ਕਾਠਮੰਡੂ 'ਚ ਸਾਰਕ ਸੰਮੇਲਨ ਅੱਜ ਤੋਂ ਸ਼ੁਰੂ
Posted on:- 25-11-2014
ਮੋਦੀ ਵੱਲੋਂ ਭਾਰਤ-ਨੇਪਾਲ ਬੱਸ ਸੇਵਾ ਦੀ ਸ਼ੁਰੂਆਤ
ਕਾਠਮੰਡੂ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਸਾਰਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਅੱਜ ਨੇਪਾਲ ਪਹੁੰਚੇ ਹਨ। ਉਹ
ਬੁੱਧਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੇ ਸਾਰਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਆਏ ਹਨ।
ਮੋਦੀ ਨੇ ਇੱਥੇ ਨੇਪਾਲ ਤੋਂ ਭਾਰਤ ਦੇ ਦਰਮਿਆਨ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ।
ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਕਾਠਮੰਡੂ ਤੋਂ ਦਿੱਲੀ ਜਾਣ ਵਾਲੀ ਬੱਸ ਨੂੰ ਝੰਡੀ ਦਿਖ਼ਾ
ਕੇ ਰਵਾਨਾ ਕੀਤਾ।
ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਸਮੇਂ ਦੀ ਘਾਟ ਕਾਰਨ ਪਹਿਲਾਂ ਤੋਂ
ਪ੍ਰਸਤਾਵਤ ਜਨਕਪੁਰ, ਲੁਬਿਨੀ ਅਤੇ ਮੁਖਤੀਨਾਥ ਦਾ ਦੌਰਾ ਰੱਦ ਕੀਤੇ ਜਾਣ ਲਈ ਨੇਪਾਲੀ
ਲੋਕਾਂ ਤੋਂ ਮੁਆਫ਼ੀ ਵੀ ਮੰਗੀ। ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਨੇਪਾਲ ਖੁਸ਼ ਨਹੀਂ ਹੈ ਤਾਂ
ਭਾਰਤ ਵੀ ਮੁਸਕਰਾ ਨਹੀਂ ਸਕਦਾ। ਬੱਸਾਂ ਦਾ ਨਾਂ ਪਸ਼ੂਪਤੀਨਾਥ ਐਕਸਪ੍ਰੈਸ ਰੱਖਿਆ ਗਿਆ ਹੈ।
ਨੇਪਾਲ ਅਤੇ ਭਾਰਤ ਦੇ ਦਰਮਿਆਨ ਇਹ ਲਗਜ਼ਰੀ ਬੱਸਾਂ 3 ਰੂਟਾਂ 'ਤੇ ਚੱਲਣਗੀਆਂ। ਕਾਠਮੰਡੂ
ਤੋਂ ਨਵੀਂ ਦਿੱਲੀ, ਕਾਠਮੰਡੂ ਤੋਂ ਵਾਰਾਣਸੀ ਅਤੇ ਪੋਖਰਾ ਤੋਂ ਨਵੀਂ ਦਿੱਲੀ। ਇਸ ਤੋਂ
ਪਹਿਲਾਂ ਨਰਿੰਦਰ ਮੋਦੀ ਨੇ ਕਾਠਮੰਡੂ 'ਚ ਨੈਸ਼ਨਲ ਟਰਾਮਾ ਸੈਂਟਰ ਦਾ ਉਦਘਾਟਨ ਵੀ ਕੀਤਾ। ਦੋ
ਦਿਨ ਚੱਲਣ ਵਾਲੇ 18ਵੇਂ ਸਾਰਕ ਸੰਮੇਲਨ 'ਚ ਹਿੱਸਾ ਲੈਣ ਵਾਲੇ ਦੇਸ਼ਾਂ ਦਾ ਮਕਸਦ ਖੇਤਰੀ
ਗੱਠਜੋੜ ਨੂੰ ਮਜ਼ਬੂਤ ਕਰਨਾ ਅਤੇ ਵਪਾਰ ਨਾਲ ਜੁੜੇ ਕਾਇਦੇ ਕਾਨੂੰਨਾਂ ਨੂੰ ਬਿਹਤਰ ਬਣਾ ਕੇ
ਖੇਤਰ ਦੇ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਪਲੇਟ ਫਾਰਮ ਤਿਆਰ ਕਰਨਾ ਹੈ। ਇਸ ਮੌਕੇ
ਸਿੱਖਿਆ, ਸਿਹਤ, ਊਰਜਾ, ਸੁਰੱਖਿਆ ਅਤੇ ਗਰੀਬੀ ਅਣਮੂਲਨ ਦੀ ਦਿਸ਼ਾ ਵਿੱਚ ਸਹਿਯੋਗ ਵਧਾਉਣ
ਨੂੰ ਲੈ ਕੇ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ
ਉਹ ਸਾਰਕ ਸੰਮੇਲਨ ਤੋਂ ਵੱਖਰੇ ਤੌਰ 'ਤੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਮੁਖੀਆਂ ਨਾਲ ਦੁਵੱਲੀ
ਗੱਲਬਾਤ ਨੂੰ ਲੈ ਕੇ ਉਤਸ਼ਾਹਿਤ ਹਨ। ਅਜਿਹੇ ਵਿੱਚ ਇਸ ਗੱਲ ਨੂੰ ਲੈ ਕੇ ਕਿਆਸਅਰਾਈਆਂ
ਲਗਾਈਆਂ ਜਾ ਰਹੀਆਂ ਹਨ ਕਿ ਵੀਰਵਾਰ ਨੂੰ ਕਾਠਮੰਡੂ ਤੋਂ 30 ਕਿਲੋਮੀਟਰ ਦੂਰ ਧੂਲੀਖੇਲ 'ਚ
ਸ੍ਰੀ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕਰ ਸਕਦੇ ਹਨ।
ਇਸੇ
ਦੌਰਾਨ ਸਾਰਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਕਾਠਮੰਡੂ ਪਹੁੰਚੇ ਪਾਕਿਸਤਾਨ ਦੇ ਪ੍ਰਧਾਨ
ਮੰਤਰੀ ਨਵਾਜ਼ ਸ਼ਰੀਫ਼ ਨੇ ਭਾਰਤ ਨਾਲ ਗੱਲਬਾਤ ਦੀ ਇੱਛਾ ਜਾਹਿਰ ਕੀਤੀ ਹੈ। ਨਵਾਜ਼ ਸਰੀਫ਼ ਨੇ
ਹਾਲਾਂਕਿ ਕਿਹਾ ਹੈ ਕਿ ਇਸ ਲਈ ਪਹਿਲ ਭਾਰਤ ਨੂੰ ਕਰਨੀ ਚਾਹੀਦੀ ਹੈ। ਉਧਰ ਭਾਰਤ ਵੱਲੋਂ
ਅਜੇ ਤੱਕ ਇਸ ਬਾਰੇ ਕੋਈ ਦਿਲਚਸਪੀ ਨਹੀਂ ਦਿਖ਼ਾਈ ਗਈ।