ਪੰਜਾਬੀ ਯੂਨੀਵਰਸਿਟੀ ਵਿਦਿਆਰਥੀਆਂ ਤੇ ਪ੍ਰਸ਼ਾਸਨ 'ਚ ਜਬਰਦਸਤ ਝੜਪ
Posted on:- 20-11-2014
ਪਟਿਆਲਾ : ਪੰਜਾਬੀ
ਯੂਨੀਵਰਸਿਟੀ ਵਿਖੇ ਅੱਜ ਆਪਣੀਆਂ ਮੰਗਾਂ ਲਾਗੂ ਮਨਵਾਉਣ ਲਈ ਸਮੂਹ ਵਿਦਿਆਰਥੀ ਜਥੇਬੰਦੀਆਂ
ਐਸਐਫ਼ਆਈ, ਏਐਸਆਈਐਫ਼, ਪੀਯੂਆਰਐਸਏ, ਯੂਐਸਓ ਵੱਲੋਂ ਲਗਾਏ ਧਰਨੇ ਦੌਰਾਨ ਪੁਲਿਸ ਤੇ
ਵਿਦਿਆਰਥੀਆਂ ਵਿਚਕਾਰ ਜਬਰਦਸਤ ਝੜੱਪ ਹੋ ਗਈ। ਇਸ ਝੜਪ ਦੌਰਾਨ ਇਕ ਡੀਐਸਪੀ ਦੀ ਪੱਗ ਵੀ
ਲੱਥ ਗਈ ਐਸਡੀਐਮ ਤੇ ਕਈ ਪੁਲਿਸ ਮੁਲਾਜ਼ਮਾਂ ਸਮੇਤ ਕਈ ਵਿਦਿਆਰਥੀ ਵੀ ਜ਼ਖ਼ਮੀ ਹੋ ਗਏ।
ਇਨ੍ਹਾਂ ਵਿੱਚੋਂ ਕੁਝ ਨੂੰ ਡਿਸਪੈਂਸਰੀ ਵਿਚ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ।
ਜਦਕਿ
ਐਸਡੀਐਮ ਗੁਰਪਾਲ ਸਿੰਘ ਚਹਿਲ, ਐਸਐਚਓ ਗੁਰਪ੍ਰਤਾਪ ਸਿੰਘ, ਹੌਲਦਾਰ ਦਵਿੰਦਰ ਸਿੰਘ,
ਕਾਂਸਟੇਬਲ ਨਿਰਭੈ ਸਿੰਘ ਅਤੇ ਡੀਐਸਪੀ ਹਰਪਾਲ ਸਿੰਘ ਦਾ ਗੰਨਮੈਨ ਰਘਵੀਰ ਸਿੰਘ ਸਮੇਤ ਕਈ
ਵਿਦਿਆਰਥੀ ਹਸਪਤਾਲ ਜੇਰੇ ਇਲਾਜ ਹਨ। ਦੂਜੇ ਪਾਸੇ ਉਪ ਕੁਲਪਤੀ ਡਾ. ਜਸਪਾਲ ਸਿੰਘ, ਡਿਪਟੀ
ਕਮਿਸ਼ਨਰ ਵਰੁਣ ਰੂਜ਼ਮ, ਐਸਐਸਪੀ ਹਰਦਿਆਲ ਸਿੰਘ ਵਲੋਂ ਵਿਦਿਆਰਥੀਆਂ ਨਾਲ ਮਸਲੇ ਨੂੰ ਹੱਲ
ਕਰਨੇ ਦੇ ਯਤਨ ਜਾਰੀ ਰਹੇ ਪ੍ਰੰਤੂ ਸਮੂਹ ਜਥੇਬੰਦੀਆਂ ਦੇ ਵਿਦਿਆਰਥੀ ਆਪਣੀਆਂ ਮੰਗਾਂ ਹੱਲ
ਕਰਵਾਉਣ 'ਤੇ ਅੜੇ ਰਹੇ। ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥੀ
ਜਥੇਬੰਦੀਆਂ ਐਸ.ਐਫ.ਆਈ, ਏ.ਆਈ.ਐਸ.ਐਫ, ਪੀ.ਯੂ.ਆਰ.ਐਸ.ਏ, ਯੂ.ਐਸ.ਓ ਵਲੋਂ ਮੰਨੀਆਂ ਮੰਗਾਂ
ਨੂੰ ਮਨਵਾਉਣ ਲਈ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਬੰਦ ਰਕਦਿਆਂ ਸਵੇਰੇ 9 ਵਜੇ
ਤੋਂ ਧਰਨਾ ਸ਼ੁਰੂ ਕੀਤਾ ਗਿਆ। ਜਿਸ ਕਾਰਨ ਵੱਡੀ ਗਿਣਤੀ ਯੂਨੀਵਰਸਿਟੀ ਸਟਾਫ ਤੇ ਵਿਦਿਆਰਥੀ
