ਸਤਲੋਕ ਆਸ਼ਰਮ 'ਚ ਖਾਲੀ ਮਿਲੇ ਲਾਕਰ
Posted on:- 23-11-2014
9 ਰਾਇਫਲਾਂ ਤੇ 50 ਹਜ਼ਾਰ ਲਾਠੀਆਂ ਬਰਾਮਦ
ਹਿਸਾਰ, ਬਰਵਾਲਾ : ਰਾਮਪਾਲ
ਨੂੰ ਲੈ ਕੇ ਅੱਜ ਹਰਿਆਣਾ ਪੁਲਿਸ ਦੁਪਹਿਰ ਵੇਲੇ ਬਰਵਾਲਾ ਸਥਿਤ ਸੰਤ ਆਸ਼ਰਮ ਵਿਖੇ
ਪਹੁੰਚੀ। ਸੂਤਰਾਂ ਮੁਤਾਬਕ ਪੁਲਿਸ ਨੇ ਰਾਮਪਾਲ ਰਾਹੀਂ ਆਸ਼ਰਮ ਦੇ ਇਲੈਕਟ੍ਰਾਨਿਕ ਦਰਵਾਜ਼ਿਆਂ
ਤੇ ਲਾਕਰਾਂ ਨੂੰ ਖੁਲ੍ਹਵਾਇਆ, ਜਿਨ੍ਹਾਂ ਨੂੰ ਬਿਨਾਂ ਪਾਸਵਰਡ ਦੇ ਖੋਲ੍ਹਣਾ ਨਾਮੁਮਕਿਨ
ਸੀ।
ਮਿਲੀਆਂ ਰਿਪੋਰਟਾਂ ਮੁਤਾਬਕ ਸੰਤ ਰਾਮਪਾਲ ਦੇ ਲਾਕਰ ਖਾਲੀ ਮਿਲੇ ਅਤੇ ਪੁਲਿਸ ਉਸ
ਨੂੰ ਲੈ ਕੇ ਆਸ਼ਰਮ 'ਚ ਕਰੀਬ 50 ਮਿੰਟ ਤੱਕ ਰਹੀ। ਇਸੇ ਦਰਮਿਆਨ ਸਤਲੋਕ ਆਸ਼ਰਮ 'ਚ ਪੁਲਿਸ
ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਸੂਤਰਾਂ ਅਨੁਸਾਰ ਆਸ਼ਰਮ 'ਚੋਂ 50 ਹਜ਼ਾਰ ਲਾਠੀਆਂ ਅਤੇ 9
ਰਾਇਫਲਾਂ ਬਰਾਮਦ ਕੀਤੀਆਂ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਲਾਠੀਆਂ ਅਤੇ ਰਾਇਫ਼ਲਾਂ ਦਾ
ਇਸਤੇਮਾਲ ਰਾਮਪਾਲ ਦੀ ਨਿੱਜੀ ਸੁਰੱਖਿਆ ਕਰਦੀ ਸੀ। ਰਾਮਪਾਲ ਦੀ ਬੁਲੇਟ ਪਰੂਫ਼ ਗੱਡੀ ਅਤੇ
ਲਗਜ਼ਰੀ ਬੱਸ ਸਮੇਤ 88 ਵਾਹਨ ਬਰਾਮਦ ਕੀਤੇ ਗਏ ਹਨ। ਇਕ ਜਿਪਸੀ, ਦੋ ਟਰੈਕਟਰ-ਟਰਾਲੀਆਂ ਅਤੇ
ਤੇਲ ਦਾ ਇਕ ਟੈਂਕਰ ਵੀ ਮਿਲਿਆ ਹੈ, ਜਿਸ 'ਚ 12 ਸੌ ਲੀਟਰ ਮਿੱਟੀ ਦਾ ਤੇਲ ਹੈ। ਕਰੀਬ
ਸਾਢੇ ਤਿੰਨ ਲੱਖ ਰੁਪਏ ਦੀ ਨਕਦੀ ਵੀ ਮਿਲੀ ਹੈ।
ਇਸ ਤੋਂ ਇਲਾਵਾ ਕੰਮਾਂਡੋ ਦੀਆਂ 400
ਵਰਦੀਆਂ, 8 ਹਾਰਡ ਡਿਸਕਾਂ ਵੀ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਤਿੰਨ ਵਿਅਕਤੀ ਆਸ਼ਰਮ
'ਚ ਲੁਕੇ ਹੋਏ ਮਿਲੇ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਇਸ ਤੋਂ
ਪਹਿਲਾਂ ਰਾਮਪਾਲ ਨੇ ਸਤਲੋਕ ਆਸ਼ਰਮ 'ਚ ਗਲਤ ਕੰਮ ਹੋਣ ਦੀ ਗੱਲ ਵੀ ਕਬੂਲ ਕਰ ਲਈ
ਹੈ।ਹਾਲਾਂਕਿ ਉਸ ਨੇ ਸਾਰੇ ਅਨੈਤਿਕ ਕੰਮਾਂ ਦਾ ਠੀਕਰਾ ਆਪਣੇ ਕਰਮਾਂ 'ਤੇ ਭੰਨਦਿਆਂ ਖੁਦ
ਨੂੰ ਦਾਮਨਪਾਕ ਦੱਸਿਆ।
ਇਕ ਹਿੰਦੀ ਅਖ਼ਬਾਰ 'ਚ ਛਪੀ ਖ਼ਬਰ ਮੁਤਾਬਕ ਆਸ਼ਰਮ 'ਚ ਗਲਤ ਕੰਮ
ਹੋਣ ਨਾਲ ਜੁੜੇ ਸਵਾਲ 'ਤੇ ਰਾਮਪਾਲ ਨੇ ਕਿਹਾ ਕਿ ਆਸ਼ਰਮ 'ਚ ਗਲਤ ਕੰਮ ਹੋਏ, ਪਰ ਮੈਂ ਨਹੀਂ
ਕੀਤੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਗਲਤ ਕੰਮ ਕਿਸ ਨੇ ਕੀਤੇ ਹਨ ਤਾਂ ਰਾਮਪਾਲ
ਨੇ ਇਸ ਦੇ ਲਈ ਸੇਵਾਦਾਰ ਅਤੇ ਕਮੇਟੀ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਆਸ਼ਰਮ 'ਚ ਹਰ
ਥਾਂ 'ਤੇ ਸੀਸੀਟੀਵੀ ਕੈਮਰੇ ਲੱਗੇ ਹੋਣ ਬਾਰੇ ਰਾਮਪਾਲ ਨੇ ਕਿਹਾ ਕਿ ਇਹ ਸ਼ਰਧਾਲੂਆਂ ਦੇ
ਸਮਾਨ ਦੀ ਸੁਰੱਖਿਆ ਲਈ ਲਗਾਏ ਗਏ ਹਨ। ਹਾਲਾਂਕਿ ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ
ਔਰਤਾਂ ਦੇ ਪਖਾਨਿਆਂ 'ਚ ਵੀ ਸੀਸੀਟੀਵੀ ਕੈਮਰੇ ਲੱਗੇ ਸਨ। ਰਿਮਾਂਡ ਦੌਰਾਨ ਪੁੱਛਗਿੱਛ 'ਚ
ਰਾਮਪਾਲ ਪੁਲਿਸ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਸਵਾਲਾਂ ਦੇ ਜੁਆਬ ਉਹ ਉਲਟੇ
ਸਿੱਧੇ ਦੇ ਰਿਹਾ ਹੈ।