Thu, 21 November 2024
Your Visitor Number :-   7255950
SuhisaverSuhisaver Suhisaver

ਸੂਚਨਾ ਤਕਨੀਕ ਰਾਹੀਂ ਵਿਗਿਆਨਕ ਰਾਹ ਤੋਰੀ ਫੋਰਸ ਦਾ ਨਤੀਜਾ

Posted on:- 10-11-2014

ਬੀ.ਐਸ. ਭੁੱਲਰ/ਬਠਿੰਡਾ : ਰਿਵਾਇਤੀ ਮੁਖਬਰੀ ਦੇ ਉਲਟ ਇਹ ਵਿਦੇਸਾਂ ਤੋਂ ਆਉਣ ਜਾਣ ਵਾਲੀਆਂ ਟੈਲੀਫੋਨ ਕਾਲਾਂ ਅਤੇ ਸੋਸਲ ਮੀਡੀਆ ਤੋਂ ਪ੍ਰਾਪਤ ਵੇਰਵਿਆਂ ਦੇ ਵਿਸ਼ਲੇਸਣ ਦਾ ਹੀ ਸਿੱਟਾ ਹੈ, ਜਿਸ ਦੇ ਚਲਦਿਆਂ ਦਹਿਸ਼ਤਗਰਦੀ ਨੂੰ ਮੁੜ ਸੁਰਜੀਤ ਕਰਨ ਦੇ ਯਤਨਾਂ ਨੂੰ ਬੇਨਕਾਬ ਕਰਨ 'ਚ ਪੰਜਾਬ ਪੁਲਿਸ ਨੂੰ ਉਪਰੋਥਲੀ ਸਫਲਤਾ ਮਿਲ ਰਹੀ ਹੈ।

