ਇਨਸਾਫ ਨਾ ਮਿਲਣ ਕਾਰਨ ਬਜ਼ੁਰਗ ਥਾਣੇ ਅਤੇ ਐਸ ਐਸ ਪੀ ਦਫਤਰ ’ ਚ ਧੱਕੇ ਖਾਣ ਲਈ ਮਜ਼ਬੂਰ
Posted on:- 04-12-2014
-ਸ਼ਿਵ ਕੁਮਾਰ ਬਾਵਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜ਼ਰਾਵਰ ਦੇ ਵਾਸੀ ਇਕ ਬਜ਼ੁਰਗ ਨੇ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਸਮੇਤ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਉਸਨੂੰ ਉਸਦੇ ਉਸਾਰੀ ਅਧੀਨ ਘਰ ਤੇ ਜ਼ਬਰੀ ਕਬਜ਼ਾ ਕਰਨ , ਪਰਿਵਾਰ ਸਮੇਤ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਘਰ ਅੰਦਰ ਬੜਕੇ ਉਸ ਸਮੇਤ ਪਰਿਵਾਰ ਦੇ ਮੈਂਬਰਾਂ ਤੇ ਕਾਤਲਾਨਾ ਹਮਲਾ ਕਰਨ ਵਾਲੇ ਪਿੰਡ ਦੇ ਹੀ ਕੁੱਝ ਲੋਕਾਂ ਤੇ ਥਾਣਾ ਚੱਬੇਵਾਲ ਅਤੇ ਹੁਸ਼ਿਆਰਪੁਰ ਪੁਲਸ ਦੇ ਉਚ ਅਧਿਕਾਰੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰ ਰਹੇ ਜਦਕਿ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਪਿੱਛਲੇ 9 ਮਹੀਨਿਆਂ ਤੋਂ ਥਾਣਾ ਚੱਬੇਵਾਲ ਅਤੇ ਹੁਸ਼ਿਆਰਪੁਰ ਪੁਲਸ ਦੇ ਉਚ ਅਧਿਕਾਰੀਆਂ ਦੇ ਦਫਤਰਾਂ ਵਿਚ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।
ਪੁਲਸ ਦਾ ਕੋਈ ਵੀ ਅਧਿਕਾਰੀ ਉਸਦੀ ਗੱਲ ਹੀ ਨਹੀਂ ਸੁਣਦਾ ਸਗੋਂ ਉਸਦੇ ਵਿਰੋਧੀਆਂ ਨਾਲ ਮਿਲਕੇ ਅਤਿ ਦਾ ਜਲੀਲ ਕਰਕੇ ਉਸਨੂੰ ਦਬਕੇ ਮਾਰਕੇ ਬਾਹਰ ਤੋਰ ਦਿੰਦੇ ਹਨ। ਉਕਤ ਮਾਮਲੇ ਨੇ ਅੱਜ ਉਸ ਵਕਤ ਨਵਾਂ ਰੂਪ ਧਾਰ ਲਿਆ ਜਦ ਪੀੜਤ ਬਜੁਰਗ ਦੀ ਹਮਾਇਤ ਦਾ ਐਲਾਨ ਕਰਦਿਆਂ ਬਸਪਾ ਯੂਥ ਵਿੰਗ ਹੁਸ਼ਿਆਰਪੁਰ ਦੇ ਕਨਵੀਨਰ ਕੁਲਵੰਤ ਭੂੰਨੋ ਨੇ ਯੂਥ ਆਗੂਆਂ ਨਾਲ ਭਰਵੀਂ ਮੀਟਿੰਗ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਸ ਐਸ ਪੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜ ਦਿਨਾ ਦੇ ਅੰਦਰ ਅੰਦਰ ਥਾਣਾ ਚੱਬੇਵਾਲ ਦੀ ਪੁਲਸ ਵਲੋਂ ਪੀੜਤ ਬਜੁਰਗ ਅਤੇ ਉਸਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਕਥਿੱਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਹ ਬਸਪਾ ਵਲੋਂ ਥਾਣਾ ਚੱਬੇਵਾਲ ਦਾ ਘਿਰਾਓ ਅਤੇ ਪੁਲਸ ਵਿਰੁੱਧ ਤਿੱਖਾ ਸੰਘਰਸ਼ ਕਰਕੇ ਰੋਡ ਜਾਮ ਕਰਨਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਜ਼ਰਾਵਰ ਦੇ ਵਾਸੀ ਰਘੂਨਾਥ ਸਿੰਘ ਪੁੱਤਰ ਰੱਖਾ ਰਾਮ ਨੇ ਬਸਪਾ ਯੂਥ ਵਿੰਗ ਹੁਸ਼ਿਆਰਪੁਰ ਦੇ ਕਨਵੀਨਰ ਕੁਲਵੰਤ ਭੂੰਨੋ ਦੀ ਹਾਜ਼ਰੀ ਵਿਚ ਦੱਸਿਆ ਕਿ ਪਿੰਡ ਦੇ ਹੀ ਸ਼ਕੁੱਤਲਾ ਰਾਣੀ ਪਤਨੀ ਮਨੋਹਰ ਲਾਲ, ਪ੍ਰਮੋਦ ਕੁਮਾਰ , ਰਮੇਸ਼ ਕੁਮਾਰੀ ਅਤੇ ਪਿੰਦਰ ਕੁਮਾਰ ਪੁੱਤਰ ਫਕੀਰ ਚੰਦ ਆਦਿ ਵਲੋਂ ਪਿੰਡ ਦੇ ਇਕ ਪੰਚਾਇਤ ਮੈਂਬਰ ਅਤੇ ਪਿੰਡ ਖੇੜਾ ਦੇ ਇੱਕ ਉਚ ਸਿਆਸੀ ਪਹੁੰਚ ਵਾਲੇ ਵਿਆਕਤੀ ਦੀ ਸ਼ਹਿ ਨਾਲ ਉਸਦੇ ਪਲਾਟ ਤੇ ਧੱਕੇ ਨਾਲ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਅਤੇ ਸਾਨੂੰ ਪਰਿਵਾਰ ਸਮੇਤ ਗਾਲੀ ਗਲੋਚ ਕੀਤਾ। ਉਕਤ ਪਰਿਵਾਰ ਦੇ ਮੈਂਬਰ ਸਾਡੇ ਉਸਾਰੀ ਅਧੀਨ ਘਰ ਦੇ ਪਲਾਟ ਵਿਚ ਆਕੇ ਸਾਡੇ ਤੇ ਕਾਤਲਾਨਾ ਹਮਲਾ ਕਰਕੇ ਮੇਰੇ ਸਮੇਤ ਮੇਰੀ ਪਤਨੀ ਸੁਰਿੰਦਰ ਦੇਵੀ ਦੇ ਸਿਰ ਵਿਚ ਇੱਟਾਂ ਮਾਰਕੇ ਜ਼ਖਮੀ ਕਰ ਦਿੱਤਾ। ਉਸਨੇ ਦੱਸਿਆ ਕਿ ਉਕਤ ਪਰਿਵਾਰ ਦੇ ਮੈਂਬਰ ਕਹਿ ਰਹੇ ਹਨ ਕਿ ਜਿਸ ਘਰ ਦੇ ਪਲਾਟ ਵਿਚ ਤੁਸੀਂ ਉਸਾਰੀ ਕਰ ਰਹੇ ਹੋ ਉਸ ਵਿਚੋਂ ਚਾਰ ਮਰਲੇ ਜਗ੍ਹਾ ਅਸੀਂ ਖਰੀਦ ਲਈ ਹੈ ਇਸ ਲਈ ਅਸੀਂ ਤੁਹਾਨੂੰ ਹੁਣ ਕੋਈ ਵੀ ਉਸਾਰੀ ਨਹੀਂ ਕਰਨ ਦੇਣੀ ਤੇ ਤੁਸੀਂ ਪਲਾਟ ਖਾਲੀ ਕਰ ਦੇਵੋੇ । ਉਸਨੇ ਦੱਸਿਆ ਕਿ ਉਕਤ ਲੋਕ ਉਸਨੂੰ ਘਰੋਂ ਬੇਘਰ ਪੁਲਸ ਨਾਲ ਮਿਲਕੇ ਕਰਨਾ ਚਾਹੁੰਦੇ ਹਨ ਜਦਕਿ ਉਹ ਲੜਾਈ ਝਗੜੇ ਦੇ ਹੱਕ ਵਿਚ ਨਹੀਂ ਹਨ । ਉਸਨੇ ਦੱਸਿਆ ਕਿ ਉਕਤ ਲੋਕਾਂ ਵਲੋਂ ਇਸ ਤੋਂ ਪਹਿਲਾਂ 28 ਮਾਰਚ 2014 ਨੂੰ ਥਾਣਾ ਚੱਬੇਵਾਲ ’ਚ ਝੂਠੀ ਸ਼ਿਕਾਇਤ ਕੀਤੀ ਸੀ ਤੇ ਹੁਣ ਵੀ ਸਾਡੀ ਕੁੱਟਮਾਰ ਕਰਕੇ ਆਪਣੇ ਖੁਦ ਹੀ ਸੱਟਾਂ ਮਾਰਕੇ ਝੂਠੀ ਐਮ ਐਲ ਆਰ ਕਟਵਾ ਲਈ ਹੈ। ਉਸਨੇ ਦੱਸਿਆ ਕਿ ਉਕਤ ਲੋਕ ਪੁਲਸ ਨਾਲ ਮਿਲਕੇ ਸਾਨੂੰ ਬਿਨਾ ਵਜ੍ਹਾਂ ਤੰਗ ਕਰ ਰਹੇ ਹਨ। ਸਮੁੱਚਾ ਪਰਿਵਾਰ ਮਾਨਸਿਕ ਤੌਰ ਤੇ ਪ੍ਰੇਸ਼ਾਂਨ ਹੈ। ਉਸਨੇ ਮੰਗ ਕੀਤੀ ਹੈ ਕਿ ਸਾਡੇ ਪਰਿਵਾਰ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਸਨੇ ਥਾਣਾ ਚੱਬੇਵਾਲ ਦੇ ਐਸ ਐਚ ਓ ਅਤੇ ਇਥ ਥਾਣੇਦਾਰ ਤੇ ਵੀ ਆਪਣੇ ਨਾਲ ਧੱਕਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਅਧਿਕਾਰੀ ਵਿਰੋਧੀ ਧਿਰ ਨਾਲ ਮਿਲਕੇ ਉਸਨੂੰ ਅਤਿ ਦਾ ਜਲੀਲ ਕਰਦੇ ਹਨ। ਉਸਨੇ ਉਕਤ ਪੁਲਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧ ਵਿਚ ਥਾਣਾ ਚੱਬੇਵਾਲ ਦੀ ਪੁਲਸ ਦਾ ਕਹਿਣ ਹੈ ਕਿ ਰਘੂਨਾਥ ਸਿੰਘ ਦਾ ਇਕ ਪਲਾਟ ਨੂੰ ਲੈ ਕੇ ਸ਼ਕੁੱਤਲਾ ਰਾਣੀ, ਪ੍ਰਮੋਦ ਕੁਮਾਰ ਅਤੇ ਮਨੋਹਰ ਲਾਲ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ। ਪਲਾਟ ਦੇ ਕਬਜ਼ੇ ਨੂੰ ਲੈ ਕੇ ਹੋਈ ਲੜਾਈ ਵਿਚ ਦੋਵੇਂ ਧਿਰਾਂ ਦੇ ਜ਼ਖਮੀ ਵਿਆਕਤੀਆਂ ਦੀਆਂ ਐਮ ਐਲ ਆਰ ਕੱਟੀਆਂ ਗਈਆਂ ਹਨ। ਉਕਤ ਪਲਾਟ ਦਾ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਪੁਲਸ ਕਿਸੇ ਨਾਲ ਕੋਈ ਧੱਕਾ ਨਹੀਂ ਕਰ ਰਹੀ। ਥਾਣੇਦਾਰ ਬਲਵਿੰਦਰ ਸਿੰਘ ਮਾਂਮਲੇ ਦੀ ਜਾਂਚ ਕਰ ਰਹੇ ਹਨ। ਜੇਕਰ ਦੋਵਾਂ ਧਿਰਾਂ ਵਿਚਕਾਰ ਕੋਈ ਰਾਜੀਨਾਮਾ ਨਾ ਹੋਇਆ ਤਾਂ ਪੁਲਸ ਬਣਦੀ ਕਾਨੂੰਨੀ ਕਾਰਵਾਈ ਕਰੇਗੀ। ਦੂਸਰੇ ਪਾਸੇ ਮਨੋਹਰ ਲਾਲ ਦੇ ਪਰਿਵਾਰ ਦਾ ਕਹਿਣ ਹੈ ਕਿ ਰਘੂਨਾਥ ਸਿੰਘ ਸਰਾ ਸਰ ਝੂਠ ਬੋਲਦਾ ਹੈ ਅਤੇ ਪੁਲਸ ਅਤੇ ਬਸਪਾ ਆਗੂਆਂ ਨੂੰ ਗੁੰਮਰਾਹ ਕਰਕੇ ਭੜਕਾ ਰਿਹਾ ਹੈ।