ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਰਨਾਲਾ ਦੀ ਇਕੱਤਰਤਾ
Posted on:- 25-02-2015
ਪੋ੍ਰ.ਅਜਮੇਰ ਔਲਖ ਦੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਐਲਾਨ
ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਕਮੇਟੀ ਦੀ ਇਕੱਤਰਤਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਇਕੱਤਰਤਾ ਵਿਚ ਜੱਥੇਬੰਦੀ ਵੱਲੋਂ ਸਮਾਜਿਕ ਸੰਕਟ ਦੇ ਵੱਖ-ਵੱਖ ਪਹਿਲੂਆਂ ਅਤੇ ਸਰਕਾਰੀ ਦਮਨ-ਚੱਕਰ ਉਪਰ ਵਿਚਾਰ-ਚਰਚਾ ਕੀਤੀ ਗਈ। ਸਭਾ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਧੜਾਧੜ ਲਿਆਂਦੇ ਜਾ ਰਹੇ ਲੋਕ ਵਿਰੋਧੀ ਆਰਡੀਨੈਂਸਾਂ ਅਤੇ ਕਾਲੇ ਕਾਨੂੰਨਾਂ ਖਿਲਾਫ ਲੋਕਾਂ ਨੂੰ ਵਿਸ਼ਾਲ ਲਾਮਬੰਦੀ ਕਰਨ ਅਤੇ ਇਨ੍ਹਾਂ ਲੋਕਮਾਰੂ ਨੀਤੀਆਂ ਖਿਲਾਫ ਚੇਤੰਨ ਕਰਨ ਦਾ ਫੈਸਲਾ ਕੀਤਾ। ਸਭਾ ਦੇ ਪ੍ਰਧਾਨ ਗੁਰਮੇਲ ਠੁਲੀਵਾਲ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਜਾ ਰਹੇ ਲੋਕ ਵਿਰੋਧੀ ਆਰਡੀਨੈਂਸ ਵਿਧਾਨਿਕ ਅਦਾਰਿਆਂ ਦੀ ਸਹਿਮਤੀ ਤੋਂ ਬਗੈਰ ਹੀ ਜਬਰੀ ਥੋਪੇ ਜਾ ਰਹੇ ਹਨ।
ਇਸ ਤੋਂ ਇਲਾਵਾ ਸਭਾ ਨੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ. ਅਜਮੇਰ ਔਲਖ ਨੂੰ 1 ਮਾਰਚ ਨੂੰ ਰੱਲਾ ਵਿਖੇ ‘ਭਾਈ ਲਾਲੋ ਲੋਕ ਕਲਾ ਸਨਮਾਨ’ ਨਾਲ ਸਨਮਾਨਿਤ ਕੀਤੇ ਜਾਣ ਤੇ ਇਸ ਸਨਮਾਨ ਸਮਾਰੋਹ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰੋ. ਔਲਖ ਹੁਰਾਂ ਦੀ ਸਮੁੱਚੀ ਜ਼ਿੰਦਗੀ ਅਤੇ ਉਹਨਾਂ ਦੀ ਨਾਟ ਕਲਾ ਪੂਰੀ ਤਰ੍ਹਾਂ ਕਿਰਤੀ ਜਮਾਤ ਦੀ ਮੁਕਤੀ ਨੂੰ ਪ੍ਰਣਾਈ ਹੋਈ ਹੈ। ਉਨ੍ਹਾਂ ਦਾ ਸਨਮਾਨ ਲੋਕ ਕਲਾ ਦਾ ਸੱਚਾ ਸਨਮਾਨ ਹੈ। ਜ਼ਿਲ੍ਹਾ ਸਕੱਤਰ ਬਲਵੰਤ ਉਪਲੀ ਨੇ ਆਰਐਸਐਸ ਦੇ ਗੁੰਡਿਆਂ ਵੱਲੋਂ ਆਰ ਟੀ ਆਈ ਕਾਰਕੁੰਨ ਗੋਬਿੰਦ ਪੰਸਾਰੇ (ਮਹਾਂਰਾਸ਼ਟਰ) ਅਤੇ ਉਨ੍ਹਾਂ ਦੀ ਪਤਨੀ ਉਪਰ ਕੀਤੇ ਕਾਤਲਾਨਾ ਹਮਲੇ ਦੀ ਸ਼ਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤਰਕਸ਼ੀਲ ਆਗੂ ਦਬੋਲਕਰ ਦੀ ਹੱਤਿਆ ਤੋਂ ਬਾਅਦ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੀ ਅਵਾਜ਼ ਨੂੰ ਬੰਦ ਕਰਨ ਲਈ ਲਗਾਤਾਰ ਸੰਘੀ ਗੁੰਡਿਆਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਇਸ ਇਕੱਤਰਤਾ ਸਮੇਂ ਜਗਜੀਤ ਢਿਲਵਾਂ, ਹਰਚਰਨ ਪੱਤੀ, ਹਰਚਰਨ ਚਾਹਲ, ਅਮਰਜੀਤ ਕੌਰ, ਪਿਸ਼ੌਰਾ ਸਿੰਘ, ਸੁਦਾਗਰ ਸਿੰਘ, ਪਰਮਜੀਤ ਕੌਰ, ਪਿਆਰਾ ਪੱਤੀ, ਸੋਹਣ ਸਿੰਘ, ਮਾ. ਗੁਲਵੰਤ, ਵਰਿੰਦਰ ਦੀਵਾਨਾ ਆਦਿ ਮੈਂਬਰ ਹਾਜ਼ਰ ਸਨ।