ਮੋਦੀ ਕੈਬਨਿਟ ਦੇ ਵਿਸਥਾਰ 'ਚ ਸਿੱਖ ਭਾਈਚਾਰੇ ਨੂੰ ਬਣਦਾ ਹੱਕ ਨਾ ਦੇਣਾ ਦੁਖਦਾਈ : ਖਹਿਰਾ
Posted on:- 10-11-2014
ਚੰਡੀਗੜ੍ਹ : ਕਾਂਗਰਸ
ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹੁਣੇ ਹੁਣੇ ਕੀਤੇ ਗਏ ਮੋਦੀ
ਕੈਬਨਿਟ ਦੇ ਵਿਸਥਾਰ 'ਚ ਸਿੱਖ ਕੌਮ ਨੂੰ ਬਣਦਾ ਹੱਕ ਦੇਣ 'ਚ ਭਾਜਪਾ ਦਾ ਅਸਫਲ ਰਹਿਣਾ
ਅਤਿਅੰਤ ਦੁਖਦਾਈ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ
ਹੁਣੇ ਜਿਹੇ ਕੀਤੇ ਗਏ ਮੋਦੀ ਕੈਬਨਿਟ ਦੇ ਵਿਸਥਾਰ ਵਿੱਚ ਸਿੱਖ ਕੌਮ ਨੂੰ ਕੋਈ ਵੀ ਸਥਾਨ
ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਿੰਮਤੀ, ਜੂਝਾਰੂ ਅਤੇ ਸ਼ਾਨਦਾਰ ਇਤਿਹਾਸ ਵਾਲੀ
ਅਗਾਂਹਵਧੂ ਘੱਟ ਗਿਣਤੀ ਕੌਮ ਨਾਲ ਵਿਤਕਰਾ ਕੀਤਾ ਜਾਣਾ ਭਾਜਪਾ ਵਾਸਤੇ ਬਹੁਤ ਹੀ ਸ਼ਰਮ ਦੀ
ਗੱਲ ਹੈ । ਉਨ੍ਹਾਂ ਕਿਹਾ ਕਿ ਦੱਸਣ ਦੀ ਲੋੜ ਨਹੀਂ ਕਿ ਸਿੱਖਾਂ ਨੇ ਨਾ ਸਿਰਫ ਭਾਰਤ ਦੇ
ਅਜ਼ਾਦੀ ਸੰਘਰਸ਼ ਵਿੱਚ ਭਾਰੀ ਯੋਗਦਾਨ ਪਾਇਆ ਬਲਕਿ ਇਸ ਦੇ ਵਾਧੇ ਅਤੇ ਵਿਕਾਸ ਵਿੱਚ ਅੰਤਾਂ
ਦਾ ਸਹਿਯੋਗ ਕੀਤਾ।
ਉਨ੍ਹਾਂ ਕਿਹਾ ਕਿ ਇੰਝ ਮਹਿਸੂਸ ਹੁੰਦਾ ਹੈ ਕਿ ਮੋਦੀ ਅਤੇ ਭਾਜਪਾ
ਨੇ ਜਾਣ ਬੁੱਝ ਕੇ ਸਿੱਖਾਂ ਦੇ ਬਣਦੇ ਹੱਕ ਨੂੰ ਅੱਖੋ ਪਰੋਖੇ ਸਿਰਫ ਇਸ ਲਈ ਕੀਤਾ ਹੈ ਕਿ
ਉਹ ਦੱਸਣਾ ਚਾਹੁੰਦੇ ਹਨ ਕਿ ਉਹਨਾਂ ਦੀ ਵਿਚਾਰਧਾਰਾ ਵਿੱਚ ਸਿੱਖਾਂ ਵਾਸਤੇ ਕੋਈ ਵੀ
ਸਨਮਾਨਯੋਗ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੀ ਮੋਦੀ ਚਾਹੁੰਦੇ ਤਾਂ ਉਹ
ਭਾਜਪਾ ਕੋਲ ਮੌਜੂਦ ਇੱਕੋ ਇੱਕ ਸੀਨੀਅਰ ਸਿੱਖ ਆਗੂ ਦਾਰਜਲਿੰਗ ਦੇ ਐਮਪੀ ਐਸ.ਐਸ.
ਆਹਲੂਵਾਲੀਆ ਨੂੰ ਆਪਣੀ ਕੈਬਨਿਟ ਵਿੱਚ ਲੈ ਸਕਦੇ ਸਨ। ਉਨ੍ਹਾਂ ਕਿਹਾ ਕਿ ਸ਼੍ਰੀ ਆਹਲੂਵਾਲੀਆ
ਨਾ ਸਿਰਫ ਅਨੇਕ ਵਾਰ ਸੰਸਦ ਮੈਂਬਰ ਬਣੇ ਹਨ ਬਲਕਿ ਉਹਨਾਂ ਪ੍ਰਤੀ ਪੂਰੇ ਦੇਸ਼ ਦੇ ਸਿੱਖ
ਬੇਹੱਦ ਆਦਰ ਭਾਵ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ ਲੱਗਦਾ ਹੈ ਕਿ
ਹਰਸਿਮਰਤ ਕੌਰ ਬਾਦਲ ਨੂੰ ਆਪਣੀ ਕੈਬਨਿਟ ਵਿੱਚ ਮੰਤਰੀ ਵਜੋਂ ਲੈ ਕੇ ਉਹਨਾਂ ਨੇ ਸਿੱਖ ਵਰਗ
ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ ਤਾਂ ਇਹ ਨਾ ਸਿਰਫ ਉਹਨਾਂ ਦੀ ਸੋੜੀ ਸੋਚ ਹੈ
ਬਲਕਿ ਇੱਕ ਵੱਡੀ ਸਿਆਸੀ ਗਲਤੀ ਵੀ ਹੈ, ਕਿਉਂਕਿ ਉਹ ਸਿਰਫ ਬਾਦਲ ਪਰਿਵਾਰ ਦਾ ਦਾਗੀ ਚਿਹਰਾ
ਹੈ ਨਾ ਕਿ ਪੂਰੀ ਸਿੱਖ ਕੌਮ ਦੀ ਢੁੱਕਵੀ ਨੁਮਾਇੰਦਗੀ ਕਰਨ ਵਾਲਾ ਚਿਹਰਾ ਹੈ। ਉਨ੍ਹਾਂ
ਕਿਹਾ ਕਿ ਉਨ੍ਹਾਂ ਦਾ ਇਹ ਕਥਨ ਇਸ ਤਰਕ ਤੋਂ ਪੁਖਤਾ ਸਾਬਿਤ ਹੁੰਦਾ ਹੈ ਕਿ ਬਾਦਲਾਂ,
ਚੌਟਾਲਿਆਂ, ਯਾਦਵਾਂ, ਕਰੁਨਾਨਿਧੀ ਆਦਿ ਵਰਗਿਆਂ ਵੱਲੋਂ ਕੀਤੀ ਜਾ ਰਹੀ ਵੰਸ਼ਵਾਦੀ ਸਿਆਸਤ
ਦੇ ਸ਼੍ਰੀ ਮੋਦੀ ਖੁਦ ਸਖਤ ਵਿਰੋਧੀ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਾਂਗਰਸ ਪਾਰਟੀ
ਵੱਲੋਂ ਸਿੱਖਾਂ ਨੂੰ ਅਲੱਗ ਅਲੱਗ ਸਰਕਾਰੀ ਖੇਤਰ ਵਿੱਚ ਸਨਮਾਨਯੋਗ ਸਥਾਨ ਦੇਣ ਦਾ ਇੱਕ
ਲੰਮਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਮਿਸਾਲ ਦੇ ਤੌਰ 'ਤੇ ਡਾ. ਮਨਮੋਹਨ ਸਿੰਘ ਪਿਛਲੇ
ਦੱਸ ਸਾਲ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਅਤੇ ਬਣੇ ਰਹੇ, ਗਿਆਨੀ ਜੈਲ ਸਿੰਘ ਨੇ ਦੇਸ਼
ਦੇ ਰਾਸ਼ਟਰਪਤੀ ਦਾ ਸਰਵ ਉੱਚ ਅਹੁਦਾ ਨਿਭਾਇਆ, ਜਨਰਲ ਜੇ.ਜੇ.ਸਿੰਘ ਅਤੇ ਹਾਲ ਹੀ ਵਿੱਚ
ਰਿਟਾਇਰ ਹੋਏ ਜਨਰਲ ਬਿਕਰਮ ਸਿੰਘ ਦੋਵਾਂ ਨੂੰ ਹੀ ਹਿੰਦੁਸਤਾਨ ਦੀ ਫੋਜ ਦਾ ਚੀਫ ਆਫ ਆਰਮੀ
