ਹਰਿਆਣਾ 'ਚ ਨਿਰਮਾਣ ਪ੍ਰੋਜੈਕਟਾਂ 'ਤੇ ਲਗਾਈ ਜਾਵੇਗੀ ਕਾਊਂਟ ਡਾਊਨ ਘੜੀ : ਖੱਟਰ
Posted on:- 24-11-2014
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਦੀਆਂ ਸੜਕਾਂ ਤੇ ਪੁਲਾਂ
'ਤੇ ਲੱਗਣ ਵਾਲੇ ਟੋਲ ਬੈਰੀਅਰਾਂ ਦੇ ਸਬੰਧ 'ਚ ਉਸ ਪ੍ਰੋਜੈਕਟ 'ਤੇ ਹੀ ਕਾਊਂਟ ਡਾਊਨ ਘੜੀ
ਲਗਾਈ ਜਾਵੇਗੀ ਤਾਂ ਜੋ ਲੋਕਾਂ ਦੇ ਮਨ 'ਚ ਕਿਸੇ ਤਰ੍ਹਾਂ ਦਾ ਸ਼ੱਕ ਨਾ ਰਹੇ । ਉਨ੍ਹਾਂ
ਕਿਹਾ ਕਿ ਇਸ ਤੋਂ ਇਲਾਵਾ, ਅਜਿਹਾ ਸਿਸਟਮ ਤਿਆਰ ਕੀਤਾ ਜਾਵੇਗਾ ਕਿ ਵਿਕਾਸ ਕੰਮਾਂ 'ਤੇ
ਖਰਚ ਹੋਇਆ ਇਕ-ਇਕ ਰੁਪਏ ਦਾ ਹਿਸਾਬ ਸਬੰਧਤ ਪ੍ਰੋਜੈਕਟ 'ਤੇ ਲਿਖਿਆ ਜਾਵੇ ।
ਮੁੱਖ ਮੰਤਰੀ
ਅੱਜ ਨਾਰਨੌਲ 'ਚ ਜਿਲ੍ਹਾ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ । ਉਨ੍ਹਾਂ ਅਧਿਕਾਰੀਆਂ
ਨੂੰ ਕਿਹਾ ਕਿ ਕੋਈ ਵੀ ਪ੍ਰੋਜੈਕਟ ਬਣਾਉਂਦੇ ਸਮੇਂ ਉਸ 'ਤੇ ਖਰਚ ਕੀਤੀ ਜਾਣ ਵਾਲੀ ਰਕਮ ਦਾ
ਪੂਰਾ ਵੇਰਵਾ ਲਿਖਿਆ ਜਾਵੇ । ਪ੍ਰੋਜੈਕਟ ਵਿਚ ਕਿੰਨੀਆਂ ਇੱਟਾਂ, ਸੀਮੇਂਟ, ਲੋਹਾ,
ਰੇਤ-ਬਜਰੀ ਆਦਿ ਤਕ ਦਾ ਵੀ ਲੇਖਾ ਜੋਖਾ ਲਿਖਿਆ ਜਾਵੇ ਤਾਂ ਜੋ ਆਮ ਆਦਮੀ ਨੂੰ ਪ੍ਰੋਜੈਕਟ
'ਤੇ ਹੋਏ ਖਰਚੇ ਦੀ ਸਹੀ ਜਾਣਕਾਰੀ ਮਿਲ ਸਕੇ । ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ
ਕਿ ਸਰਕਾਰ ਤੁਹਾਨੂੰ ਚੰਗੀ ਤਨਖਾਹ ਅਤੇ ਹੋਰ ਸਹੂਲਤਾਂ ਦਿੰਦੀ ਹੈ । ਕਰਮਚਾਰੀਆਂ ਦੀ ਭਲਾਈ
ਨੂੰ ਲੈ ਕੇ ਸਰਕਾਰ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਫਿਰ ਵੀ ਵਿਕਾਸ ਕੰਮਾਂ ਨੂੰ ਲੈ ਕੇ
ਜਮੀਨ 'ਤੇ ਚੰਗੇ ਨਤੀਜੇ ਨਹੀਂ ਦਿਸ ਰਹੇ । ਉਨ੍ਹਾਂ ਕਿਹਾ ਕਿ ਕੁਝ ਅਧਿਕਾਰੀਆਂ ਨੂੰ
