ਕਾਲਾ ਧਨ ਮਾਮਲੇ 'ਚ ਮੁਆਫ਼ੀ ਮੰਗੇ ਮੋਦੀ ਸਰਕਾਰ : ਕਾਂਗਰਸ
Posted on:- 26-11-2014
ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਸਮੇਤ ਸੀਨੀਅਰ ਨੇਤਾਵਾਂ ਦੁਆਰਾ ਆਮ ਚੋਣਾਂ ਦੌਰਾਨ ਕੀਤੇ ਗਏ
ਦਾਅਵੇ ਨੂੰ ਲੈ ਕੇ ਐਨਡੀਏ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਾਂਗਰਸ ਨੇ ਅੱਜ
ਸੱਤਾਧਾਰੀ ਪਾਰਟੀ 'ਤੇ ਰਾਜਨੀਤਕ ਫਾਇਦੇ ਦੇ ਲਈ ਕਾਲੇ ਧਨ ਨੂੰ ਲੈ ਕੇ ਦੇਸ਼ ਨੂੰ ਗੁਮਰਾਹ
ਕਰਨ ਦਾ ਦੋਸ਼ ਲਾਇਆ, ਇਸ ਦੇ ਨਾਲ ਮੁਆਫ਼ੀ ਮੰਗਣ ਨੂੰ ਕਿਹਾ।
ਸੰਸਦ ਦੇ ਸਰਦ ਰੁੱਤ
ਇਜਲਾਸ ਦੇ ਪਹਿਲੇ ਦਿਨ ਇਸ ਮੁੱਦੇ 'ਤੇ ਹੋਏ ਹੰਗਾਮੇ ਦੇ ਬਾਅਦ ਲੋਕ ਸਭਾ ਵਿੱਚ ਕਾਂਗਰਸ
ਦੇ ਨੇਤਾ ਮਲਿਕ ਅਰੁਜਨ ਖੜਗੇ ਨੂੰ ਅੱਜ ਇਸ 'ਤੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ
ਮੋਦੀ ਨੇ ਚੋਣ ਪ੍ਰਚਾਰ ਦੇ ਦੌਰਾਨ ਇਹ ਕਹਿ ਕੇ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ
ਕਿ ਵਿਦੇਸ਼ਾਂ ਵਿੱਚ ਜਮ੍ਹਾਂ ਭਾਰਤੀ ਕਾਲੇ ਧਨ ਨੂੰ ਵਾਪਸ ਲਿਆਉਣ ਤੋਂ ਬਾਅਦ ਦੇਸ਼ ਦੇ ਹਰ
ਨਾਗਰਿਕ ਨੂੰ 15 ਲੱਖ ਰੁਪਏ ਮਿਲਣਗੇ।
ਸ੍ਰੀ ਖੜਗੇ ਨੇ ਕਿਹਾ ਕਿ ਹੁਣ ਤੁਸੀਂ ਪ੍ਰਧਾਨ
ਮੰਤਰੀ ਬਣ ਗਏ ਹੋ ਅਤੇ ਮੈਂ ਤੁਹਾਨੂੰ ਦੁਖ਼ੀ ਨਹੀਂ ਕਰਨਾ ਚਾਹੁੰਦਾ, ਸਗੋਂ ਯਾਦ ਦਿਵਾਉਣਾ
ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਨੇ ਸੱਤਾ 'ਚ ਆਉਣ ਦੇ 100 ਦਿਨਾਂ
ਦੇ ਅੰਦਰ ਅੰਦਰ ਸਾਰੇ ਕਾਲੇ ਧਨ ਨੂੰ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਅਜੇ ਇੱਕ
ਪੈਸਾ ਵੀ ਵਾਪਸ ਨਹੀਂ ਆਇਆ। ਵਿਦੇਸ਼ੀ ਸਰਕਾਰਾਂ ਨਾਲ ਹੋਏ ਸਮਝੌਤਿਆਂ ਕਾਰਨ ਨਾਵਾਂ ਦਾ
ਖੁਲਾਸਾ ਕਰਨ ਨੂੰ ਲੈ ਕੇ ਸਰਕਾਰ ਦੁਆਰਾ ਸੁਪਰੀਮ ਕੋਰਟ ਨੂੰ ਦਿੱਤੇ ਬਿਆਨ ਸਬੰਧੀ ਖੜਗੇ
