ਨੌਜਵਾਨ ਆਗੂ ਮਨਦੀਪ ਉੱਪਰ ਹਮਲਾ ਕਰਨ ਵਾਲੇ ਦੋਸ਼ੀਆਂ ਨੇ ਭਰੇ ਇੱਕੱਠ ’ਚ ਮੁਆਫੀ ਮੰਗੀ
Posted on:- 26-11-2014
ਠੀਕਰੀਵਾਲ: ਮਿਤੀ 22-11-2014 ਨੂੰ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਸੂਬਾਈ ਆਗੂ ਮਨਦੀਪ ਉੱਪਰ ਰਜਿੰਦਰ ਸਿੰਘ ਉਰਫ ਗੱਗੂ ਪੁੱਤਰ ਗਿਆਨ ਸਿੰਘ, ਪਰਦੀਪ ਸਿੰਘ ਪੁੱਤਰ ਨਿਰਭੈ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਠੀਕਰੀਵਾਲ ਵੱਲੋਂ ਗੁੰਡਾ ਗਰਦੀ ਕੀਤੀ ਗਈ ਸੀ। ਇਸ ਸਬੰਧੀ ਜਨਤਕ ਜਥੇਬੰਦੀਆਂ ਦੇ ਵਫਦ ਨੇ ਪੁਲਿਸ ਅਧਿਕਾਰੀਆਂ ਨੂੰ ਮਿਲਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਜਿਸ ਦੇ ਚੱਲਦਿਆਂ ਪੁਲਿਸ ਨੇ ਦੋਸ਼ੀਆਂ ਖਿਲ਼ਾਫ ਪਰਚਾ ਦਰਜ ਕਰਕੇ ਸਾਰ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਸੀ।
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪਿੰਡ ਠੀਕਰੀਵਾਲ ਕਲੱਬ ਦੇ ਆਗੂਆਂ ਪਰਮਜੀਤ ਪੰਮਾ ਨੇ ਆਪਣੇ ਸਾਥੀਆਂ ਸਮੇਤ ਜਨਤਕ ਜਥੇਬੰਦੀਆ ਦੇ ਆਗੂਆਂ ਪਾਸ ਸਮਾਜਿਕ ਤੌਰ ’ਤੇ ਹੱਲ ਕਰਨ ਲਈ ਬੇਨਤੀ ਕੀਤੀ। ਆਗੂਆਂ ਨੇ ਇਸ ਬੇਨਤੀ ਉੱਪਰ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਤੋਂ ਬਾਅਦ ਅੱਜ ਜਨਤਕ ਇਕੱਠ ’ਚ ਲਿਖਤੀ ਅਤੇ ਜੁਬਾਨੀ ਮੁਆਫੀ ਮੰਗਣ ਲਈ ਕਿਹਾ ਜਿਸ ਨੂੰ ਕਲੱਬ ਮੈਂਬਰਾ ਨੇ ਸਵੀਕਾਰ ਕੀਤਾ। ਅੱਜ ਸਾਰੇ ਦੋਸ਼ੀਆਂ ਨੇ ਭਰੇ ਇਕੱਠ ਵਿੱਚ ਮਨਦੀਪ ਦੀ ਪਤਨੀ ਨੂੰ ਬੋਲੀ ਅਭੱਦਰ ਭਾਸ਼ਾ ਅਤੇ ਮਨਦੀਪ ਨਾਲ ਕੀਤੀ ਹੱਥੋਪਾਈ, ਘਰ ਅੱਗੇ ਗਾਲ੍ਹਾਂ ਕੱਢਣ, ਧਮਕੀਆਂ ਦੇਣ ਬਦਲੇ ਮੁਆਫੀ ਮੰਗੀ ਗਈ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਭਵਿੱਖ ’ਚ ਮਨਦੀਪ ਸਿੰਘ ਨਾਲ ਕੋਈ ਰੰਜਸ਼ ਨਹੀਂ ਰੱਖਣਗੇ। ਮਨਦੀਪ ਜਾਂ ਪਿੰਡ ਦੇ ਕਿਸੇ ਹੋਰ ਵਿਅਕਤੀ ਨਾਲ ਅਜਿਹੀ ਹਰਕਤ ਨਹੀਂ ਕਰਨਗੇ।
ਇਸ ਸਮਝੌਤੇ ਵਿੱਚ ਸ਼ਾਮਲ ਕਲੱਬ ਮੈਂਬਰਾਂ ਅਤੇ ਪਿੰਡ ਦੇ ਮੋਹਤਬਰ ਸੱਜਣਾਂ ਨੇ ਵਾਰਦਾਤ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੀ ਭਵਿੱਖ’ਚ ਅਜਿਹਾ ਨਾਂ ਕਰਨ ਦੀ ਜਿੰਮੇਵਾਰੀ ਲਈ।ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨਰਾਇਣ ਦੱਤ, ਮਨਜੀਤ ਧਨੇਰ, ਪ੍ਰੇਮਪਾਲ ਕੌਰ, ਪ੍ਰੇਮ ਕੁਮਾਰ, ਗੁਰਮੀਤ ਸੁਖਪੁਰ ਨੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਹਾਕਮਾਂ ਦੀ ਸ਼ਹਿ ਉੱਪਰ ਵਗ ਰਹੇ ਨਸ਼ਿਆਂ ਦੇ ਦਰਿਆ ਉੱਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਮਿਹਨਤੀ ਲੋਕਾਂ ਨੂੰ ਸੁਚੇਤ ਕੀਤਾ ਕਿ ਨੌਜਵਾਨੀ ਦੀ ਬਰਬਾਦੀ ਦਾ ਚਿੰਨ ਬਣ ਰਹੇ ਅਜਿਹੇ ਵਰਤਾਰਿਆ ਨੂੰ ਰੋਕਣ ਲਈ ਸੁਚੇਤ ਰੂਪ ’ਚ ਅੱਗੇ ਆਇਆ ਜਾਵੇ ਅਤੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਸਿਰਜਣ ਲਈ ਚੱਲ ਰਹੀ ਜੱਦੋਜਹਿਦ ਦਾ ਹਿੱਸਾ ਬਣਾਇਆ ਜਾਵੇ। ਇਸ ਸਮੇਂ ਬਲਦੇਵ ਸੱਦੋਵਾਲ, ਹਰਚਰਨ ਚਹਿਲ, ਅਜਮੇਰ ਸਿੰਘ, ਇਕਬਾਲ ਸਿੰਘ, ਏਕਮ ਛੀਨੀਵਾਲ, ਰਜਿੰਦਰ ਪਾਲ, ਸੁਖਵਿੰਦਰ ਸਿੰਘ, ਖੁਸ਼ਮੰਦਰ ਪਾਲ ਆਦਿ ਆਗੂ ਹਾਜ਼ਰ ਸਨ।