ਸਟਾਫ ਨਿਯੁਕਤ ਕੀਤਾ, ਮੋਨਟੇਕ ਸਿੰਘ ਆਹਲੂਵਾਲੀਆ ਅੱਜ ਵੀ ਪਲਾਨਿੰਗ ਕਮਿਸ਼ਨ ਆਫ ਇੰਡੀਆ ਦੇ
ਡਿਪਟੀ ਚੇਅਰਮੈਨ ਹਨ, ਡਾ. ਐਮ.ਐਸ ਗਿੱਲ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਹਿ ਚੁੱਕੇ ਹਨ,
ਗੁਰਦਿਆਲ ਸਿੰਘ ਢਿੱਲੋਂ ਲੋਕ ਸਭਾ ਦੇ ਸਪੀਕਰ ਬਣੇ ਅਤੇ ਮਹਾਨ ਪੁਰਾਣੀ ਪਾਰਟੀ ਕਾਂਗਰਸ
ਵੱਲੋਂ ਸਿੱਖਾਂ ਨੂੰ ਦਿੱਤੇ ਗਏ ਮਾਨ ਸਤਿਕਾਰ ਦੀ ਸੂਚੀ ਹੋਰ ਵੀ ਬਹੁਤ ਲੰਮੀ ਹੈ।
ਉਨ੍ਹਾਂ
ਕਿਹਾ ਕਿ ਇਹ ਸਾਡੇ ਦੇਸ਼ ਦੀ ਪਰੰਪਰਾ ਰਹੀ ਹੈ ਕਿ ਭਾਰਤ ਦੀ ਧਰਮ ਨਿਰਪੱਖਤਾ ਨੂੰ ਮਜਬੂਤ
ਕਰਨ ਲਈ ਨਾ ਸਿਰਫ ਸਿੱਖਾਂ ਬਲਕਿ ਹੋਰ ਵੀ ਘੱਟ ਗਿਣਤੀਆਂ ਜਿਵੇਂ ਕਿ ਮੁਸਲਮਾਨਾਂ,
ਈਸਾਈਆਂ, ਬੋਧੀਆਂ, ਜੈਨੀਆਂ, ਪਾਰਸੀਆਂ ਆਦਿ ਨੂੰ ਮਾਨਯੋਗ ਸਥਾਨ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪਰੰਤੂ ਬਦਕਿਸਮਤੀ ਨਾਲ ਘੱਟ ਗਿਣਤੀਆਂ ਨੂੰ ਨਾ ਸ਼ਾਮਿਲ ਕਰਕੇ ਜਾਂ ਫਿਰ
ਨੁਕਰੇ ਲਗਾ ਕੇ ਮੋਦੀ ਸਰਕਾਰ ਨੇ ਨਾਂਹ ਪੱਖੀ ਸੁਨੇਹਾ ਭੇਜਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਨਾ ਹੀ ਈਸਾਈਆਂ ਨੂੰ ਅਤੇ ਨਾ ਹੀ ਮੁਸਲਮਾਨਾਂ ਨੂੰ ਉਹਨਾਂ ਦੀ ਬਣਦੀ
ਹਿੱਸੇਦਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਕਰਕੇ ਮੋਦੀ ਅਤੇ ਭਾਜਪਾ ਸਿਰਫ
ਉਸ ਪੁਰਾਣੇ ਵਿਸ਼ਵਾਸ ਨੂੰ ਪੁਖਤਾ ਕਰ ਰਹੇ ਹਨ ਕਿ ਭਾਜਪਾ ਘੱਟ ਗਿਣਤੀ ਵਿਰੋਧੀ, ਬਹੁ
ਗਿਣਤੀ ਪੱਖੀ ਅਤੇ ਕੱਟੜਵਾਦੀ ਪਾਰਟੀ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਮੈਂ ਇੱਕ ਸਧਾਰਨ
ਸਿੱਖ ਵਜੋਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਭਾਰਤੀ ਕੈਬਨਿਟ ਨੂੰ ਧਰਮ
ਨਿਰਪੱਖ ਰੂਪ ਦੇਣ ਲਈ ਘੱਟੋ ਘੱਟ ਦੋ ਸਿੱਖ ਮੈਂਬਰਾਂ ਨੂੰ ਇਸ 'ਚ ਸ਼ਾਮਿਲ ਕੀਤਾ ਜਾਵੇ।