ਚਾਰ ਮਹੀਨਿਆਂ ਤੋਂ ਸਾਊਦੀ ਅਰਬ ’ਚ ਰੁਲ ਰਹੀ ਲੜਕੇ ਦੀ ਲਾਸ਼ ਕਾਰਨ ਗ਼ਰੀਬ ਪਰਿਵਾਰ ਪ੍ਰੇਸ਼ਾਨ
Posted on:- 19-12-2014
ਪੀੜਤ ਪਰਿਵਾਰ ਵੱਲੋਂ ਵਾਅਦੇ ਕਰਕੇ ਭੁੱਲੇ ਸਿਆਸੀ ਆਗੂਆਂ ਨੂੰ ਦੂਰ ਰਹਿਣ ਦੀ ਅਪੀਲ
-ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਅਸੀਂ ਕਿਸੇ ਵੀ ਸਿਆਸੀ ਆਗੂ ’ਤੇ ਹੁਣ ਕਦੇ ਵਿਸ਼ਵਾਸ ਨਹੀਂ ਕਰਾਂਗੇ, ਕਿਉਂਕਿ ਉਕਤ ਆਗੂ ਗਰੀਬਾਂ ਦੀਆਂ ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਉਹਨਾਂ ਦੇ ਲੋੜ ਪੈਣ ਤੇ ਕਦੇ ਕੰਮ ਨਹੀਂ ਆਉਂਦੇ । ਆਪਣੇ ਨੰਬਰ ਬਣਾਉਣ ਲਈ ਇਸ ਹੱਦ ਤੱਕ ਜਾ ਸਕਦੇ ਹਨ ਸਾਡਾ ਸ਼ਰਮ ਨਾਲ ਸਿਰ ਝੁਕਦਾ ਹੈ ਪ੍ਰੰਤੂ ਇਹਨਾਂ ਨੂੰ ਕੋਈ ਦਰਦ ਨਹੀਂ । ਉਪ੍ਰੋਕਤ ਵਿਚਾਰ ਅੱਜ ਇਥੇ ਪਿੰਡ ਨੌਨੀਤਪੁਰ ਦੇ ਉਸ ਗਰੀਬ ਪਰਿਵਾਰ ਦੇ ਮੈਂਬਰਾਂ ਦੇ ਹਨ ਜਿਹਨਾਂ ਦੇ ਲੜਕੇ ਦੀ ਇਸੇ ਸਾਲ ਸਤੰਬਰ ਮਹੀਨੇ ਵਿਚ ਸਾੳੂਦੀ ਅਰਬ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਤੇ ਅਖਬਾਰਾਂ ਵਿਚ ਵਿਦੇਸ਼ ਵਿਚ ਲਾਸ਼ ਰੁਲਣ ਦੀਆਂ ਖਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਕੁਝ ਸਿਆਸੀ ਆਗੂਆਂ ਨੇ ਪਰਿਵਾਰ ਨੂੰ ਆਪਣੇ ਦਫਤਰਾਂ ਵਿਚ ਸੱਦਕੇ ਤੁਰੰਤ ਹੀ ਲਾਸ਼ ਮੰਗਵਾਉਣ ਦੇ ਬਾਅਦੇ ਕੀਤੇ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਸ਼ੋਅ ਕਰਨ ਲਈ ਫੋਟੋਆਂ ਖਿਚਵਾਕੇ ਖਬਰਾਂ ਵੀ ਲਗਵਾਈਆਂ ਪ੍ਰੰਤੂ ਅਸਲ ਵਿਚ ਲਾਸ਼ ਮੰਗਵਾਉਣ ਲਈ ਕੀਤਾ ਕੁਝ ਵੀ ਨਹੀਂ ਤੇ ਅੱਜ ਕੱਲ੍ਹ ਉਕਤ ਆਗੂ ਫੋਨ ਵੀ ਨਹੀਂ ਸੁਣ ਰਹੇ।
ਪੀੜਤ ਗਰੀਬ ਪਰਿਵਾਰ ਆਪਣੇ ਲੜਕੇ ਦੀ ਲਾਸ਼ ਮੰਗਾਉਣ ਲਈ ਪਿੱਛਲੇ ਚਾਰ ਮਹੀਨਿਆਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਲੜਕੇ ਦੀ ਸਾੳੂਦੀ ਅਬਰ ਵਿਚ ਰੁਲ ਰਹੀ ਲਾਸ਼ ਨੂੰ ਤੁਰੰਤ ਮੰਗਵਾਉਣ ਦੇ ਉਪਰਾਲੇ ਕੀਤੇ ਜਾਣ।
ਅੱਜ ਇਥੇ ਪਿੰਡ ਨੌਨੀਤਪੁਰ ਦੇ ਧਰਮਪਾਲ (ਪਿਤਾ) ਸਤਪਾਲ ਸਿੰਘ (ਚਾਚਾ), ਕੁਲਦੀਪ ਸਿੰਘ ਅਤੇ ਸੁਰਿੰਦਰ ਕੌਰ (ਮਾਸੀ ਮਾਸੜ )ਆਦਿ ਨੇ ਦੱਸਿਆ ਕਿ ਉਹਨਾਂ ਦਾ ਵੱਡਾ ਲੜਕਾ ਰਕੇਸ਼ ਕੁਮਾਰ (23) ਇਸੇ ਸਾਲ ਫਰਵਰੀ ਮਹੀਨੇ ਵਿਚ ਡਰਾਇਵਰੀ ਸਿੱਖਕੇ ਟਰਾਲਾ ਚਲਾਉਣ ਲਈ ਸਾਉਦੀ ਅਰਬ ਗਿਆ। ਉਹਨਾਂ ਦੱਸਿਆ ਕਿ ਪਰਿਵਾਰ ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਜਦ ਰਕੇਸ਼ ਕੁਮਾਰ ਦੀ 21 ਸਤੰਬਰ ਨੂੰ ਸਾਉਦੀ ਅਰਬ ਦੇ ਸ਼ਹਿਰ ਰਿਆਦ ਨੇੜੇ ਦੋ ਟਰਾਲਿਆਂ ਦੀ ਜਬਰਦਸਤ ਟੱਕਰ ਹੋਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਨੂੰ ਲੜਕੇ ਦੀ ਮੌਤ ਬਾਰੇ ਲੱਗਭਗ ਇਕ ਮਹੀਨੇ ਬਾਅਦ ਉਸ ਵਕਤ ਦੱਸਿਆ ਗਿਆ ਜਦ ਉਥੇ ਹੀ ਰਹਿ ਰਹੇ ਉਹਨਾਂ ਦੇ ਭਤੀਜੇ ਅਵਤਾਰ ਸਿੰਘ ਦੇ ਪਿੰਡ ਰਹਿੰਦੇ ਪਰਿਵਾਰ ਦੇ ਮੈਂਬਰਾਂ ਵਲੋਂ ਮਿ੍ਰਤਕ ਲੜਕੇ ਦੇ ਅਨਪੜ੍ਹ ਪਿਤਾ ਧਰਮਪਾਲ ਤੋਂ ਇਕ ਹਲਫੀਆ ਬਿਆਨ ਤਿਆਰ ਕਰਵਾਕੇ ਲੜਕੇ ਦੀ ਲਾਸ਼ ਸਬੰਧੀ ਸਾਰੇ ਅਧਿਕਾਰ ਅਵਤਾਰ ਸਿੰਘ ਸੌਂਪ ਦਿਤੇ ਗਏ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਰੌਂਦਿਆਂ ਦੱਸਿਆ ਕਿ ਉਹਨਾਂ ਨੂੰ ਕੰਪਨੀ ਵਲੋਂ ਲੜਕੇ ਦੀ ਮੌਤ ਦਾ ਕਲੇਮ ਮਿਲੇ ਜਾ ਨਾ ਮਿਲੇ ਪ੍ਰੰਤੂ ਉਹਨਾਂ ਨੂੰ ਲੜਕੇ ਦੀ ਲਾਸ਼ ਭੇਜੀ ਜਾਵੇ। ਉਹਨਾਂ ਦੱਸਿਆ ਕਿ ਉਹਨਾਂ ਦਾ ਆਪਣਾ ਭਤੀਜਾ ਅਵਤਾਰ ਸਿੰਘ ਲੜਕੇ ਦੀ ਲਾਸ਼ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾ ਰਿਹਾ। ਉਹਨਾਂ ਸ਼ੱਕ ਪ੍ਰਗਟਾਈ ਕਿ ਅਵਤਾਰ ਸਿੰਘ ਕੰਪਨੀ ਤੋਂ ਪੈਸਾ ਹੜੱਪ ਕਰਨ ਲਈ ਲਾਸ਼ ਭੇਜਣ ਬਾਰੇ ਕੋਈ ਗੱਲ ਨਹੀਂ ਕਰਦਾ ਤੇ ਇਧਰ ਅਤੇ ਉਧਰ ਸਾਡੇ ਵਲੋਂ ਸਾਰੇ ਅਧਿਕਾਰ ਉਸਨੂੰ ਦਿੱਤੇ ਹੋਣ ਕਾਰਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਹਨਾਂ ਦੱਸਿਆ ਕਿ ਅਖਬਾਰਾਂ ਵਿਚ ਉਹਨਾਂ ਦੇ ਲੜਕੇ ਦੀ ਵਿਦੇਸ਼ ਵਿਚ ਰੁਲ ਰਹੀ ਲਾਸ਼ ਦੀ ਖਬਰ ਪੜ੍ਹਕੇ ਸਾਨੂੰ ਸਮੇਤ ਪਰਿਵਾਰ ਇਕ ਭਾਜਪਾ ਆਗੂ ਨੇ ਪੰਚਾਇਤ ਦੀ ਹਾਜਰੀ ਵਿਚ ਭਰੋਸਾ ਦਿੱਤਾ ਸੀ ਕਿ ਉਹ ਆਪਣੇ ਯਤਨਾ ਨਾਲ ਲੜਕੇ ਦੀ ਲਾਸ਼ ਮੰਗਾਵਾਉਣ ਲਈ ਸਰਕਾਰ ਅਤੇ ਵਿਦੇਸ਼ ਵਿਭਾਗ ਨਾਲ ਗੱਲਬਾਤ ਕਰ ਰਹੇ ਹਨ। ਇਸ ਸਬੰਧ ਵਿਚ ਉਹਨਾਂ ਪੰਚਾਇਤ ਅਤੇ ਪਰਿਵਾਰ ਨਾਲ ਹਮਦਰਦੀ ਵਰਤਣ ਦੀਆਂ ਖੁਦ ਹੀ ਫੋਟੋ ਖਿੱਚਕੇ ਉਸੇ ਵਕਤ ਅਖਬਾਰਾਂ ਵਿਚ ਖਬਰਾਂ ਵੀ ਲਗਵਾਈਆਂ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਜਦ ਉਹਨਾਂ ਦੋ ਮਹੀਨੇ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਾ ਹੋਈ ਤਾਂ ਉਕਤ ਆਗੂ ਦੇ ਹੁਸ਼ਿਆਰਪੁਰ ਦਫਤਰ ਸੰਪਰਕ ਕਰਕੇ ਪਤਾ ਕੀਤਾ ਤਾਂ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ। ਉਹਨਾਂ ਦੱਸਿਆ ਪਰਿਵਾਰ ਕੋਲ ਤਾਂ ਕਿਸੇ ਨੂੰ ਫੋਨ ਕਰਨ ਜੋਗੇ ਪੈਸੇ ਨਹੀਂ ਹਨ। ਉਹਨਾਂ ਸਿਆਸੀ ਆਗੂਆਂ ਤੇ ਗਿੱਲਾ ਜਾਹਿਰ ਕੀਤਾ ਕਿ ਆਗੂਆਂ ਨੇ ਉਹਨਾਂ ਦੇ ਲੜਕੇ ਦੀ ਮੌਤ ਨੂੰ ਵੀ ਸਿਆਸੀ ਰੰਗ ਦੇਣ ਵਿਚ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਉਕਤ ਆਗੂ ਕਹਿੰਦੇ ਕੁਝ ਸਨ ਤੇ ਕੀਤਾ ਕੁਝ ਹੋਰ ਹੈ। ਉਹਨਾਂ ਭਾਰਤ ਅਤੇ ਸਾਊਦੀ ਅਰਬ ਸਰਕਾਰ ਸਮੇਤ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਤੋਂ ਮੰਗ ਕੀਤੀ ਕਿ ਉਹ ਲੜਕੇ ਦੀ ਲਾਸ਼ ਮੰਗਵਾਉਣ ਵਿਚ ਪਰਿਵਾਰ ਦੀ ਮੱਦਦ ਕਰਨ ਅਤੇ ਸਿਆਸੀ ਆਗੂ ਇਸ ਮਸਲੇ ਤੋਂ ਦੂਰ ਰਹਿਣ ਕਿਉਂਕਿ ਪਰਿਵਾਰ ਨੂੰ ਉਕਤ ਲੋਕਾਂ ਦੀ ਭੱਦੀ ਸਿਆਸਤ ਕਾਰਨ ਕਾਫੀ ਖੱਜਲ ਖੁਆਰੀ ਦਾ ਸਾਮਣਾਂ ਕਰਨਾ ਪਿਆ ਹੈ । ਉਕਤ ਪਰਿਵਾਰ ਦੀ ਹਾਲਤ ਤਰਸ ਵਾਲੀ ਬਣੀ ਹੋਈ ਹੈ। ਪੂਰੇ ਚਾਰ ਮਹੀਨੇ ਤੋਂ ਲਾਸ਼ ਸਾਊਦੀ ਅਰਬ ਵਿਚ ਪਈ ਹੋਣ ਕਾਰਨ ਉਹਨਾਂ ਦੇ ਕੁੱਝ ਵੀ ਪੱਲੇ ਨਹੀਂ ਪੈ ਰਿਹਾ।