ਪੰਜਾਬ 'ਚ ਕਿਸੇ ਨਵੇਂ ਅਕਾਲੀ ਦਲ ਦਾ ਕੋਈ ਭਵਿੱਖ ਨਹੀਂ : ਬਾਦਲ
Posted on:- 24-11-2014
ਲੁਧਿਆਣਾ ਦੇ ਹਸਪਤਾਲ 'ਚ ਹੋਈ 5 ਬੱਚਿਆਂ ਦੀ ਮੌਤ ਦੀ ਜਾਂਚ ਦੇ ਹੁਕਮ
ਅੰਮ੍ਰਿਤਸਰ : ਪੰਜਾਬ
ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਿਸੇ ਨਵੇਂ ਅਕਾਲੀ
ਦਲ ਦਾ ਕੋਈ ਭਵਿੱਖ ਨਹੀਂ ਹੈ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੰਜਾਬ ਅਤੇ
ਖਾਲਸਾ ਪੰਥ ਵੱਲੋਂ ਮਾਨਤਾ ਦਿੱਤੀ ਗਈ ਹੈ।
ਅੱਜ ਇੱਥੇ ਮੈਡੀਕਲ ਕਾਲਜ ਵਿਖੇ
ਕਨਵੋਕੇਸ਼ਨ ਦੀ ਸਮਾਪਤੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਹਾਲ
ਹੀ ਵਿੱਚ ਗਠਿਤ ਹੋਇਆ ਨਵਾਂ ਦਲ ਉਨ੍ਹਾਂ ਲੋਕਾਂ ਦੀ ਉਪਜ ਹੈ, ਜਿਨ੍ਹਾਂ ਦਾ ਪੰਜਾਬ ਦੇ
ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਅਤੇ ਨਾ ਹੀ ਇਨ੍ਹਾਂ ਦੀ ਕੋਈ ਪੰਜਾਬੀਆਂ ਨਾਲ
ਵਿਚਾਰਧਾਰਕ ਸਾਂਝ ਹੈ, ਸੋ ਅਜਿਹੇ ਲੋਕ ਪੰਜਾਬ ਦੀ ਰਾਜਨੀਤੀ ਉਤੇ ਕੋਈ ਪ੍ਰਭਾਵ ਨਹੀਂ ਪਾ
ਸਕਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ
ਹਿੱਤ ਲਈ ਸਦਾ ਕੰਮ ਕੀਤਾ ਹੈ ਅਤੇ ਲੋਕਾਂ ਨੇ ਵੀ ਇਸ ਦੀ ਕਦਰ ਪਾਈ ਹੈ। ਰਾਜਸੀ ਪਿੜ ਦੀਆਂ
ਚੋਣਾਂ ਦੇ ਨਾਲ ਨਾਲ ਧਾਰਮਿਕ ਖੇਤਰ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰ੍ਰਬੰਧਕ ਕਮੇਟੀ ਅਤੇ
ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ
ਕੇ ਲੋਕਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਅਤੇ ਖਾਲਸਾ ਪੰਥ ਦੀ ਮਾਨਤਾ ਜੇ ਕਿਸੇ
ਨੂੰ ਹੈ ਤਾਂ ਉਹ ਕੇਵਲ ਤਾਂ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਹੈ।
ਉਨ੍ਹਾਂ ਕਿਹਾ
ਕਿ ਪਿਛਲੇ ਸਮੇਂ ਦੌਰਾਨ ਬੜੇ ਅਕਾਲੀ ਦਲ ਹੋਂਦ ਵਿੱਚ ਆਏ ਅਤੇ ਭਵਿੱਖ ਵਿੱਚ ਹੋਰ ਬਥੇਰੇ ਆ
ਸਕਦੇ ਹਨ, ਪਰ ਜੋ ਪਿਆਰ ਅਤੇ ਸਤਿਕਾਰ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ
ਹੈ, ਉਹ ਨਾ ਕਿਸੇ ਨੂੰ ਮਿਲਿਆ ਹੈ ਅਤੇ ਨਾ ਕਿਸੇ ਨੂੰ ਮਿਲੇਗਾ, ਕਿਉਕਿ ਕੇਵਲ ਤੇ ਕੇਵਲ
ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਕਸਵੱਟੀ ਉਤੇ ਖਰਾ ਉਤਰਿਆ ਹੈ''। ਇਕ ਹੋਰ ਸਵਾਲ
ਦਾ ਜਵਾਬ ਦਿੰਦੇ ਮੁੱਖ ਮੰਤਰੀ ਪੰਜਾਬ ਨੇ ਸਪਸ਼ਟ ਕੀਤਾ ਕਿ ਸਰਕਾਰ ਦੇ ਵਿੱਚ ਸਾਰੇ ਫੈਸਲੇ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਮਿਲ ਕੇ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ
ਕੈਬਨਿਟ ਮੀਟਿੰਗ ਵਿੱਚ ਦੋਹਾਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੁੰਦੇ ਹਨ ਸੋ ਇਕ ਤਰਫਾ
ਫੈਸਲਾ ਲੈਣਾ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਹੁੰਦਾ। ਲੁਧਿਆਣਾ ਦੇ ਹਸਪਤਾਲ ਵਿੱਚ ਹੋਈ
5 ਬੱਚਿਆਂ ਦੀ ਮੌਤ 'ਤੇ ਦੁੱਖ ਪ੍ਰਗਟਾਉਂਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ
ਦੀ ਜਾਂਚ ਦੇ ਨਿਰਦੇਸ਼ ਦੇ ਚੁੱਕੇ ਹਨ ਅਤੇ ਜਾਂਚ ਵਿੱਚ ਜੋ ਵੀ ਅਧਿਕਾਰੀ ਜਾਂ ਕਰਮਚਾਰੀ
ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਭਗਤਾਂ
ਵਾਲਾ ਵਿਖੇ ਕੂੜਾ ਡੰਪ ਦੇ ਮੁੱਦੇ ਉਤੇ ਬੋਲਦੇ ਸ੍ਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਦਾ
ਹੱਲ ਜਲਦੀ ਹੀ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਨੇ ਇਸ ਦੇ ਸਾਰਥਕ ਹੱਲ ਲਈ ਅਧਿਕਾਰੀਆਂ ਨੂੰ
ਹਦਾਇਤ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਬਾਦਲ ਨੇ
ਕਿਹਾ ਕਿ ਅੰਮ੍ਰਿਤਸਰ ਦਾ ਇਹ ਮੈਡੀਕਲ ਕਾਲਜ ਡਾਕਟਰਾਂ ਦੀ ਨਰਸਰੀ ਕਰਕੇ ਜਾਣਿਆ ਜਾਂਦਾ
ਹੈ ਅਤੇ ਇਸ ਨੇ ਨਾਮਵਰ ਡਾਕਟਰ ਦੇਸ਼ ਨੂੰ ਦਿੱਤੇ ਹਨ। ਇਸ ਤੋਂ ਇਲਾਵਾ ਦੇਸ਼ ਦੀਆਂ ਵੱਡੀਆਂ
ਡਾਕਟਰੀ ਸੰਸਥਾਵਾਂ ਅਤੇ ਹਸਪਤਾਲਾਂ ਨੂੰ ਚਲਾਉਣ ਵਿੱਚ ਵੀ ਇਥੋਂ ਦੇ ਵਿਦਿਆਰਥੀਆਂ ਦਾ
ਵੱਡਾ ਯੋਗਦਾਨ ਰਿਹਾ ਹੈ।
ਸ੍ਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸੰਭਾਲ ਖੇਤਰ
ਵਿੱਚ ਪੰਜਾਬ ਨੂੰ ਆਲਮੀ ਪੱਧਰ ਤੇ ਮਾਡਲ ਸੂਬਾ ਬਣਾਉਣ ਲਈ ਦ੍ਰਿੜ ਹੈ। ਉਨ੍ਹਾਂ ਦੱਸਿਆ ਕਿ
ਚੰਡੀਗੜ੍ਹ ਨੇੜੇ ਮੁੱਲਾਂਪੁਰ ਵਿੱਚ ਕੈਂਸਰ ਦੇ ਇਲਾਜ ਅਤੇ ਖੋਜ ਲਈ ਵੱਡਾ ਕੇਂਦਰ ਉਸਾਰੀ
ਅਧੀਨ ਹੈ। ਇਸ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ
ਵਿੱਚ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਉਚ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਛੇਤੀ ਹੀ
ਬਠਿੰਡਾ ਅਤੇ ਸੰਗਰੂਰ ਵਿਖੇ ਅਜਿਹੇ ਕੇਂਦਰ ਕਾਇਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ
ਕੈਂਸਰ ਰੋਗੀਆਂ ਲਈ ''ਕੈਸ਼ ਲੈਸ ਟਰੀਟਮੈਂਟ'' ਸਕੀਮ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ, ਜਿਸ
ਨਾਲ ਸਾਰਾ ਖਰਚਾ ਸਰਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ
ਸਰਕਾਰ ਹਰ ਜਿਲ੍ਹੇ ਵਿੱਚ ਨਸ਼ਾ ਛਡਾਉ ਕੇਂਦਰ ਅਤੇ ਨਸ਼ਾ ਰੋਗੀਆਂ ਲਈ ਮੁੜ ਵਸੇਬਾ ਕੇਂਦਰ
ਬਣਾ ਰਹੀ ਹੈ, ਜਿਨ੍ਹਾਂ 'ਤੇ ਕਰੋੜਾ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ
ਸਰਕਾਰ ਰਾਜ ਵਿੱਚ ਵੱਧ ਰਹੀ ਬੇਰੁਜ਼ਗਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਕਾਲਜਾਂ
ਵਿੱਚ ਹੁਨਰਮੰਦ ਸਿੱਖਿਆ ਸ਼ੁਰੂ ਕਰ ਰਹੀ ਹੈ ਜਿੱਥੇ ਕਿ ਉਹ ਹੱਥੀ ਕੰਮ ਕਰਨਾ ਸਿੱਖ ਕੇ
ਆਪਣੀ ਰੋਜ਼ੀ-ਰੋਟੀ ਕਮਾ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਹਰ ਸਾਲ ਇਕ ਲੱਖ
ਮੁੰਡੇ-ਕੁੜੀਆਂ ਨੂੰ ਸਿਖਿਅਤ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਇਸ ਮੌਕੇ ਡਾਕਟਰੀ
ਸਿੱਖਿਆ ਵਿੱਚ ਗਰੇਜੂਏਟ ਅਤੇ ਪੋਸਟ ਗਰੇਜੂਏਟ ਡਿਗਰੀਆਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ
ਡਿਗਰੀਆਂ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਤਕਸੀਮ ਕੀਤੀਆਂ। ਜਦ ਕਿ ਵੱਖ
ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਤਗਮੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼
ਸਿੰਘ ਬਾਦਲ ਨੇ ਦਿੱਤੇ। ਸ੍ਰ ਬਾਦਲ ਨੇ ਇਸ ਮੌਕੇ ਸੋਨ ਤਗਮਾ ਹਾਸਲ ਕਰਨ ਵਾਲੇ ਡਾਕਟਰ
ਰਜਤ ਗੁਪਤਾ ਨੂੰ ਇਕ ਲੱਖ ਰੁਪਏ ਦਾ ਚੈਕ ਵੀ ਦਿੱਤਾ।