ਨੇ ਕਿਹਾ ਕਿ ਯੂਪੀਏ ਸ਼ਾਸਨ ਨੇ ਵੀ ਇਹੀ ਬਿਆਨ ਦਿੱਤਾ ਸੀ ਤਾਂ ਫ਼ਿਰ ਯੂਪੀਏ ਸਰਕਾਰ ਨੂੰ
ਭਾਜਪਾ ਨੇ ਇੰਨਾ ਬਦਨਾਮ ਕਿਉਂ ਕੀਤਾ ਅਤੇ ਸਵਾ ਕਰੋੜ ਲੋਕਾਂ ਨੂੰ ਗੁਮਰਾਹ ਕੀਤਾ। ਹੁਣ
ਤੁਸੀਂ ਸੱਤਾ ਵਿੱਚ ਬੈਠੇ ਹੋ। ਇਸ ਲਈ ਝੂਠੇ ਵਾਅਦੇ ਕਰਨ ਦੇ ਲਈ ਤੁਹਾਨੂੰ ਜਨਤਾ ਤੋਂ
ਮੁਆਫ਼ੀ ਮੰਗਣੀ ਚਾਹੀਦੀ ਹੈ।
ਰਾਜਨਾਥ ਸਿੰਘ ਜੋ ਗ੍ਰਹਿ ਮੰਤਰੀ ਹਨ ਅਤੇ ਨਿਤਿਨ ਗਡਕਰੀ
ਵੀ ਆਵਾਜਾਈ ਮੰਤਰੀ ਹਨ, ਉਨ੍ਹਾਂ ਨੇ 25 ਲੱਖ ਕਰੋੜ ਰੁਪਏ ਅਤੇ 21 ਲੱਖ ਕਰੋੜ ਰੁਪਏ ਦਾ
ਕਾਲਾ ਧਨ ਵਿਦੇਸ਼ਾਂ ਵਿੱਚ ਜਮ੍ਹਾਂ ਹੋਣ ਬਾਰੇ ਬਿਆਨ ਦਿੱਤੇ ਸਨ। ਕਾਂਗਰਸੀ ਨੇਤਾ ਨੇ ਕਿਹਾ
ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਦੇਸ਼ ਨੂੰ ਕੋਈ ਫਾਇਦਾ ਨਹੀਂ ਹੈ, ਇਸ ਲਈ
ਮਿਣ-ਤੋਲ ਕੇ ਬੋਲਣਾ ਚਾਹੀਦਾ ਹੈ।
ਇਸ ਸਬੰਧੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ
ਵਿਦੇਸ਼ੀ ਬੈਂਕਾਂ ਦੇ 427 ਖ਼ਾਤਾ ਧਾਰਕਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਨ੍ਹਾਂ
ਵਿੱਚੋਂ 250 ਨੇ ਆਪਣੇ ਖ਼ਾਤੇ ਹੋਣ ਦੀ ਗੱਲ ਮੰਨੀ ਹੈ। ਰਾਜ ਸਭਾ ਵਿੱਚ ਕਾਲੇ ਧਨ ਦੇ
ਮਾਮਲੇ 'ਤੇ ਕੋਈ ਚਰਚਾ ਦਾ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਸਰਕਾਰ ਕਾਲਾ ਧਨ ਰੱਖਣ ਵਾਲੇ
ਲੋਕਾਂ ਦਾ ਪਿੱਛਾ ਕਰੇਗੀ ਅਤੇ ਖ਼ਾਤੇ ਦੀ ਪਹਿਚਾਣ ਹੋ ਜਾਣ ਤੱਕ ਸ਼ਾਂਤੀ ਨਹੀਂ ਬੈਠੇਗੀ।
ਕਾਲੇ ਧਨ ਨੂੰ ਵਾਪਸ ਲਿਆਉਣ ਦੇ ਬਾਰੇ ਵਿੱਚ ਕੋਈ ਨਿਸ਼ਚਤ ਸਮਾਂ ਸੀਮਾ ਨਾ ਦੱਸੇ ਜਾਣ 'ਤੇ
ਵਿੱਤ ਮੰਤਰੀ ਦੇ ਆਸੰਤੁਸ਼ਟ ਜਵਾਬ ਕਾਰਨ ਕਾਂਗਰਸ ਖੱਬੀ ਧਿਰ ਤ੍ਰਿਣਾਮੂਲ ਕਾਂਗਰਸ, ਜੇਡੀਯੂ
ਅਤੇ ਸਪਾ ਦੇ ਮੈਂਬਰਾਂ ਨੇ ਸਦਨ ਵਿੱਚੋਂ ਵਾਕਆਊਟ ਕੀਤਾ।