰਡੀਨੈਂਸ ਜਾਰੀ ਕਰਕੇ ਅਤੇ ਐਫਸੀਆਈ ਨੂੰ ਤੋੜਕੇ ਦੇਸ਼ ਦੇ ਕਿਰਤੀ ਕਿਸਾਨਾਂ ਨੂੰ ਨਿੱਜੀ ਵਪਾਰੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਰਹਿਮੋ-ਕਰਮ ਤੇ ਛੱਡ ਦਿੱਤਾ ਹੈ।
ਉਨ੍ਹਾਂ ਕਿਸਾਨਾਂ ਨੂੰ ਭੂਮੀ ਗ੍ਰਹਿਣ ਆਰਡੀਨੈਂਸ ਵਿਰੁੱਧ, ਐਫਸੀਆਈ ਨੂੰ ਤੋੜਣ ਖਿਲਾਫ, ਕਰਜੇ ਤੋਂ ਪੀੜਤ ਕਿਸਾਨਾਂ ਦੇ ਸਰਕਾਰੀ/ਸਹਿਕਾਰੀ ਬੈਂਕਾਂ ਸਮੇਤ ਸੂਦਖੋਰ ਆੜਤੀਆਂ/ਸ਼ਾਹੂਕਾਰਾਂ ਦੇ ਸਾਰੇ ਕਰਜੇ ਮਨਸੂਖ ਕਰਨ, ਖੇਤੀ ਲਾਗਤ ਵਸਤੂਆਂ ਤੇ ਸਬਸਿਡੀਆਂ ਦੇਣ, ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨ ਖਿਲਾਫ 16 ਮਾਰਚ ਨੂੰ ਦਿੱਲੀ ਪੁੱਜਣ ਦੀ ਅਪੀਲ ਕੀਤੀ। ਇਸ ਜ਼ਿਲ੍ਹਾ ਪੱਧਰੀ ਵੱਧਵੀਂ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਮਾਰਚ ਮਹੀਨੇ ’ਚ ਪਿੰਡ-ਪਿੰਡ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਸਮਾਗਮ ਮਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਦਾ ਲੋਕਦੋਖੀ ਚਿਹਰਾ ਨੰਗਾ ਕਰਨ ਲਈ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਇਸ ਕਾਫਲੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਇਸ ਸਮੇਂ ਮਲਕੀਤ ਈਨਾ, ਜੁਗਰਾਜ ਹਰਦਾਸਪੁਰਾ, ਪਰਮਿੰਦਰ ਹੰਢਿਆਇਆ, ਭੋਲਾ ਸਿੰਘ ਛੰਨਾ, ਹਰਚਰਨ ਸੁਖਪੁਰਾ, ਭਾਗ ਕੁਰੜ, ਬਿੱਕਰ ਹਮੀਦੀ, ਦਰਸ਼ਨ ਮਹਿਲਕਲਾਂ, ਰਾਮ ਸ਼ਹਿਣਾ, ਬਲਦੇਵ ਸੱਦੋਵਾਲ, ਚਮਕੌਰ ਸਹਿਜੜਾ ਤੇ ਜੋਰਾ ਸਿੰਘ ਮਾਂਗੇਵਾਲ ਆਦਿ ਕਿਸਾਨ ਆਗੂ ਹਾਜ਼ਰ ਸਨ।