ਟੈਕਨੀਕਲ ਸਰਵਿਸਜ ਯੂਨੀਅਨ ਵੱਲੋਂ ਮੁੱਖ ਇੰਜਨੀਅਰ ਦੱਖਣ ਖਿਲਾਫ ਧਰਨਾ 13 ਫਰਵਰੀ ਨੂੰ
      
      Posted on:-  06-02-2015
      
      
      								
				  
                                    
      
ਬਰਨਾਲਾ: ਬਿਜਲੀ ਕਾਮਿਆਂ ਦੀ ਸਿਰਮੌਰ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ (ਰਜਿ) ਵੱਲੋਂ ਜੋਨ ਕਮੇਟੀ ਦੇ ਸੱਦੇ ’ਤੇ 13 ਫਰਵਰੀ ਨੂੰ ਮੁੱਖ ਇੰਜਨੀਅਰ ਦੱਖਣ ਪਟਿਆਲਾ ਖਿਲਾਫ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋਵੇਂ ਸ਼ਹਿਰੀ ਅਤੇ ਦਿਹਾਤੀ ਮੰਡਲਾਂ ਦੀ ਸਾਂਝੀ ਵਧਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿੱਚ ਸ਼ਾਮਲ ਹੋਏ ਸਰਕਲ ਪ੍ਰਧਾਨ ਸਾਥੀ ਗੁਰਦੇਵ ਮਾਂਗੇਵਾਲ ਨੇ ਕੀਤਾ। ਸਾਥੀ ਗੁਰਦੇਵ ਮਾਂਗੇਵਾਲ ਨੇ ਦੱਸਿਆ ਕਿ ਮੁੱਖ ਇੰਜਨੀਅਰ ਨੇ ਅਦਾਲਤੀ ਫੈਸਲੇ ਦੇ ਲੰਗੜੇ ਬਹਾਨੇ ਤਹਿਤ ਦੋ ਸਾਥੀਆਂ ਬਨਾਰਸੀ ਦਾਸ ਜੇ.ਈ. ਅਤੇ ਰਾਮ ਸਿੰਘ ਸ.ਲ.ਮ ਨੂੰ ਮੁੜ ਨੌਕਰੀ ਤੋਂ ਬਰਖਾਸਤ ਅਤੇ ਪੰਜ ਸਾਥੀਆਂ ਦੀ 35% ਪੈਨਸ਼ਨ ਕਟੌਤੀ ਕਰ ਦਿੱਤੀ ਹੈ ਜਦਕਿ ਅਦਲਤਾਂ ਦਾ ਇਸ ਬਾਰੇ ਸਪਸ਼ਟ ਫੈਸਲਾ ਹੈ ਕਿ ਕਿਸੇ ਵੀ ਕਰਮਚਾਰੀ ਇੱਕੋ ਕੇਸ ਵਿੱਚ ਦੋ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ।
                             
ਇਸ ਬਾਰੇ ਜਥੇਬੰਦੀ ਦਲੀਲ ਸਹਿਤ ਮੁੱਖ ਇੰਜਨੀਅਰ ਦੱਖਣ ਅਤੇ ਪਾਵਰਕੋਮ ਦੀ ਮਨੇਜਮੈਂਟ ਕੋਲ ਆਪਣਾ ਪੱਖ ਸਪਸ਼ਟ ਰੂਪ ’ਚ ਰੱਖ ਚੁੱਕੀ ਹੈ ਪ੍ਰੰਤੂ ਮੁੱਖ ਇੰਜਨੀਅਰ ਅਤੇ ਪਾਵਰਕੌਮ ਦੀ ਮਨੇਜਮੈਂਟ ਲਗਾਤਾਰ ਟਰਕਾਊ ਨੀਤੀ ਉੱਪਰ ਚੱਲਦਿਆਂ ਮਾਮਲੇ ਨੂੰ ਹੱਲ ਨਹੀਂ ਕਰ ਰਹੀ। ਇਸੇ ਲਈ ਟੀ.ਐੱਸ.ਯੂ. ਦੀ ਜੋਨ ਕਮੇਟੀ ਨੇ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਆਗੂ ਸਾਥੀਆਂ ਭਾਗ ਸਿੰਘ ਰਾਮ ਸਿੰਘ ਜਗਦੀਸ਼ ਸਿੰਘ ਗੁਰਜੰਟ ਸਿੰਘ ਸੰਤੋਖ ਸਿੰਘ ਨੇ ਕਿਹਾ ਕਿ ਮਨੇਜਮੈਂਟ ਇਹ ਹੱਲਾ ਪੰਜਾਬ ਦੇ ਲੋਕਾਂ ਦੀ ਮਲਕੀਅਤ ਵਾਲੇ ਇਸ ਅਦਾਰੇ ਦਾ ਸੰਸਾਰੀਕਰਨ ਉਦਾਰੀਕਰਨ ਪ੍ਰਾਈਵੇਟਕਰਨ ਦੀ ਨੀਤੀ ਤਹਿਤ ਆਊਟਸੋਰਸਿੰਗ ਠੇਕੇਦਾਰੀ ਪ੍ਰਬੰਧ ਲਾਗੂ ਕਰਨ ਦੀ ਨੀਤੀ ਤਹਿਤ ਕਰ ਰਹੀ ਹੈ ਜਿਸ ਨੂੰ ਬਿਜਲੀ ਕਾਮੇ ਕਿਸੇ ਵੀ ਸੂਰਤ ਵਿੱਚ ਪ੍ਰਵਾਨ ਨਹੀਂ ਕਰਨਗੇ ਸਗੋਂ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਅਤੇ ਤਿੱਖਾ ਕੀਤਾ ਜਾਵੇਗਾ। 
ਮੀਟਿੰਗ ਵਿੱਚ ਸਰਕਾਰ ਵੱਲੋਂ ਬੇਰੁਜ਼ਗਾਰ ਲਾਈਨਮੈਨਾਂ ਉੱਪਰ ਤਸ਼ੱਦਦ ਕਰਕੇ ਜੇਲ੍ਹੀਂ ਡੱਕਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਬਣਾਏ ਝੂਠੇ ਕੇਸ ਵਾਪਸ ਲੈਕੇ ਜਲਦੀ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਸਮੇਂ ਸਾਥੀ ਨਰੈਣ ਦੱਤ ਬਲੌਰ ਸਿੰਘ ਜਗਮੀਤ ਧਨੇਰ ਗੁਰਲਾਭ ਸਿੰਘ ਨਿਰਮਲ ਸਿੰਘ ਨੇ ਵੀ ਵਿਚਾਰ ਰੱਖੇ। ਮੀਟਿੰਗ ਨੇ ਬਰਨਾਲਾ ਦੋਵੇਂ ਮੰਡਲਾਂ ਵਿੱਚੋਂ ਦੋ ਬੱਸਾਂ ਲਿਜਾਣ ਦਾ ਫੈਸਲਾ ਕੀਤਾ ਗਿਆ।