ਵਿਦਿਆਰਥੀ ਜਥੇਬੰਦੀਆਂ ਦੇ ਸੰਘਰਸ਼ ਅੱਗੇ ਝੁਕਿਆ ਪੰਜਾਬੀ 'ਵਰਸਿਟੀ ਪ੍ਰਸ਼ਾਸਨ, ਮੰਗਾਂ ਪ੍ਰਵਾਨ
Posted on:- 25-11-2014
ਇਹ ਜਿੱਤ ਸਮੂਹ ਵਿਦਿਆਰਥੀ ਦੀ : ਐਸਐਫ਼ਆਈ, ਏਐਸਐਫ਼ਆਈ, ਪੁਰਸ਼ਾ
ਪਟਿਆਲਾ : ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਦਿਆਰਥੀ ਸੰਘਰਸ਼ ਦੀ ਅੱਜ
ਸ਼ਾਨਦਾਰ ਜਿੱਤ ਹੋਈ ਹੈ। ਇਸ ਬਾਰੇ ਐਸ.ਐਫ.ਆਈ, ਏ.ਆਈ.ਐਸ.ਐਫ, ਅਤੇ ਪੁਰਸਾ ਦੇ ਆਗੂਆਂ
ਹਰਿੰਦਰ ਸਿੰਘ ਬਾਜਵਾ, ਸੁਮੀਤ ਸ਼ੰਮੀ, ਜਸਪ੍ਰੀਤ ਸਿੰਘ ਸੰਧੂ ਅਤੇ ਇੰਦਰਜੀਤ ਸਿੰਘ ਨੇ
ਦੱਸਿਆ ਕਿ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਲਿਖਤੀ
ਤੌਰ ਤੇ ਮੰਨ ਲਿਆ ਹੈ।
ਜ਼ਿਕਰਯੋਗ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ 20 ਨਵੰਬਰ ਤੋਂ
ਲਗਾਤਾਰ ਭੁੱਖ ਹੜਤਾਲ 'ਤੇ ਬੈਠੇ ਸਾਥੀ ਸੰਦੀਪ ਸਿੰਘ, ਪਰਮਪੀਤ ਸਿੰਘ, ਜੋਤੀ ਗੋਲਡਨ,
ਗਗਨਦੀਪ ਸਿੰਘ ਅਤੇ ਸਹਿਜਮੀਤ ਨਾਮ ਦੇ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਡਾ.
ਬਲਵਿੰਦਰ ਟਿਵਾਣਾ, ਡਾ. ਨਿਸ਼ਾਨ ਸਿੰਘ ਅਤੇ ਡਾ. ਸੱਗੂ ਨੇ ਜੂਸ ਪਿਲਾ ਕੇ ਭੁੱਖ ਹੜਤਾਲ
ਤੋਂ ਉਠਾਇਆ। ਮੰਗਾਂ ਮੰਨਣ ਤੋਂ ਬਾਅਦ ਤਿੰਨਾਂ ਜਥੇਬੰਦੀਆਂ ਨੇ ਪੂਰੀ ਯੂਨੀਵਰਸਿਟੀ ਵਿਚ
ਜੇਤੂ ਰੈਲੀ ਕੱਢੀ। ਜਿਸ ਨਾਲ ਵਿਦਿਆਰਥੀਆਂ ਵਿਚਲਾ ਉਤਸ਼ਾਹ ਹੋਰ ਸਿਖਰਾਂ ਤੇ ਪਹੁੰਚਿਆ।
ਜੇਤੂ ਰੈਲੀ ਵਿਚ ਵਿਦਿਆਰਥੀ ਤਿੰਨੋ ਜਥੇਬੰਦੀਆਂ ਦੇ ਝੰਡੇ ਅਤੇ ਬੈਨਰ ਲੈ ਕੇ ਪਹੁੰਚੇ ਅਤੇ
ਇਹ ਰੈਲੀ ਯੂਨੀਵਰਸਿਟੀ ਦੀ ਮੇਨ ਲਾਈਬ੍ਰੇਰੀ ਕੋਲ ਆ ਕੇ ਖਤਮ ਕੀਤੀ ਗਈ।
ਇਸ ਮੌਕੇ
ਐਸ.ਐਫ.ਆਈ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਬਾਜਵਾ ਅਤੇ ਏ.ਆਈ.ਐਸ.ਐਫ. ਦੇ ਆਗੂ ਸੁਮੀਤ
ਸ਼ੰਮੀ ਨੇ ਵਿਸਥਾਰ ਵਿਚ ਸਾਰੀਆਂ ਮੰਗਾਂ ਜੋ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲਾਗੂ ਕੀਤੀਆਂ
