ਸ੍ਰੀਲੰਕਾ : ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ 5 ਭਾਰਤੀ ਮਛੇਰੇ ਰਿਹਾਅ
Posted on:- 19-11-2014
ਨਵੀਂ
ਦਿੱਲੀ : ਸ੍ਰੀਲੰਕਾ ਨੇ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਮੌਤ
ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜ ਭਾਰਤੀ ਮਛੇਰਿਆਂ ਨੂੰ ਅੱਜ ਰਿਹਾਅ ਕਰ ਦਿੱਤਾ ਹੈ।
ਹਾਲਾਂਕਿ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਕਿਹੜੀਆਂ ਸ਼ਰਤਾਂ 'ਤੇ ਇਨ੍ਹਾਂ ਨੂੰ ਰਿਹਾਅ
ਕੀਤਾ ਗਿਆ ਹੈ। ਹਾਈ ਕੋਰਟ ਦੀ ਜੱਜ ਪ੍ਰੀਤੀ ਪਦਾਨ ਸੁਰਾਸੇਨਾ ਨੇ ਭਾਰਤ ਤੇ ਸ੍ਰੀਲੰਕਾ ਦੇ
ਦਰਮਿਆਨ ਹੈਰੋਇਨ ਦੀ ਤਸਕਰੀ ਦੇ ਦੋਸ਼ 'ਚ ਪੰਜ ਭਾਰਤੀ ਅਤੇ ਤਿੰਨ ਸ੍ਰੀਲੰਕਾ ਦੇ
ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤੀ ਮਛੇਰਿਆਂ ਦੀ ਰਿਹਾਈ ਦੇ ਮਾਮਲੇ ਨੂੰ ਲੈ
ਕੇ ਭਾਜਪਾ ਨੇ ਇਸ ਦਾ ਸਿਹਰਾ ਮੋਦੀ ਸਰਕਾਰ ਨੂੰ ਦਿੱਤਾ ਹੈ।
ਦੱਸਣਾ ਬਣਦਾ ਹੈ ਕਿ
ਸ੍ਰੀਲੰਕਾ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜ ਭਾਰਤੀ ਮਛੇਰਿਆਂ ਦੀ ਰਿਹਾਈ ਨੂੰ
ਲੈ ਕੇ ਤਾਮਿਲਨਾਡੂ ਦੇ ਮਛੇਰਿਆਂ ਦੇ ਇਕ ਵਫ਼ਦ ਨੂੰ ਮੰਗਲਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ
ਸਵਰਾਜ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਤੁਰੰਤ ਰਿਹਾਈ ਲਈ ਕੇਂਦਰ ਤੋਂ ਦਖ਼ਲਅੰਦਾਜ਼ੀ ਦੀ
ਮੰਗ ਕੀਤੀ ਸੀ। ਇਸ ਵਫ਼ਦ 'ਚ ਸੂਬਾ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਆਵਾਜਾਈ ਤੇ
ਹਵਾਬਾਜ਼ੀ ਮੰਤਰੀ ਪੋਨ ਰਾਧਾਕ੍ਰਿਸ਼ਨਨ ਵੀ ਸ਼ਾਮਲ ਸਨ। ਵਫ਼ਦ ਨੇ ਕਰੀਬ 90 ਮਿੰਟ ਤੱਕ ਗੱਲਬਾਤ
ਕੀਤੀ ਅਤੇ ਸ੍ਰੀਲੰਕਾ ਦੇ ਅਧਿਕਾਰੀਆਂ ਦੁਆਰਾ ਜ਼ਬਤ ਕਿਸ਼ਤੀਆਂ ਨੂੰ ਛੱਡੇ ਜਾਣ ਲਈ ਵੀ
ਕੇਂਦਰ ਤੋਂ ਦਖ਼ਲ ਦੀ ਮੰਗ ਕੀਤੀ ਸੀ। ਮੀਟਿੰਗ ਤੋਂ ਬਾਅਦ ਰਾਧਾਕ੍ਰਿਸ਼ਨਨ ਨੇ ਕਿਹਾ ਸੀ ਕਿ
ਮਛੇਰਿਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਵਚਨਬੱਧ ਹੈ।