ਰੋਪੜ ਵਿਖੇ ਅਧਿਆਪਕ ਯੂਨੀਅਨ ਵੱਲੋਂ ਵਿਸ਼ਾਲ ਸੂਬਾ ਪੱਧਰੀ ਕਨਵੈਨਸ਼ਨ
Posted on:- 25-12-2014
ਰੋਪੜ: ਐੱਸ.ਐੱਸ.ਏ. / ਰਮਸਾ ਅਧਿਆਪਕ ਯੂਨੀਅਨ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਬੀਤੇ ਦਿਨੀਂ ਸਥਾਨਕ ਰਣਜੀਤ ਸਿੰਘ ਪਾਰਕ ਵਿਖੇ ਵਿਸ਼ਾਲ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ । ਇਹ ਕਨਵੈਨਸ਼ਨ ਦਾਉਦ ਆਲਮ, ਰਮਿੰਦਰ ਸਿੰਘ, ਅਤਿੰਦਰਪਾਲ ਸਿੰਘ, ਪਿ੍ਰਤਪਾਲ ਸਿੰਘ, ਸਰਬਜੀਤ ਸਿੰਘ, ਪੂਨੀਤ ਗੋਇਲ ਅਤੇ ਅਮਰਦੀਪ ਸੰਧੂ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਕੀਤੀ ਗਈ ।
ਇਸ ਮੌਕੇ ਤੇ ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਰਾਮਭਜਨ ਚੌਧਰੀ ਅਤੇ ਸਰਬਦੀਪ ਸਿੰਘ ਨੇ ਆਖਿਆ ਕਿ ਐਮ.ਐਚ.ਆਰ.ਡੀ. ਦੇ ਨਿਰਦੇਸ਼ਾਂ ਅਨੁਸਾਰ ਸਰਵ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਧੀਨ ਕਿਸੇ ਵੀ ਅਧਿਆਪਕ ਦੀ ਭਰਤੀ ਨਹੀਂ ਕੀਤੀ ਜਾ ਸਕਦੀ ਪਰ ਪੰਜਾਬ ਸਰਕਾਰ ਨੇ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਲਗਭਗ 12000 ਅਧਿਆਪਕਾਂ ਦੀ ਭਰਤੀ ਐੱਸ.ਐੱਸ.ਏ. ਸੁਸਾਇਟੀ ਅਧੀਨ ਕੀਤੀ ਹੈ ਜਿਸ ਕਾਰਣ ਇਨ੍ਹਾਂ ਅਧਿਆਪਕਾਂ ਨੂੰ ਨੌਕਰੀ ਦੇ 7 ਸਾਲ ਬੀਤ ਜਾਣ ਦੇ ਬਾਦ ਵੀ ਰੈਗੂਲਰ ਨਹੀਂ ਕੀਤਾ ਗਿਆ ਜਦ ਕੀ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਨੂੰ 3 ਸਾਲ ਬਾਦ ਰੈਗੂਲਰ ਕਰਨ ਦੀ ਨੀਤੀ ਮੌਜੂਦ ਹੈ ।
ਅਧਿਆਪਕ ਆਗੂਆਂ ਹਰਦੀਪ ਟੋਡਰਪੁਰ ਅਤੇ ਗੁਰਪ੍ਰੀਤ ਪਿਸ਼ੋਰੀਆ ਨੇ ਆਖਿਆ ਕਿ ਇਕ ਪਾਸੇ ਪੰਜਾਬ ਸਰਕਾਰ ਨੇ ਹਜਾਰਾਂ ਅਧਿਆਪਕਾਂ ਦੀਆਂ ਤਨਖਾਹਾਂ ਪਿਛਲੇ 4 ਮਹੀਨੇ ਤੋਂ ਰੋਕੀਆਂ ਹੋਈਆ ਹਨ ਦੂਜੇ ਪਾਸੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਅਧਿਆਪਕਾਂ ਨੂੰ ‘ਮੰਗਤੇ ਅਤੇ ਵਿਹਲੜ ਆਖ ਕੇ ਜਲੀਲ ਕਰ ਰਹੇ ਹਨ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਧਿਆਪਕ ਆਗੂਆਂ ਨੇ ਆਖਿਆ ਕਿ ਸਮੂਹ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ , ਅਧਿਆਪਕਾਂ ਉਤੇ ਬਠਿੰਡਾ ਵਿੱਖੇ ਦਰਜ ਝੂਠੇ ਪੁਲਿਸ ਕੇਸ ਰੱਦ ਕਰਵਾੳਣ, ਅਧਿਆਪਕਾਵਾਂ ਲਈ ਛੇ ਮਹੀਨੇ ਦੀ ਪ੍ਰਸੂਤਾ ਛੁੱਟੀ ਲਾਗੂ ਕਰਵਾਉਣ ਅਤੇ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ।