ਅਲਬਰਟਾ ਅਸੰਬਲੀ ਦੀ ਵਿਰੋਧੀ ਧਿਰ ਵਾਈਲਡਰੋਜ਼ ਪਾਰਟੀ ਦੀ ਲੀਡਰ ਹੀ 9 ਵਿਧਾਇਕਾਂ ਸਮੇਤ ਸੱਤਾਧਾਰੀ ਪੀ ਸੀ ਪਾਰਟੀ ਵਿੱਚ ਸ਼ਾਮਿਲ
Posted on:- 19-12-2014
- ਹਰਬੰਸ ਬੁੱਟਰ
ਕੈਲਗਰੀ: ਕੈਨੇਡਾ ਦੇ ਰਾਜਨੀਤਕ ਇਤਿਹਾਸ ਵਿੱਚ ਉਸ ਵੇਲੇ ਵੱਡਾ ਧਮਾਕਾ ਹੋ ਗਿਆ ਜਦੋਂ ਅਲਬਰਟਾ ਦੀ ਮੁੱਖ ਵਿਰੋਧੀ ਧਿਰ ਵਾਈਲਡਰੋਜ਼ ਪਾਰਟੀ ਦੀ ਲੀਡਰ ਹੀ ਆਪਣੇ 9 ਵਿਧਾਇਕਾਂ ਸਮੇਤ ਮੌਜੂਦਾ ਸੱਤਾਧਾਰੀ ਪੀ ਸੀ ਪਾਰਟੀ ਵਿੱਚ ਜਾ ਰਲੀ। ਬੀਤੇ ਤਿੰਨ ਦਿਨਾਂ ਤੋਂ ਰਾਜਨੀਤਕ ਹਲਕਿਆਂ ਵਿੱਚ ਕਾਫੀ ਘੁਸਰ ਮੁਸਰ ਜਿਹੀ ਇਸ ਸਬੰਧੀ ਚੱਲ ਰਹੀ ਸੀ ਪਰ ਅੱਜ ਦੁਪਿਹਰ ਜਦੋਂ ਅਲਬਰਟਾ ਦੇ ਪ੍ਰੀਮੀਅਰ ਜਿਮ ਪਰੈਂਟਿਸ ਅਤੇ ਵਾਈਲਡਰੋਜ਼ ਪਾਰਟੀ ਦੀ ਲੀਡਰ ਇੱਕੋ ਮੰਚ ਉੱਪਰ ਨਜ਼ਰ ਆਏ ਤਾਂ ਸਭ ਕੁਝ ਸਾਫ ਹੋ ਗਿਆ ।
ਬੀਤੇ ਦਿਨਾਂ ਦੌਰਾਨ ਇੱਕ ਦੂਜੇ ਦੀਆਂ ਖਾਮੀਆਂ ਦੇ ਢੇਰ ਲਗਾਉਣ ਵਾਲੇ ਦੋਵੇਂ ਲੀਡਰ ਸਟੇਜ ਉੱਪਰ ਮੁਸਕਰਾਉਂਦੇ ਹੋਏ ਆਪਣੇ ਵੋਟਰਾਂ ਸਪੋਟਰਾਂ ਨੂੰ ਅਣਗੌਲਿਆਂ ਕਰ ਸੂਬੇ ਦੀ ਫਿਕਰਮੰਦੀ ਦੀ ਦੁਹਾਈ ਦਿੰਦਿਆਂ ਦੇ ਚਿਹਰੇ ਦਲਬਦਲੀ ਦੇ ਖੇਤਰ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਵੀ ਮਾਤ ਪਾ ਰਹੇ ਸਨ। ਇਸ ਤੋਂ ਪਹਿਲਾਂ ਬੀਤੇ 2 ਨਵੰਬਰ ਨੂੰ ਵਾਈਲਡਰੋਜ਼ ਪਾਰਟੀ ਦੇ ਐਮ ਐਲ ਏ ਜੋਇ ਐਂਗਲਿਨ ਨੇ ਪਾਰਟੀ ਤੋਂ ਵੱਖ ਹੋ ਕੇ ਆਜਾਦ ਤੌਰ ‘ਤੇ ਅਸੰਬਲੀ ਵਿੱਚ ਬੈਠਣ ਦਾ ਨਿਰਣਾ ਲਿਆਂ ਸੀ।ਉਸ ਤੋਂ ਬਾਦ 24 ਨਵੰਬਰ ਨੂੰ 2 ਹੋਰ ਐਮ ਐਲ ਏ ਕੈਰੀ ਟੌਲ ਅਤੇ ਡੋਨਾਵਨ ਨੇ ਪਾਰਟੀ ਛੱਡ ਦਿੱਤੀ ਸੀ ।
ਪਰ ਅੱਜ ਰੌਬ ਐਡਰਸਨ, ਜੈਸਨ ਹਾਲੇ,ਬਲੈਕ ਪੈਡਰਸਨ,ਬਰੂਸ ਮੈਕ,ਜੈਫ ਵਿਲਸਨ, ਗੈਰੀ ਬਾਈਕਮੈਨ ਅਤੇ ਬਰੂਸ ਰੋਇ ਨੇ ਵਾਈਲਡਰੋਜ਼ ਪਾਰਟੀ ਦੇ ਡੁਬਦੇ ਜਹਾਜ਼ ਵਿੱਚੋਂ ਕਮਾਂਡਰ ਡੇਨੀਅਲ ਸਮਿੱਥ ਸਮੇਤ ਛਾਲ ਮਾਰ ਦਿੱਤੀ।। ਪਾਰਟੀ ਦੇ ਕੋਲ ਕੁੱਲ 17 ਐਮ ਐਲ ਏ ਸਨ ਜਿਹਨਾਂ ਵਿੱਚੋਂ ਪਾਰਟੀ ਕੋਲ ਸਿਰਫ 5 ਹੀ ਬਾਕੀ ਬਚੇ ਹਨ ।
ਉੱਧਰ “ਬਿੱਲੀ ਦੇ ਭਾਗਾਂ ਨੂੰ ਮਸਾਂ ਛਿੱਕੂ ਟੁੱਟਾ” ਵਾਲੀ ਕਹਾਵਤ ਅਨੁਸਾਰ ਲਿਬਰਲ ਪਾਰਟੀ ਦੇ ਨੇਤਾ ਰਾਜ ਸ਼ਰਮਨ ਨੇ ਸਪੀਕਰ ਜੇਨ ਜੋਵਡਸਕੀ ਕੋਲ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਲਿਬਰਲ ਪਾਰਟੀ ਨੂੰ ਹੁਣ ਵਿਰੋਧੀ ਧਿਰ ਵੱਜੋਂ ਮਾਨਤਾ ਦਿੱਤੀ ਜਾਵੇ ਪੰਜਾਬੀ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਪੰਜਾਬ ਦੀ ਲੋਕ ਭਲਾਈ ਪਾਰਟੀ ਦੇ ਲੀਡਰ ਬਲਵੰਤ ਰਾਮੂੰਵਾਲੀਆਂ ਨੇ ਜਿਸ ਤਰਾਂ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਰਲੇਵਾਂ ਕੀਤਾ ਸੀ, ਆਹ ਬੀਬੀ ਡੇਨੀਅਲ ਸਮਿੱਥ ਨੇ ਵੀ ਉਹੋ ਹੀ ਰਾਹ ਅਪਣਾਇਆ ਹੈ।