ਗੇਟ 'ਤੇ ਹੀ ਇਕੱਤਰ ਹੋ ਗਏ। ਡੀ.ਐਸ.ਪੀ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲਸ
ਪਾਰਟੀ ਮੌਕੇ 'ਤੇ ਪੁੱਜੀ। ਡੀ.ਐਸ.ਪੀ ਵਲੋਂ ਵਿਦਿਆਰਥੀਆਂ ਨੂੰ ਗੇਟ ਖੋਲਣ ਤੇ ਬੈਠ ਕੇ
ਗੱਲ ਕਰਨ ਲਈ ਵੀ ਕਿਹਾ ਗਿਆ ਪਰ ਕਿਸੇ ਨੇ ਇਕ ਨਾ ਸੁਣੀ। ਇਸੇ ਦੌਰਾਨ ਗੇਟ 'ਤੇ ਖੜੇ ਇਕ
ਵਿਦਿਆਰਥੀਆਂ ਨੂੰ ਥੱਲੇ ਉਤਰ ਕੇ ਗਲ ਕਰਨ ਲਈ ਕਿਹਾ ਤਾਂ ਪੁਲਿਸ ਤੇ ਵਿਦਿਆਰਥੀਆਂ ਵਿਚ
ਹੱਥੋਪਾਈ ਸ਼ੁਰੂ ਹੋ ਗਈ ਤੇ ਇਸ ਭੀੜ ਵਿਚ ਡੀ.ਐਸ.ਪੀ ਦੀ ਪੱਗ ਵੀ ਲੱਥ ਗਈ। ਜਿਸ ਤੋਂ ਬਾਅਦ
ਭੜਕੀ ਪੁਲਸ ਫੋਰਸ ਵਲੋਂ ਲਾਠੀਚਾਰਜ ਸ਼ੁਰੂ ਕਰ ਦਿੱਤਾ ਜਿਸਦਾ ਵਿਰੋਧ ਕਰਦਿਆਂ
ਯੂਨੀਵਰਸਿਟੀ ਗੇਟ ਦੇ ਅੰਦਰ ਖੜੇ ਵਿਦਿਆਰਥੀਆਂ ਵਲੋਂ ਭਾਰੀ ਪੱਥਰਬਾਜੀ ਕੀਤੀ ਗਈ। ਸਥਿਤੀ
ਬੇਕਾਬੂ ਹੁੰਦੀ ਦੇਖ ਪੁਲਸ ਪਾਰਟੀ ਵਲੋਂ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ। ਵਿਦਿਆਰਥੀਆਂ
ਦੀ ਭੜਕੀ ਭੀੜ ਵਲੋਂ ਇਕ ਇਨੋਵਾ ਕਾਰ 'ਤੇ ਵੀ ਹਮਲਾ ਕਰ ਦਿੱਤਾ। ਐਸ.ਐਫ.ਆਈ ਦੇ ਸੂਬਾ
ਪ੍ਰਧਾਨ ਹਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਤੋਂ ਮੰਨੀਆਂ
ਪੁਰਾਣੀਆਂ ਮੰਗਾਂ ਲਾਗੂ ਕਰਵਾਉਣ ਤੇ ਨਵੀਂਆਂ ਮੰਗਾਂ ਮਨਵਾਉਣ ਲਈ ਮੁੱਖ ਗੇਟ ਬੰਦ ਕਰਕੇ
ਸ਼ਾਂਤੀਪੂਰਨ ਧਰਨਾ ਦੇ ਰਹੇ ਸਨ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਇਸ਼ਾਰੇ 'ਤੇ ਪੁਲਿਸ ਨੇ
ਗੇਟ 'ਤੇ ਖੜੇ ਵਿਦਿਆਰਥੀ ਨੂੰ ਧੱਕੇ ਨਾਲ ਉਤਾਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ
ਪੁਲਿਸ ਦੀ ਭੀੜ ਵਿੱਚ ਹੀ ਡੀ.ਐਸ.ਪੀ ਦੀ ਪੱਗ ਉਤਰ ਗਈ। ਇਸ ਤੋਂ ਬਾਅਦ ਤੈਸ਼ ਵਿੱਚ ਆਈ
ਪੁਲਿਸ ਨੇ ਵਿਦਿਆਰਥੀਆਂ 'ਤੇ ਅੰਨ੍ਹੇ ਵਾਹ ਲਾਠੀਚਾਰਜ ਕੀਤਾ ਜਿਸ ਐਸ.ਐਫ.ਆਈ ਦੇ ਯੂਨਿਟ
ਪ੍ਰਧਾਨ ਜਸਪ੍ਰੀਤ ਸਿੰਘ, ਗਗਨਦੀਪ, ਹਰਪ੍ਰੀਤ ਸਿੰਘ, ਸੰਸਾਰ ਮਾਨ ਸਮੇਤ ਉਹ ਖੁਦ ਜ਼ਖਮੀ ਹੋ
ਗਿਆ। ਇਸ ਤੋਂ ਇਲਾਵਾ ਏ.ਆਈ.ਐਸ.ਐਫ ਦਾ ਸੂਬਾ ਪ੍ਰਧਾਨ ਸੁਮਿਤ ਸ਼ੰਮੀਂ ਸਮੇਤ
ਪੀ.ਯੂ.ਆਰ.ਐਸ.ਏ ਦਾ ਯੂਨਿਟ ਪ੍ਰਧਾਨ ਇੰਦਰਜੀਤ ਸਿੰਘ ਅਤੇ ਕੁਲਦੀਪ ਸਿੰਘ ਜ਼ਖਮੀ ਹੋ ਗਿਆ
ਜਦਕਿ ਗੁਰਮਨ ਸਿੰਘ ਦੇ ਗੁਟੱ ਦੀ ਹੱਡੀ ਟੁੱਟ ਗਈ। ਹਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ
ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੁਲਿਸ ਵੱਲੋਂ ਕੀਤੇ ਜਾਂਦੇ ਤਸ਼ੱਦਦ ਦੀ
ਪਰਵਾਹ ਕੀਤੇ ਬਿਨਾਂ ਆਪਣੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ। ਇਸ ਝਪੜ ਦੌਰਾਨ ਇਕ
ਵਿਦਿਆਰਥਣ ਹੰਝੂ ਗੈਸ ਚੜਨ ਕਾਰਨ ਬੇਹੋਸ਼ ਹੋ ਗਈ ਜਦੋਂ ਕਿ ਇਕ ਜਖਮੀਂ ਹੋ ਗਈ ਤੇ ਦੋ
ਲੜਕਿਆਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਯੂਨੀਵਰਸਿਟੀ ਦੇ ਡਿਸਪੈਂਸਰੀ ਵਿਚ ਇਲਾਜ ਤੋਂ
ਬਾਅਦ ਛੁੱਟੀ ਦੇ ਦਿੱਤੀ ਗਈ। ਇਸੇ ਦੋਰਾਨ ਕਈ ਪੁਲਸ ਮੁਲਾਜਮ ਜਖਮੀਂ ਹੋਏ, ਜਿਨ੍ਹਾਂ ਨੂੰ
ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਐਸ.ਐਸ.ਪੀ ਹਰਦਿਆਲ ਸਿੰਘ
ਮਾਨ ਵੱਖ ਵੱਖ ਥਾਣਿਆਂ ਦੀ ਪੁਲਸ ਪਾਰਟੀਆਂ ਦੇ ਨਾਲ ਮੌਕੇ 'ਤੇ ਪੁੱਜ ਕੇ ਸਥਿਤੀ ਨੂੰ
ਕਾਬੂ ਵਿਚ ਕੀਤਾ। ਜਦੋਂ ਕਿ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਨੇ ਮੌਕੇ 'ਤੇ ਪੁੱਜ ਕੇ
ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਦਾ ਭਰੋਸਾ
ਦਿੱਤਾ। ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਾਰੀਆਂ ਮੰਗਾਂ ਮੰਨੇ ਜਾਣ ਤੱਕ