ਪੈਸੇ ਅਤੇ ਪਾਵਰ ਦਾ ਇੰਨ੍ਹਾਂ ਜ਼ਿਆਦਾ ਨਸ਼ਾ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਗਰੀਬ ਲੋਕਾਂ
ਦੀਆਂ ਸਮੱਸਿਆਵਾਂ ਦਿਖਾਈ ਨਹੀਂ ਦਿੰਦੀਆਂ । ਸ੍ਰੀ ਖੱਟਰ ਨੇ ਕਿਹਾ ਕਿ ਸ਼ਕਤੀਆਂ ਦਾ
ਕੇਂਦਰੀਕਰਣ ਹੋਣ ਕਾਰਣ ਉਨ੍ਹਾਂ ਦੀ ਦੁਰਵਰਤੋਂ ਹੋ ਰਹੀ ਹੈ । ਇਸ ਲਈ ਸਾਨੂੰ ਅਜਿਹੀ
ਵਿਵਸਥਾ ਤਿਆਰ ਕਰਨੀ ਹੋਵੇਗੀ ਕਿ ਸ਼ਕਤੀਆਂ ਦਾ ਪੂਰੀ ਤਰ੍ਹਾਂ ਨਾਲ ਵਿਕੇਂਦਰੀਕਰਣ ਹੋਵੇ ।
ਉਨ੍ਹਾਂ ਕਿਹਾ ਕਿ ਜਮੀਨ ਦੀ ਰਜਿਸਟਰੀ ਆਨ-ਲਾਇਨ ਕਰਨਾ, ਸੱਭ ਤਰ੍ਹਾਂ ਦੀਆਂ ਪੈਨਸ਼ਨਾਂ,
ਬੈਂਕਾਂ ਰਾਹੀਂ ਦੇਣਾ ਅਤੇ ਥਾਣਿਆਂ ਵਿਚ ਜੀਰੋ ਐਫਆਈਆਰਜ਼ ਦਰਜ ਹੋਣਾ ਆਦਿ ਸਰਕਾਰ ਦੀਆਂ
ਪਹਿਲ ਕਦਮੀਆਂ ਹਨ । ਇਸ ਤੋਂ ਬਾਅਦ ਜੰਗ ਲੱਗੇ ਇਸ ਸਿਸਟਮ ਵਿਚ ਸੁਧਾਰ ਆਵੇਗਾ ਤੇ ਸੂਬੇ
ਵਿਚ ਕੰਮ ਕਲਚਰ ਬਦਲੇਗਾ ।
ਮੁੱਖ ਮੰਤਰੀ ਨੇ ਕਿਹਾ ਕਿ ਸੱਭ ਤਰ੍ਹਾਂ ਦੀ ਪੈਨਸ਼ਨ
ਫਰਵਰੀ, 2015 ਤੋਂ ਬੈਂਕਾਂ ਰਾਹੀਂ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸੂਬੇ ਵਿਚ 80
ਫੀਸਦੀ ਲਾਭਪਾਤਰੀਆਂ ਦੇ ਬੈਂਕ ਅਕਾਊਂਟ ਹਨ । ਉਨ੍ਹਾਂ ਕਿਹਾ ਕਿ ਬਕਾਇਆ 20 ਫੀਸਦੀ ਦੇ
ਬੈਂਕ ਅਕਾਊਂਟ ਖੁਲ੍ਹਵਾਏ ਜਾਣਗੇ । ਇਸ ਵਿਵਸਥਾ ਵਿਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਜਾਂ
ਦਿਕੱਤ ਨਹੀਂ ਆਵੇਗੀ । ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬੈਂਕ ਵਿਚ ਜਾਣ ਤੋਂ
ਅਸਮੱਰਥ ਹੋਵੇ ਤਾਂ ਉਹ ਆਪਣੇ ਵੱਲੋਂ ਇਕ ਨਿਰਧਾਰਤ ਵਿਅਕਤੀ ਦਾ ਪ੍ਰਮਾਣ-ਪੱਤਰ ਦੇ ਸਕਦਾ
ਹੈ, ਜੋ ਉਸ ਨੂੰ ਘਰ 'ਚ ਪੈਨਸ਼ਨ ਦੇਣ ਦਾ ਜਿੰਮੇਵਾਰ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਤੋਂ
ਇਲਾਵਾ ਸਮਾਜਿਕ ਸੰਸਥਾਵਾਂ ਨੂੰ ਇਕ ਨਿਰਧਾਰਿਤ ਸਰਵਿਸ ਚਾਰਜ ਦੇ ਕੇ ਵੀ ਘਰ 'ਚ ਹੀ
ਪੈਨਸ਼ਨ ਲੈਣ ਦਾ ਕੰਮ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਹੋਲੀ-ਹੋਲੀ ਅਜਿਹੀ ਵਿਵਸਥਾ
ਬਣਾਵਾਂਗੇ ਕਿ ਲੋਕਾਂ ਨੂੰ ਪੈਨਸ਼ਨ ਲੈਣ ਵਿਚ ਕੋਈ ਦਿਕੱਤ ਜਾਂ ਪ੍ਰੇਸ਼ਾਨੀ ਨਹੀਂ ਹੋਵੇਗੀ ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਸਰਕਾਰ ਨੂੰ ਪਾਰਦਰਸ਼ੀ ਬਣਾਇਆ ਜਾਵੇਗਾ ਅਤੇ
ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੀ ਵਿਵਸਥਾ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਲਈ
ਸਾਡੇ ਕੋਲ ਆਦਰਸ਼ ਵੱਜੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਨ, ਜਿੰਨ੍ਹਾਂ ਨੇ ਕਿਹਾ ਹੈ ਕਿ
ਉਹ ਨਾ ਤਾਂ ਰਿਸ਼ਵਤ ਦਾ ਪੈਸਾ ਖਾਣਗੇ ਅਤੇ ਨਾ ਹੀ ਕਿਸੇ ਨੂੰ ਖਾਣ ਦੇਣਗੇ । ਅਧਿਕਾਰੀ
ਸੇਵਕ ਬਣ ਕੇ ਕੰਮ ਕਰੇ । ਉਨ੍ਹਾਂ ਕਿਹਾ ਕਿ ਵਿਵਸਥਾ ਸੁਧਾਰਨ ਲਈ ਚੰਗੇ ਸੰਸਕਾਰ ਤੇ ਦੰਡ
ਦੋਵੇਂ ਤਰ੍ਹਾਂ ਦੇ ਤਰੀਕੇ ਅਪਨਾਵਾਗੇ ਤਾਂ ਜੋ ਚੰਗੇ ਕੰਮ ਕਰਨ ਵਾਲੇ ਅਧਿਕਾਰੀ ਉਤਸ਼ਾਹਿਤ
ਹੋਣ ਤੇ ਗਲਤ ਕੰਮ ਕਰਨ ਵਾਲੇ ਅਧਿਕਾਰੀ ਦੇ ਮਨ ਵਿਚ ਡਰ ਰਹੇ । ਇਸ ਮੌਕੇ ਸਿੱਖਿਆ
ਮੰਤਰੀ ਰਾਮ ਬਿਲਾਸ ਸ਼ਰਮਾ, ਅਟੇਲੀ ਦੀ ਵਿਧਾਇਕਾ ਸੰਤੋਸ਼ ਯਾਦਵ, ਨਾਂਗਲ ਚੌਧਰੀ ਦੇ ਵਿਧਾਇਕ
ਡਾ. ਅਭੈ ਸਿੰਘ, ਨਾਰਨੌਲ ਦੇ ਵਿਧਾਇਕ ਓਮ ਪ੍ਰਕਾਸ਼ ਯਾਦਵ, ਕਮਿਸ਼ਨਰ ਪ੍ਰਦੀਪ ਕਾਸਨੀ,
ਆਈ.ਜੀ. ਮਮਤਾ ਸਿੰਘ, ਡਿਪਟੀ ਕਮਿਸ਼ਨਰ ਅਤੁਲ ਕੁਮਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ
ਸੀਨੀਅਰ ਅਧਿਕਾਰੀ ਤੇ ਪਾਰਟੀ ਕਾਰਕੁਨ ਹਾਜ਼ਰ ਸਨ।