ਰਮਨਦੀਪ ਸਿੰਘ ਉਰਫ ਸੰਨੀ ਨਾਂ ਦੇ ਜਿਸ ਨੌਜਵਾਨ ਨੂੰ ਕੱਲ੍ਹ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕੀਤੈ, ਉਸ ਵੱਲੋਂ ਕੀਤੇ ਜਾ ਰਹੇ ਫੇਸਬੁੱਕ ਦੇ ਇਸਤੇਮਾਲ ਤੋਂ ਬੇਅੰਤ ਸਿੰਘ ਕਤਲ ਕਾਂਡ ਦੇ ਭਗੌੜੇ ਦੋਸ਼ੀ ਜਗਤਾਰ ਸਿੰਘ ਤਾਰਾ ਨੇ ਇਹ ਭਾਂਪ ਲਿਆ ਸੀ, ਕਿ ਉਹ ਧਾਰਮਿਕ ਬਿਰਤੀ ਵਾਲਾ ਲੜਕਾ ਹੈ। ਤਾਰਾ ਨੇ ਹਰਮਨ ਦੇ ਨਕਲੀ ਨਾਂ ਹੇਠ ਸੰਨੀ ਨੂੰ ਦੋਸਤੀ ਕਰਨ ਦਾ ਫੇਸਬੁੱਕ ਸੁਨੇਹਾ ਭੇਜਿਆ, ਜਿਸ ਨੂੰ ਉਸਨੇ ਪ੍ਰਵਾਨ ਕਰ ਲਿਆ। ਫੇਸਬੁੱਕ ਵਾਰਤਾ ਤੋਂ ਇਹ ਜਾਣਕਾਰੀ ਪ੍ਰਾਪਤ ਕਰਕੇ ਕਿ ਸੰਨੀ ਆਰਥਿਕ ਤੌਰ ਤੇ ਕਾਫ਼ੀ ਕਮਜੋਰ ਹੈ, ਤਾਰਾ ਨੇ ਸੱਚੇ ਹਮਦਰਦ ਵਜੋਂ ਉਸ ਦੀ ਮੱਦਦ ਕਰਨ ਦੀ ਪੇਸ਼ਕਸ਼ ਕਰਦਿਆਂ ਥਾਈਲੈਂਡ ਪੁੱਜਣ ਲਈ ਕਿਹਾ। ਸੰਨੀ ਵੱਲੋਂ ਇਹ ਦੱਸਣ ਤੇ ਕਿ ਉਸ ਕੋਲ ਤਾਂ ਪਾਸਪੋਰਟ ਹੀ ਨਹੀਂ ਹੈ, ਤਾਰਾ ਨੇ ਮੱਧ ਪੂਰਵ ਦੇ ਕਿਸੇ ਦੇਸ਼ ਵਿਚਲੇ ਆਪਣੇ ਸੰਪਰਕ ਸੂਤਰਾਂ ਤੋਂ ਵੈਸਟਰਨ ਯੂਨੀਅਨ ਦੇ ਮਾਧਿਅਮ ਰਾਹੀਂ ਪਹਿਲਾਂ 84 ਸੌ ਰੁਪਏ ਅਤੇ ਬਾਅਦ ਵਿੱਚ ਮੋਬਾਇਲ ਫੋਨ ਖਰੀਦਣ ਲਈ 24 ਹਜ਼ਾਰ ਰੁਪਏ ਦੇ ਕਰੀਬ ਹੋਰ ਭਿਜਵਾ ਦਿੱਤੇ।
ਇਸ ਹਕੀਕਤ ਤੋਂ ਅਣਜਾਣ ਕਿ ਉਹ ਇੱਕ ਖਤਰਨਾਕ ਜਾਲ ਵਿੱਚ ਫਸ ਰਿਹਾ ਹੈ, ਤਾਰਾ ਦੇ ਕਹਿਣ ਤੇ ਸੰਨੀ 25 ਅਪਰੈਲ ਨੂੰ ਬੈਂਕਾਕ ਚਲਾ ਗਿਆ, ਜਿੱਥੇ ਉਸਨੂੰ ਹਵਾਈ ਅੱਡੇ ਦੇ ਨਜਦੀਕ ਇੱਕ ਹੋਟਲ ਵਿੱਚ ਠਹਿਰਾਉਣ ਉਪਰੰਤ ਕੁਝ ਦਿਨ ਬਾਅਦ ਇੱਕ ਹੋਰ ਗੁਆਂਢੀ ਦੇਸ ਭੇਜ ਦਿੱਤਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਥਾਈਲੈਂਡ ਵਿੱਚ 15 ਦਿਨ ਤੋਂ ਵੱਧ ਨਹੀਂ ਸੀ ਰਿਹਾ ਜਾ ਸਕਦਾ।
ਮੁੜ ਥਾਈਲੈਂਡ ਮੰਗਵਾਉਣ ਉਪਰੰਤ ਜਦ ਉਸਨੂੰ ਬੰਬ ਬਣਾਉਣ ਦੀ ਟਰੇਨਿੰਗ ਪ੍ਰਾਪਤ ਕਰਨ ਲਈ ਤਾਰਾ ਨੇ ਕਿਹਾ ਤਾਂ ਸੰਨੀ ਦਾ ਉੱਤਰ ਸੀ, ਕਿ ਉਸਦਾ ਇੱਥੇ ਆਉਣ ਲਈ ਉੱਕਾ ਹੀ ਇਹ ਮਕਸਦ ਨਹੀਂ, ਤਾਂ ਤਾਰਾ ਨੇ ਇਹ ਕਹਿੰਦਿਆਂ ਉਸਨੂੰ ਰਾਜੀ ਕਰ ਲਿਆ ਕਿ ਮੱਦਦ ਹਾਸਲ ਕਰਨ ਵਾਸਤੇ ਪਰਸਪਰ ਸਹਿਯੋਗ ਜ਼ਰੂਰੀ ਹੈ। ਮਾਲੀ ਸੰਕਟ ਦਾ ਭੰਨਿਆ ਪਿਆ ਸੰਨੀ ਉਸਦੇ ਤੰਦੂਆ ਜਾਲ 'ਚ ਫਸ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਾਰਾ ਉਸਨੂੰ ਪਾਕਿਸਤਾਨ ਲਿਜਾ ਕੇ ਇੱਕ ਪ੍ਰਪੱਕ ਦਹਿਸ਼ਤਗਰਦ ਬਣਾਉਣਾ ਚਾਹੁੰਦਾ ਸੀ, ਲੇਕਿਨ ਉਸ ਦੇਸ ਦੇ ਉਲਟ ਹਾਲਾਤਾਂ ਕਾਰਨ ਸੰਨੀ 27 ਮਈ ਨੂੰ ਵਾਪਸ ਬਠਿੰਡਾ ਪਰਤ ਆਇਆ। ਉਦੋਂ ਤੋਂ ਹੀ ਤਾਰਾ ਉਸਨੂੰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਪਰੇਰਿਤ ਕਰਦਾ ਰਿਹਾ, ਲੇਕਿਨ ਅਜਿਹਾ ਕਰਨ ਲਈ ਉਹ ਹੌਸਲਾ ਨਾ ਕਰ ਸਕਿਆ। ਇਸ ਵਰ੍ਹੇ ਦੀ ਜਨਵਰੀ ਤੋਂ ਉਸਦੀ ਗਿਰਫਤਾਰੀ ਤੱਕ ਹੋਈ ਟੈਲੀਫੋਨ ਅਤੇ ਫੇਸਬੁੱਕ ਵਾਰਤਾ ਦੇ ਪੁਲਿਸ ਵੱਲੋਂ ਕੀਤੇ ਵਿਸਲੇਸ਼ਨ ਨੇ ਸੰਨੀ ਨੂੰ ਕਾਨੂੰਨ ਦੇ ਸਿਕੰਜੇ ਵਿੱਚ ਫਸਾ ਦਿੱਤਾ। ਹਰਮੰਦਰ ਸਿੰਘ ਮਿੰਟੂ, ਰਮਨਦੀਪ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਗੋਪੀ ਅਤੇ ਸੰਨੀ ਨੂੰ ਗਿਰਫਤਾਰ ਕਰਨ ਵਿੱਚ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਕੇਂਦਰੀ ਖੁਫ਼ੀਆ ਏਜੰਸੀਆਂ ਦਾ ਆਪਸੀ ਸਹਿਯੋਗ ਬੇਹੱਦ ਕਾਰਗਾਰ ਸਾਬਤ ਹੋਇਆ। ਅਤੀਤ ਵਿੱਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਪੁਲਿਸ ਰਿਵਾਇਤੀ ਮੁਖਬਰਾਂ ਤੋਂ ਸੂਚਨਾਵਾਂ ਇਕੱਤਰ ਕਰਦੀ ਰਹੀ ਹੈ, ਪਰੰਤੂ ਡੀ ਜੀ ਪੀ ਬਣਨ ਉਪਰੰਤ ਸ੍ਰੀ ਸੁਮੈਧ ਸਿੰਘ ਸੈਣੀ ਨੇ ਸੂਚਨਾ ਤਕਨੀਕ ਦੇ ਇਸਤੇਮਾਲ ਨੂੰ ਅਪਨਾ ਕੇ ਆਪਣੀ ਫੋਰਸ ਨੂੰ ਮੁਖ਼ਬਰੀ ਦੇ ਵਿਗਿਆਨਕ ਰਾਹ ਤੇ ਪਾ ਦਿੱਤੈ, ਜਿਸਦੇ ਨਤੀਜੇ ਸਾਹਮਣੇ ਆ ਰਹੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