ਉਨ੍ਹਾਂ ਦਾ ਸ਼ਾਂਤੀਮਈ ਧਰਨਾਂ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਜਾਰੀ ਰਹੇਗਾ। ਦੂਜੇ ਪਾਸੇ
ਵਿਦਿਆਰਥੀਆਂ ਦੇ ਵਫਦ, ਯੂਨੀਵਰਸਿਟੀ ਤੇ ਜਿਲ੍ਹਾ ਪ੍ਰਸਾਸ਼ਨ ਵਿਚਕਾਰ ਗੱਲਬਾਤ ਦਾ
ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਿਹਾ। ਇਸ ਘਟਨਾ ਦੀ ਨਿਖੇਧੀ ਕਰਦਿਆਂ ਸੀ.ਪੀ.ਆਈ.ਐਮ ਦੇ
ਜ਼ਿਲਾ ਸਕੱਤਰ ਕਾਮਰੇਡ ਗੁਰਦਰਸ਼ਨ ਸਿੰਘ ਅਤੇ ਕਾਮਰੇਡ ਧਰਮ ਪਾਲ ਸੀਲ ਨੇ ਕਿਹਾ ਕਿ ਆਪਣੀਆਂ
ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਵਿਦਿਆਥੀਆਂ 'ਤੇ ਇਸ ਤਰੀਕੇ ਨਾਲ
ਤਸ਼ੱਦਦ ਕਰਨਾ ਲੋਕਤੰਤਰ ਦਾ ਘਾਣ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ
ਵਿਦਿਆਰਥੀਆਂ ਸਮੇਤ ਉਹਨਾਂ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ 'ਤੇ ਜ਼ੁਲਮ ਢਾਹੁਣ 'ਤੇ ਲੱਗੀ
ਹੈ ਜੋ ਵੀ ਪੰਜਾਬ ਅੰਦਰ ਆਪਣੇ ਹੱਕਾਂ ਲਈ ਡਟਦਾ ਹੈ।
ਇਸ ਘਟਨਾ ਬਾਬਤ ਆਮ ਆਦਮੀ
ਪਾਰਟੀ ਦੇ ਐਮਪੀ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪਣੇ
ਹੱਕਾਂ ਲਈ ਸੰਘਰਸ਼ ਕਰ ਰਹੇ ਵਿਦਿਆਰੀਥਆਂ 'ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ,
ਜਦਕਿ ਇਸ ਮਸਲੇ ਦਾ ਹੱਲ ਪਿਆਰ ਨਾਲ ਬੈਠ ਕੇ ਨਿਕਲ ਸਕਦਾ ਸੀ। ਉਨ੍ਹਾਂ ਉਪ-ਕੁਲਪਤੀ ਨੂੰ
ਅਪੀਲ ਕਰਦਿਆਂ ਕਿਹਾ ਕਿ ਉਹ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਵਿਦਿਆਰਥੀਆਂ ਦੀਆਂ
ਸਮੱਸਿਆਵਾਂ ਦਾ ਫੌਰੀ ਯੋਗ ਹੱਲ ਕੱਢਣ ਅਤੇ ਕੈਂਪਸ ਅੰਦਰ ਪੁਲਿਸ ਦੇ ਦਾਖਲੇ 'ਤੇ ਰੋਕ ਲਗਾ
ਕੇ ਮਾਹੌਲ ਨੂੰ ਸੁਖਾਵਾ ਬਣਾਉਣ ਵਿੱਚ ਆਪਣਾ ਬਜ਼ੁਰਗਾਨਾ ਰੋਲ ਅਦਾ ਕਰਨ।