ਗਈਆਂ ਹਨ ਨੂੰ ਇਕ ਇਕ ਕਰਕੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ
ਯੂਨੀਵਰਸਿਟੀ ਵਿਚ ਕੰਟੀਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਜੋ ਫੀਸਾਂ ਵਧਾਈਆਂ
ਗਈਆਂ ਸਨ ਉਹਨਾਂ ਦੇ ਰੀਫੰਡ ਦੀ ਗੱਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ 21 ਦਿਨਾਂ ਦੇ ਅੰਦਰ
ਚੈੱਕ ਵਾਪਸ ਕਰਨ ਦਾ ਲਿਖਤੀ ਵਾਅਦਾ ਕੀਤਾ ਹੈ। ਲੜਕੀਆਂ ਦੇ ਹੋਸਟਲ ਦੇ ਸਮੇਂ ਦੀ ਸੀਮਾ
ਵਧਾਉਣ ਦੀ ਮੰਗ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਸੀ ਉਸ ਬਾਰੇ ਆਗੂਆਂ ਨੇ ਦੱਸਿਆ ਕਿ ਇਸ
ਮੰਗ ਨੁੰ ਸਵੀਕਾਰ ਕਰਕੇ ਵਧਿਆ ਹੋਇਆ ਸਮਾਂ ਅੱਜ ਤੋਂ ਹੀ ਲਾਗੂ ਹੋਵੇਗਾ। ਕੰਟੀਨਾਂ ਦੇ
ਰੇਟ ਅਤੇ ਗੁਣਵਤਾ ਨਿਰਧਾਰਤ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ। ਰਿਸਰਚ ਸਕਾਲਰ ਜੋ
ਵਿਭਾਗਾਂ ਵਿਚ ਪੜਾਉਣ ਦਾ ਕੰਮ ਕਰਦੇ ਹਨ ਉਹਨਾਂ ਦੇ ਤਜ਼ਰਬਾ ਸਰਟੀਫਿਕੇਟ ਦੇਣਾ ਵਿਭਾਗ
ਵੱਲੋਂ ਯਕੀਨੀ ਹੋਵੇਗਾ। ਜਿੰਨ੍ਹਾਂ ਵਿਭਾਗਾਂ ਦਾ ਸਲੇਬਸ ਅਜੇ ਤੱਕ ਪੂਰਾ ਨਹੀਂ ਹੋਇਆ
ਉਹਨਾਂ ਦੀਆਂ ਪ੍ਰੀਖਿਆਵਾਂ ਨਿਰਧਾਰਤ ਸਲੇਬਸ ਪੂਰਾ ਹੋਣ ਉਪਰੰਤ ਲਈਆਂ ਜਾਣਗੀਆਂ। ਫਾਰਮੇਸੀ
ਵਿਭਾਗ ਵਾਲੀ ਸੜਕ ਉੱਪਰ ਸਟਰੀਟ ਲਾਈਟ ਦਾ ਪ੍ਰਬੰਧ 10 ਦਿਨਾਂ ਦੇ ਅੰਦਰ ਕੀਤਾ ਜਾਵੇਗਾ।
ਗੋਲ ਮਾਰਕਿਟ ਵਿਚ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ। ਐਮ.ਫਿਲ ਅਤੇ ਪੀ-ਐਚ.ਡੀ. ਕਰ ਰਹੇ
ਵਿਦਿਆਰਥੀਆਂ ਨੂੰ ਸਟਾਈਪੰਡ ਦਾ ਪ੍ਰਸਤਾਵ ਯੂ.ਜੀ.ਸੀ. ਨੂੰ ਭੇਜ ਦਿੱਤਾ ਗਿਆ ਹੈ।
ਜਿੰਨੀਆਂ ਮੰਗਾਂ ਮੰਨੀਆਂ ਗਈਆਂ ਹਨ ਉਹਨਾਂ ਦੀਆਂ ਅਲੱਗ ਅਲੱਗ ਕਮੇਟੀਆਂ ਵਿਚ ਤਿੰਨਾਂ
ਜਥੇਬੰਦੀਆਂ ਦੇ ਨੁੰਮਾਇਦਿਆ ਨੂੰ ਸ਼ਾਮਿਲ ਕੀਤਾ ਗਿਆ।
ਐਸ.ਐਫ.ਆਈ ਦੇ ਕੇਂਦਰੀ ਕਮੇਟੀ
ਦੇ ਮੈਂਬਰ ਸਵਰਨਜੀਤ ਸਿੰਘ ਦਲਿਓ, ਸੂਬਾ ਕਮੇਟੀ ਮੈਂਬਰ ਰਵਿੰਦਰ ਸਿੰਘ ਅਤੇ ਜਸਪ੍ਰੀਤ
