ਉਬਾਮਾ ਦੀ ਭਾਰਤ ਫੇਰੀ ਦਾ ਪੰਜਾਬ ਭਰ ’ਚ ਵਿਰੋਧ ਕਰਨ ਦਾ ਸੱਦਾ
Posted on:- 26-01-2015
ਬਰਨਾਲਾ ਵਿਖੇ ਸੀ. ਪੀ. ਆਈ. ਐਮ. ਐਲ. (ਨਿਊ ਡੈਮੋਕਰੇਸੀ), ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਸੰਗਰਾਮ ਮੰਚ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਦੇ ਭਾਰਤ ਦੌਰੇ ਦਾ ਵਿਰੋਧ ਕੀਤਾ ਗਿਆ। ਜੱਥੇਬੰਦੀਆਂ ਦੇ ਆਗੂ ਨਵਕਿਰਨ ਪੱਤੀ, ਪ੍ਰਦੀਪ ਕਸਬਾ ਤੇ ਨਰਾਇਣ ਦੱਤ ਨੇ ਕਿਹਾ ਕਿ ਉਬਾਮਾ ਦੀ ਭਾਰਤ ਫੇਰੀ ਦੌਰਾਨ ਭਾਰਤ ਤੇ ਅਮਰੀਕਾ ਵਿਚਕਾਰ ਸੁਰੱਖਿਆ ਤਕਨੀਕ, ਵਪਾਰ, ਪ੍ਰਮਾਣੂ ਊਰਜਾ, ਸਿਵਲ ਨਿਊਕਲੀਅਰ ਮਿਲਵਰਤਣ, ਇਨਫਰਾਸਟਰਕਚਰ, ਸਿਹਤ ਤੇ ਸਿੱਖਿਆ ਖੇਤਰ ਸਮੇਤ ਹੋਰ ਕੀਤੇ ਜਾ ਰਹੇ ਸਮਝੌਤੇ ਦੇਸ਼ ਦੇ ਲੋਕਾਂ ਦੇ ਹਿੱਤਾਂ ਵਿਚ ਨਹੀਂ ਹਨ। ਮੋਦੀ ਸਰਕਾਰ ਵਿਦੇਸ਼ੀ ਨਿਵੇਸ਼ ਖਿੱਚਣ ਲਈ ਵੱਖ-ਵੱਖ ਮੁਲਕਾਂ ਦੇ ਹਾਕਮਾਂ ਨੂੰ ਭਾਰਤ ਵਿਚ ਨਿਉਂਤੇ ਦੇ ਰਹੀ ਹੈ। ਮੋਦੀ ਵਜ਼ਾਰਤ ਨੇ ਦੇਸੀ-ਬਦੇਸ਼ੀ ਕੰਪਨੀਆਂ ਨੂੰ ਦੇਸ਼ ਦੇ ਬੇਸ਼ਕੀਮਤੀ ਜਲ, ਜੰਗਲ, ਜਮੀਨ ਤੇ ਹੋਰ ਕੁਦਰਤੀ ਖਣਿਜ ਸੋਮਿਆਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਦੀਆਂ ਨੀਤੀਆਂ ਪਹਿਲਾਂ ਨਾਲੋਂ ਹੋਰ ਵੱਧ ਤਿੱਖੀਆਂ ਕੀਤੀਆਂ ਹੋਈਆਂ ਹਨ।
ਸਾਮਰਾਜੀ ਸ਼ਕਤੀਆਂ ਦੁਆਰਾ ਭਾਰਤੀ ਮੰਡੀ ‘ਚ ਬੇਰੋਕ-ਟੋਕ ਲੁੱਟ ਕਰਨ ਲਈ ਮਜ਼ਦੂਰ ਵਿਰੋਧੀ ਕਿਰਤ ਤੇ ਫੈਕਟਰੀ ਕਾਨੂੰਨਾਂ ‘ਚ ਸੋਧਾਂ ਕੀਤੀਆਂ ਜਾ ਰਹੀਆਂ ਹਨ, ਕਿਸਾਨ ਵਿਰੋਧੀ ਭੂਮੀ ਗ੍ਰਹਿਣ ਆਰਡੀਨੈਂਸ ਜਾਰੀ ਕੀਤੇ ਜਾ ਰਹੇ ਹਨ, ਵਪਾਰਕ ਰੋਕਾਂ ਹਟਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਲੋਕ ਵਿਰੋਧੀ ਨਵਉਦਾਰਵਾਦੀ ਨੀਤੀਆਂ ਖਿਲਾਫ ੳੱੁਠਣ ਵਾਲੇ ਲੋਕ ਵਿਰੋਧ ਨੂੰ ਠੱਲਣ ਲਈ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਬਾਮਾ ਦੀ ਭਾਰਤ ਫੇਰੀ ਦੇਸ਼ ਦੇ ਕਰੋੜਾਂ ਗਰੀਬ ਤੇ ਬੇਰੁਜਗਾਰ ਲੋਕਾਂ ਲਈ ਹੋਰ ਵੱਧ ਮੰਦਹਾਲੀ ਦੇ ਦਿਨ ਲੈ ਕੇ ਆਵੇਗੀ। ਅਸਲ ਵਿਚ ਅਮਰੀਕਾ ਵਰਗੇ ਸਾਮਰਾਜੀ ਮੁਲਕ ਜੋ ਗੰਭੀਰ ਆਰਥਿਕ ਮੰਦੀ ਵਿੱਚ ਫਸੇ ਹੋਏ ਹਨ ਉਹ ਇਸ ਮੰਦੀ ਦਾ ਬੋਝ ਭਾਰਤ ਵਰਗੇ ਮੁਲਕਾਂ ਦੇ ਮਿਹਨਤਕਸ਼ ਲੋਕਾਂ ਉੱਪਰ ਥੋਪਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਲੋਕਾਂ ਨੂੰ ਰੁਜਗਾਰ, ਚੰਗੀ ਸਿੱਖਿਆ, ਸਿਹਤ ਸਹੂਲਤਾਂ ਆਦਿ ਦੀ ਲੋੜ ਹੈ ਪਰ ਭਾਰਤੀ ਹਾਕਮ ਅਮਰੀਕਾ ਸਮੇਤ ਹੋਰ ਸਾਮਰਾਜੀ ਮੁਲਕਾਂ ਨਾਲ ਪ੍ਰਮਾਣੂ ਤੇ ਫੌਜ਼ੀ ਸਾਜੋ ਸਮਾਨ ਖ੍ਰੀਦਣ ਦੇ ਸਮਝੌਤੇ ਕਰ ਰਹੇ ਹਨ।
ਉਬਾਮਾ ਦੀ ਭਾਰਤ ਫੇਰੀ ਮਾਣ ਦੀ ਨਹੀਂ ਬਲਕਿ ਗੁਲਾਮੀ ਦੀ ਪ੍ਰਤੀਕ ਹੈ। ਇਸ ਦਿਨ ਦੇਸ਼ ਦੇ ਲੋਕਾਂ ਦੇ ਵਿਕਾਸ ਦੀ ਥਾਂ ਦੇਸ਼ ਨੂੰ ਵੇਚਣ ਦੀਆਂ ਵਿਉਂਤਬੰਦੀਆਂ ਤੇ ਸਮਝੌਤੇ ਕੀਤੇ ਜਾਣਗੇ। ਪੰਜਾਬ ਦੇ ਇਨਸਾਫਪਸੰਦ ਲੋਕਾਂ ਨੂੰ ਸੱਦਾ ਦਿੱਤਾ ਕਿ ਹਾਕਮਾਂ ਦੇ ਕੂੜ ਦਾਅਵਿਆਂ ਦਾ ਪਰਦਾਫਾਸ਼ ਕਰਦਿਆਂ ਤੇ ਬੁਨਿਆਦੀ ਮੁੱਦਿਆਂ ਤੇ ਲਾਮਬੰਦੀ ਕਰਦਿਆਂ ਸ਼ਹੀਦ ਭਗਤ ਸਿੰਘ ਦੇ, ਲੋਕਪੱਖੀ ਸਮਾਜ ਦੀ ਸਿਰਜਣਾ ਦੇ ਰਾਹ ਪੈਣਾ ਚਾਹੀਦਾ ਹੈ। ਇਸ ਸਮੇਂ ਚਿੰਟੂ ਪਾਰਕ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕਰਟਕੇ ਉਬਾਮਾ ਤੇ ਮੋਦੀ ਦਾ ਪੁਤਲਾ ਫੁਕਿਆ ਗਿਆ। ਇਸ ਸਮੇਂ ਕਿਸਾਨ ਆਗੂ ਮਨਜੀਤ ਧਨੇਰ, ਜਗਰਾਜ ਹਰਦਾਸਪੁਰਾ, ਬਲਦੇਵ ਸੱਦੋਵਾਲ, ਰਾਜਿੰਦਰ ਭਦੌੜ, ਗੁਰਮੀਤ ਸੁਖਪੁਰਾ, ਜਗਰਾਜ ਟੱਲੇਵਾਲ, ਗੁਰਮੇਲ ਭੂਟਾਲ, ਰਾਜਿੰਦਰਪਾਲ, ਖੁਸ਼ਵਿੰਦਰਪਾਲ, ਅਜਮੇਰ ਕਾਲਸਾਂ, ਮੈਡਮ ਚਰਨਜੀਤ ਕੌਰ, ਪ੍ਰੇਮਪਾਲ ਕੌਰ, ਬਲਵੰਤ ਉਪਲੀ, ਏਕਮ ਛੀਨੀਵਾਲ, ਮਨਦੀਪ, ਵਰਿੰਦਰ ਦੀਵਾਨਾ ਆਦਿ ਆਗੂ ਹਾਜ਼ਰ ਸਨ।