-----
ਐਸਐਫ਼ਆਈ ਵੱਲੋਂ ਲਾਠੀਚਾਰਜ਼ ਦੀ ਨਿਖੇਧੀ
ਚੰਡੀਗੜ੍ਹ
: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਯੂਨੀਵਰਸਿਟੀ ਦੀਆਂ ਲੋਕਲ ਮੰਗਾਂ ਨੂੰ ਲੈ ਕੇ
ਐਸਐਫ਼ਆਈ ਸਮੇਤ ਚਾਰ ਵਿਦਿਆਰਥੀ ਜਥੇਬੰਦੀਆਂ ਸ਼ਾਂਤੀਪੁਰਵਕ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ ।
ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀ ਵਿਰੋਧ ਨੂੰ ਦਬਾਉਣ ਦੇ ਲਈ ਪੁਲਿਸ ਦਾ ਸਾਹਰਾ ਲੈ ਕੇ
ਵਿਦਿਆਰਥੀਆ ਉਪਰ ਲਾਠੀਚਾਰਜ਼ ਕੀਤਾ ਗਿਆ ਜਿਸ ਵਿੱਚ ਐਸਐਫ਼ਆਈ ਦੇ ਸੂਬਾ ਪ੍ਰਧਾਨ ਸਾਥੀ
ਹਰਿੰਦਰ ਸਿੰਘ ਬਾਜਵਾ, ਜਸਪ੍ਰੀਤ ਸੰਧੂ, ਗਗਨਦੀਪ ਸਿੰਘ ਅਤੇ ਹੋਰ ਵਿਦਿਆਰਥੀ
ਜੱਥੇਬਦੀਆਂ ਦੇ ਆਗੂ ਜ਼ਖਮੀ ਹੋਏ । ਐਸ਼ਐਫ਼ਆਈ ਦੀ ਸੂਬਾ ਵਰਕਿੰਗ ਕਮੇਟੀ ਵਿਦਿਆਰਥੀਆਂ ਉਪਰ
ਹੋਏ ਲਾਠੀਚਾਰਜ਼ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ । ਐਸਐਫ਼ਆਈ ਦੇ ਕੇਂਦਰੀ ਕਮੇਟੀ
ਮੈਂਬਰ ਸਾਥੀ ਸਵਰਨਜੀਤ ਸਿੰਘ ਦਲਿਓ ਅਤੇ ਸੂਬਾ ਸਕੱਤਰ ਸਾਥੀ ਰਵਿੰਦਰ ਸਿੰਘ ਨੇ ਪ੍ਰੈਸ ਦੇ
ਨਾਂ ਤੇ ਸਾਂਝਾ ਵਿਆਨ ਜਾਰੀ ਕਰਦਿਆ ਉਪਰੋਕਤ ਲਾਠੀਚਾਰਜ਼ ਦੀ ਸਖਤ ਸ਼ਬਦਾ ਵਿੱਚ ਨਿਖੇਧੀ
ਕੀਤੀ । ਆਗੂਆਂ ਨੇ ਕਿਹਾ ਕਿ ਵਿਰੋਧ ਨੂੰ ਦਬਾਉਣ ਦੇ ਲਈ ਲਾਠੀਚਾਰਜ਼ ਕਰਨਾ ਅਣਮਨੁੱਖੀ
ਵਤੀਰਾਂ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਹੈ । ਆਗੁਆਂ ਨੇ ਮੰਗ ਕੀਤੀ ਹੈ ਕਿ
ਲਾਠੀਚਾਰਜ਼ ਕਰਵਾਉਣ ਵਾਲੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀਆਂ
ਨੂੰ ਬਰਖਾਸ਼ਤ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੀਆਂ ਮੰਗਾ ਤੁਰੰਤ ਮੰਨੀਆ ਜਾਣ ।