ਸੰਧੂ ਨੇ ਵਿਦਿਆਰਥੀ ਸੰਘਰਸ਼ ਦੀ ਹੋਈ ਜਿੱਤ ਦੀ ਪੂਰੇ ਭਾਰਤ ਦੇ ਵਿਦਿਆਰਥੀ ਵਰਗ ਦੀ ਜਿੱਤ
ਦੱਸਿਆ ਹੈ। ਉਹਨਾਂ ਸਮੂਹ ਵਿਦਿਆਰਥੀਆਂ ਨੂੰ ਇਸ ਜਿੱਤ ਦੀ ਵਧਾਈ ਵੀ ਦਿੱਤੀ ਹੈ ਅਤੇ ਆਪਣੀ
ਚੇਤਨ ਸੋਚ ਨਾਲ ਸਹੀ ਅਤੇ ਗਲਤ ਵਿਦਿਆਰਥੀ ਜਥੇਬੰਦੀਆਂ ਦੀ ਚੋਣ ਕਰਨ ਦਾ ਸੁਝਾਅ ਵੀ
ਦਿੱਤਾ ਹੈ।ਉਹਨਾਂ ਕਿਹਾ ਕਿ ਜਿੰਨੀ ਦੇਰ ਯੂਨੀਵਰਸਿਟੀ ਵਿਚਲੇ 176 ਵਿਦਿਆਰਥੀਆਂ ਦੇ ਝੂਠੇ
ਕੇਸ ਪੂਰੀ ਤਰ੍ਹਾਂ ਰੱਦ ਨਹੀਂ ਹੋ ਜਾਂਦੇ ਉਹਨੀ ਦੇਰ ਇਕ ਵਿਦਿਆਰਥੀ ਆਗੂ ਭੁੱਖ ਹੜਤਾਲ
ਜਾਰੀ ਰਖੇਗਾ। ਇਸ ਬਾਬਤ ਏ.ਆਈ.ਐਸ.ਐਫ. ਦੇ ਸੂਬਾ ਮੀਤ ਸਕੱਤਰ ਵਰਿੰਦਰ ਲਾਈਬ੍ਰੇਰੀ ਦੇ
ਗੇਟ ਅੱਗੇ ਭੁੱਖ ਹੜਤਾਲ 'ਤੇ ਬੈਠੇ ਹਨ। ਉਹਨਾਂ ਇਹ ਵੀ ਕਿਹਾ ਕਿ ਜਿਹੜੀਆਂ ਤਰੀਖਾਂ
ਸਾਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੰਗਾਂ ਲਾਗੂ ਕਰਨ ਲਈ ਦਿੱਤੀਆਂ ਹਨ ਜੇਕਰ ਇਹ ਉਹਨਾਂ
ਤਰੀਖਾਂ ਦੇ ਅੰਦਰ ਲਾਗੂ ਨਹੀਂ ਹੁੰਦੀਆਂ ਤਾਂ ਵਿਦਿਆਰਥੀ ਫਿਰ ਤੋਂ ਸੰਘਰਸ਼ ਕਰਨਗੇ।
ਪੁਰਸਾ
ਦੇ ਆਗੂ ਇੰਦਰਜੀਤ ਸਿੰਘ ਅਤੇ ਗੁਰਮਨਪ੍ਰੀਤ ਨੇ ਕਿਹਾ ਕਿ ਅਸੀਂ ਸਾਰੇ ਵਿਦਿਆਰਥੀਆਂ ਦਾ
ਸਾਡਾ ਸਾਥ ਦੇਣ ਲਈ, ਧੰਨਵਾਦ ਕਰਦੇ ਹਾਂ ਉਹਨਾਂ ਵਿਸ਼ੇਸ਼ ਤੌਰ ਤੇ ਤਿੰਨਾਂ ਜਥੇਬੰਦੀਆਂ
ਵੱਲੋਂ ਭਾਰਤ ਦੇ ਸਮੁੱਚੇ ਮੀਡੀਆ ਦਾ ਵੀ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਮੀਡੀਆ ਨੇ ਇਸ
ਗੱਲ ਨੂੰ ਪੂਰੇ ਦੇਸ਼ ਵਿਚ ਪਹੁੰਚਾਉਣ ਦਾ ਕੰਮ ਕੀਤਾ ਹੈ। ਪੂਰੇ ਦੇਸ਼ ਅੰਦਰ ਪੰਜਾਬੀ
ਯੂਨੀਵਰਸਿਟੀ ਵਿਚਲੇ ਸੰਘਰਸ਼ ਨੂੰ ਜਿੱਥੇ ਸ਼ਲਾਘਾ ਹੋਈ ਹੈ ਉੱਥੇ ਨਾਲ ਹੀ ਪੁਲਿਸ ਪ੍ਰਸ਼ਾਸਨ
ਵੱਲੋਂ ਕੀਤੇ ਵਿਦਿਆਰਥੀਆਂ ਉੱਪਰ ਅੰਨ੍ਹੇ ਲਾਠੀਚਾਰਜ ਦੀ ਨਿੰਦਿਆ ਵੀ ਕੀਤੀ ਹੈ। ਉਹਨਾਂ
ਕਿਹਾ ਕਿ ਪੂਰੇ ਪੰਜਾਬ ਵਿਚ ਤਿੰਨਾਂ ਜਥੇਬੰਦੀਆਂ ਵੱਲੋਂ ਜੋ ਪੁਤਲੇ ਫੂਕ ਮੁਜ਼ਾਹਰੇ ਕੀਤੇ
ਜਾ ਰਹੇ ਹਨ ਉਹ ਫਿਲਹਾਲ ਰੋਕ ਦਿੱਤੇ ਗਏ ਹਨ।