ਸੀਨੀਅਰ ਕਾਂਗਰਸੀ ਆਗੂ ਮੁਰਲੀ ਦਿਓੜਾ ਦਾ ਦੇਹਾਂਤ
Posted on:- 24-11-2014
ਪ੍ਰਧਾਨ ਮੰਤਰੀ, ਸੋਨੀਆ ਗਾਂਧੀ ਤੇ ਹੋਰਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਮੁੰਬਈ : ਸੀਨੀਅਰ
ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਮੁਰਲੀ ਦਿਓੜਾ ਦਾ ਅੱਜ ਇੱਥੇ ਲੰਬੀ ਬਿਮਾਰੀ
ਤੋਂ ਬਾਅਦ ਦੇਹਾਂਤ ਹੋ ਗਿਆ, ਉਹ 77 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ
ਪਤਨੀ ਅਤੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚ ਮਿਲਿੰਦ ਦਿਓੜਾ ਵੀ ਸ਼ਾਮਲ ਹੈ।
ਮੁਰਲੀ ਭਾਈ
ਵਜੋਂ ਜਾਣੇ ਜਾਣ ਵਾਲੇ ਮੁਰਲੀ ਦਿਓੜਾ ਨੇ ਸਵੇਰੇ ਤੜਕੇ 3.25 ਮਿੰਟ 'ਤੇ ਆਖ਼ਰੀ ਸਾਹ ਲਿਆ।
ਉਹ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੋ
ਦਿਨ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਲਿਆਂਦਾ ਗਿਆ ਸੀ। ਉਨ੍ਹਾਂ ਦੇ ਪਰਿਵਾਰਕ
ਮੈਂਬਰਾਂ ਨੇ ਅੱਜ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਮੁਰਲੀ ਦਿਓੜਾ ਦੇ ਮ੍ਰਿਤਕ ਸਰੀਰ ਨੂੰ
ਬਾਅਦ ਵਿੱਚ ਮੁੰਬਈ ਕਾਂਗਰਸ ਦਫ਼ਤਰ 'ਚ ਰੱਖਿਆ ਗਿਆ, ਜਿੱਥੇ ਪਾਰਟੀ ਕਾਰਕੁਨਾਂ ਨੇ
ਦੁਪਹਿਰ 12 ਵਜੇ ਤੋਂ 2 ਵਜੇ ਤੱਕ ਆਪਣੇ ਵਿਛੜੇ ਆਗੂ ਦੇ ਅੰਤਿਮ ਦਰਸ਼ਨ ਕੀਤੇ। ਇਸ ਉਪਰੰਤ
ਉਨ੍ਹਾਂ ਦਾ ਬਾਅਦ ਦੁਪਹਿਰ ਚੰਦਨਬਾੜੀ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਆਪਣੇ ਦਹਾਕਿਆਂ ਲੰਬੇ ਸਿਆਸੀ ਕੈਰੀਅਰ 'ਚ ਕਈ ਮਹੱਤਵਪੂਰਨ ਵਿਭਾਗਾਂ ਦੀ ਕਮਾਨ ਸੰਭਾਲਣ
ਵਾਲੇ ਦਿਓੜਾ ਨੇ ਪਹਿਲੀ ਵਾਰ 1975 ਵਿੱਚ ਮੁੰਬਈ ਵਿੱਚ ਨਗਰ ਨਿਗਮ ਦੀ ਚੋਣ ਲੜੀ ਸੀ।
ਪ੍ਰਧਾਨ
ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਪ੍ਰਣਬ ਮੁਖਰਜੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ,
ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰਨਾਂ ਸਿਆਸੀ ਆਗੂਆਂ ਨੇ ਉਨ੍ਹਾਂ ਦੀ ਮੌਤ
'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। 1977-78 ਦੇ ਦਰਮਿਆਨ ਉਹ
ਮੁੰਬਈ ਦੇ ਮੇਅਰ ਰਹੇ ਅਤੇ ਦੱਖਣੀ ਮੁੰਬਈ ਤੋਂ 4 ਵਾਰ ਲੋਕ ਸਭਾ ਲਈ ਚੁਣੇ ਗਏ। ਸ੍ਰੀ
ਦਿਓੜਾ ਇਸ ਸਮੇਂ ਰਾਜ ਦੇ ਮੈਂਬਰ ਵਜੋਂ ਆਪਣਾ ਤੀਜਾ ਕਾਰਜਕਾਲ ਪੂਰਾ ਕਰ ਰਹੇ ਸਨ। ਉਹ 22
ਸਾਲ ਤੱਕ ਮੁੰਬਈ ਕਾਂਗਰਸ ਦੇ ਪ੍ਰਧਾਨ ਵੀ ਰਹੇ। 2006 ਵਿੱਚ ਉਨ੍ਹਾਂ ਨੂੰ ਕੇਂਦਰੀ
ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ।